‘ਆਪ’ ਦਾ ਪੰਜਾਬ ’ਚ ਆਧਾਰ ਨਹੀਂ, ਕਾਂਗਰਸ ਦਾ ਹੋਵੇਗਾ ਦਿੱਲੀ ਵਰਗਾ ਹਾਲ : ਮਨੋਰੰਜਨ ਕਾਲੀਆ

Monday, Feb 17, 2020 - 11:19 PM (IST)

‘ਆਪ’ ਦਾ ਪੰਜਾਬ ’ਚ ਆਧਾਰ ਨਹੀਂ, ਕਾਂਗਰਸ ਦਾ ਹੋਵੇਗਾ ਦਿੱਲੀ ਵਰਗਾ ਹਾਲ : ਮਨੋਰੰਜਨ ਕਾਲੀਆ

ਲੁਧਿਆਣਾ, (ਗੁਪਤਾ)- ਭਾਜਪਾ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਨੇ ਕਿਹਾ ਕਿ ਪੰਜਾਬ ’ਚ ਆਮ ਆਦਮੀ ਪਾਰਟੀ ਨੂੰ ਲੋਕ ਪਰਖ ਚੁੱਕੇ ਹਨ। ਹੁਣ ਪੰਜਾਬ ’ਚ ‘ਆਪ’ ਦਾ ਕੋਈ ਆਧਾਰ ਨਹੀਂ ਹੈ, ਜਦੋਂਕਿ ਪੰਜਾਬ ’ਚ ਸਾਰੇ ਮੋਰਚਿਆਂ ’ਤੇ ਬੁਰੀ ਤਰ੍ਹਾਂ ਫੇਲ ਸਾਬਤ ਹੋਈ ਕਾਂਗਰਸ ਸਰਕਾਰ ਦਾ ਹਾਲ ਦਿੱਲੀ ਵਰਗਾ ਹੋਵੇਗਾ। ਪੰਜਾਬ ਭਾਜਪਾ ਦੀ ਕਾਰਜਕਾਰਣੀ ਦੇ ਮੈਂਬਰ ਅਰੁਣੇਸ਼ ਮਿਸ਼ਰਾ ਦੇ ਨਿਵਾਸ ’ਤੇ ‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਮਨੋਰੰਜਨ ਕਾਲੀਆ ਨੇ ਕਿਹਾ ਕਿ ਪੰਜਾਬ ਦੇ ਵੱਖ-ਵੱਖ ਹਿੱਸਿਆਂ ’ਚ ਸੀ. ਏ. ਏ. ਦੇ ਵਿਰੋਧ ’ਚ ਕਾਂਗਰਸ ਸਰਕਾਰ ਹਮਾਇਤੀ ਧਰਨੇ ਪ੍ਰਦਰਸ਼ਨ ਹੋ ਰਹੇ ਹਨ, ਜਿਸ ਦਾ ਇੱਕੋ-ਇਕ ਮਕਸਦ ਕਾਂਗਰਸ ਸਰਕਾਰ ਦੀ ਅਸਫਲਤਾ ਤੋਂ ਧਿਆਨ ਹਟਾਉਣਾ ਅਤੇ ਮੋਦੀ ਸਰਕਾਰ ਵਿਰੁੱਧ ਲੋਕਾਂ ’ਚ ਭਰਮ ਪੈਦਾ ਕਰਨਾ ਹੈ, ਜਦੋਂਕਿ ਸੀ. ਏ. ਏ. ਨਾਗਰਿਕਤਾ ਦੇਣ ਦਾ ਕਾਨੂੰਨ ਹੈ, ਨਾਗਰਿਕਤਾ ਲੈਣ ਦਾ ਨਹੀਂ। ਇਸ ਕਾਨੂੰਨ ਨਾਲ ਭਾਰਤ ਦੇ ਮੁਸਲਮਾਨ ਸਮਾਜ ਨੂੰ ਕਿਸੇ ਤਰ੍ਹਾਂ ਦਾ ਕੋਈ ਖਤਰਾ ਨਹੀਂ ਹੈ। ਕੇਂਦਰ ’ਚ ਸੱਤਾ ਜਾਣ ਦੇ ਡਰੋਂ ਕਾਂਗਰਸ ਪਾਰਟੀ ਮੁਸਲਮਾਨਾਂ ’ਚ ਸੀ. ਏ. ਏ. ਖਿਲਾਫ ਭਰਮ ਪੈਦਾ ਕਰ ਰਹੀ ਹੈ ਜਦਕਿ ਦੇਸ਼ ਦੀ ਜਨਤਾ ਇਸ ਕਾਨੂੰਨ ਦੀ ਖੁੱਲ੍ਹ ਕੇ ਹਮਾਇਤ ਕਰ ਰਹੀ ਹੈ। ਕਾਲੀਆ ਨੇ ਕਿਹਾ ਕਿ ਕਾਂਗਰਸ ਦੇ ਵਿਧਾਇਕ ਅਤੇ ਮੰਤਰੀ ਸ਼ਰੇਆਮ ਕਹਿ ਰਹੇ ਹਨ ਕਿ ਮੁੱਖ ਮੰਤਰੀ ਕੋਲ ਉਨ੍ਹਾਂ ਦੀ ਗੱਲ ਸੁਣਨ ਲਈ ਸਮਾਂ ਨਹੀਂ ਹੈ। ਪੰਜਾਬ ’ਚ ਨਾਜਾਇਜ਼ ਮਾਈਨਿੰਗ ਵਧ ਰਹੀ ਹੈ। ਗੁਟਕਾ ਸਾਹਿਬ ਦੀ ਸਹੁੰ ਖਾਣ ਦੇ ਬਾਵਜੂਦ ਮੁੱਖ ਮੰਤਰੀ ਪੰਜਾਬ ’ਚ ਨਸ਼ਿਆਂ ਨੂੰ ਦੂਰ ਕਰਨ ਦੀ ਬਜਾਏ ਆਨਲਾਈਨ ਸ਼ਰਾਬ ਦੀ ਵਿੱਕਰੀ ਰਾਹੀਂ ਨਸ਼ੇ ਨੂੰ ਘਰ-ਘਰ ਪਹੁੰਚਾਉਣ ਵਿਚ ਲੱਗੇ ਹਨ। ਪੰਜਾਬ ਦੀ ਅਰਥਵਿਵਸਥਾ ਬੁਰੀ ਤਰ੍ਹਾਂ ਖੇਰੂ-ਖੇਰੂ ਹੋ ਚੁੱਕੀ ਹੈ। ਵਿੱਤ ਮੰਤਰੀ ਮਨਪ੍ਰੀਤ ਬਾਦਲ ਬੁਰੀ ਤਰ੍ਹਾਂ ਫੇਲ ਹੋ ਚੁੱਕੇ ਹਨ। ਇਸ ਲਈ ਜਨਤਾ ਨੂੰ ਉਨ੍ਹਾਂ ਵੱਲੋਂ ਪੇਸ਼ ਕੀਤੇ ਜਾਣ ਵਾਲੇ ਬਜਟ ਤੋਂ ਕੋਈ ਖਾਸ ਆਸ ਨਹੀਂ ਹੈ। ਇਕ ਸਵਾਲ ਦੇ ਜਵਾਬ ਵਿਚ ਮਨੋਰੰਜਨ ਕਾਲੀਆ ਨੇ ਕਿਹਾ ਕਿ ਕਰੋਡ਼ਾਂ ਰੁਪਏ ਦਾ ਕਾਓ ਸੈੱਸ ਲੈਣ ਦੇ ਬਾਵਜੂਦ ਅੱਜ ਗਊ ਮਾਤਾ ਬੇਸਹਾਰਾ ਹੋ ਕੇ ਸਡ਼ਕਾਂ ’ਤੇ ਘੁੰਮ ਰਹੀ ਹੈ ਅਤੇ ਦੁਰਘਟਨਾਵਾਂ ਦਾ ਕਾਰਨ ਬਣ ਰਹੀ ਹੈ। ਇਸ ਮੌਕੇ ਪੰਜਾਬ ਭਾਜਪਾ ਦੇ ਖਜ਼ਾਨਚੀ ਗੁਰਦੇਵ ਸ਼ਰਮਾ ਦੇਬੀ ਵੀ ਹਾਜ਼ਰ ਸਨ।


author

Bharat Thapa

Content Editor

Related News