ਡੇਢ ਦਰਜਨ ਪਿੰਡਾਂ ਦੀ 6000 ਏਕੜ ਫਸਲ ਹੋਈ ਬਰਬਾਦ
Monday, Aug 19, 2019 - 08:09 PM (IST)

ਮੱਖੂ (ਵਾਹੀ)— ਭਾਖੜਾ ਡੈਮ ਤੋਂ ਛੱਡੇ ਜਾ ਰਹੇ ਭਾਰੀ ਮਾਤਰਾ 'ਚ ਪਾਣੀ ਨਾਲ ਮੱਖੂ ਬਲਾਕ ਦੇ ਕਰੀਬ ਡੇਢ ਪਿੰਡਾਂ ਦੇ ਕਿਸਾਨਾਂ ਦੀ ਸਤਲੁਜ ਦਰਿਆ ਦੇ ਦੋਵਾਂ ਬੰਨ੍ਹਾਂ ਦੇ ਅੰਦਰ 6 ਹਜ਼ਾਰ ਏਕੜ ਦੇ ਲਗਭਗ ਫਸਲ ਬਿਲਕੁਲ ਤਬਾਹ ਹੋ ਗਈ ਹੈ। ਪ੍ਰਭਾਵਿਤ ਖੇਤਰ 'ਚ 8 ਤੋਂ 10 ਫੁੱਟ ਤੱਕ ਪਾਣੀ ਵਹਿ ਰਿਹਾ ਹੈ, ਜਿਸ ਨਾਲ ਝੋਨੇ ਦੀ ਫਸਲ ਤੋਂ ਇਲਾਵਾ ਹਰਾ ਚਾਰਾ ਅਤੇ ਤੂੜੀ ਵੀ ਵਹਿ ਗਈ ਹੈ। ਕਿਸਾਨਾਂ ਦੀਆਂ ਮੋਟਰਾਂ ਅਤੇ ਇੰਜਣ ਸਭ ਪਾਣੀ ਵਿਚ ਡੁੱਬੇ ਹੋਈ ਹਨ। ਅੱਜ ਪ੍ਰਭਾਵਿਤ ਪਿੰਡਾਂ ਖੰਨਾਂ, ਚੱਕ ਖੰਨਾਂ, ਮਾਹਲੇਵਾਲਾ, ਵਾੜਾ ਕਾਲੀ ਰਾਉਣ, ਲਾਲੂਵਾਲਾ, ਵਾੜਾ ਸੁਲੇਵਾਨ, ਟਿੱਬੀ ਤਾਇਬਾਂ, ਟਿੱਬੀ ਰੰਗਾਂ, ਚੱਕ ਮਨੂੰਮਾਛੀ, ਜਮਾਲੀ ਵਾਲਾ, ਮਹਿਮੂਦ ਵਾਲਾ, ਨਿਜ਼ਾਮਦੀਨ ਵਾਲਾ, ਬਹਿਬਲ ਵਾਲਾ, ਸ਼ਾਹਦੀਨ ਵਾਲਾ, ਮਾਮਣੇਵਾਲਾ, ਭੂਪੇ ਵਾਲਾ, ਰੁਕਨੇ ਵਾਲਾ ਕਲਾਂ, ਰੁਕਨੇਵਾਲਾ ਖੁਰਦ, ਹਰਦੋ ਜੰਡ, ਸੰਘੇ ਕੇ ਕਲਾ, ਕੋਟ ਕਾਇਮ ਖਾਂ, ਗੱਟੀ ਹਰੀਕੇ ਆਦਿ ਦੇ ਕਿਸਾਨ ਫਸਲ ਬਰਬਾਦ ਹੋਣ 'ਤੇ ਪ੍ਰਸ਼ਾਸਨ ਵੱਲੋਂ ਸਾਰ ਨਾ ਲਏ ਜਾਣ ਕਰ ਕੇ ਡੂੰਘੀ ਚਿੰਤਾ 'ਚ ਸਨ।
ਹਲਕਾ ਜ਼ੀਰਾ ਦੇ ਇੰਚਾਰਜ ਅਤੇ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਅਵਤਾਰ ਸਿੰਘ ਜ਼ੀਰਾ ਵੱਲੋਂ ਪ੍ਰਭਾਵਿਤ ਖੇਤਰ ਦਾ ਦੌਰਾ ਕੀਤਾ ਗਿਆ ਅਤੇ ਕਿਸਾਨਾਂ ਦੇ ਦੁਖੜੇ ਸੁਣੇ ਗਏ। ਇਸ ਮੌਕੇ ਕਿਸਾਨਾਂ ਨੇ ਜ਼ਿਲਾ ਪ੍ਰਧਾਨ ਨੂੰ ਦੱਸਿਆ ਕਿ ਪਿਛਲੇ ਸਾਲ ਵੀ ਉਨ੍ਹਾਂ ਦੀ ਫਸਲ ਪਾਣੀ ਦੀ ਭੇਟ ਚੜ੍ਹ ਕੇ ਬਰਬਾਦ ਹੋ ਗਈ ਸੀ, ਜਿਸ ਦਾ ਇਕ ਸਾਲ ਬੀਤਣ 'ਤੇ ਵੀ ਅਜੇ ਤੱਕ ਮੁਆਵਜ਼ਾ ਨਹੀਂ ਮਿਲਿਆ।
ਇਸ ਸਮੇਂ ਹੰਸਾ ਸਿੰਘ ਸਾਬਕਾ ਸਰਪੰਚ ਵਾੜਾ ਕਾਲੀ ਰਾਉਂਣ, ਸਿਮਰਨਜੀਤ ਸਿੰਘ ਸੰਧੂ, ਆਸਾ ਸਿੰਘ ਸਾਬਕਾ ਸਰਪੰਚ ਸਿਲੇਵਿੰਡ, ਮਲੂਕ ਸਿੰਘ, ਜੋਬਨਜੀਤ ਸਿੰਘ ਚੱਕੀਆਂ, ਜਰਨੈਲ ਸਿੰਘ ਕੁੱਸੂਵਾਲਾ, ਬੋਹੜ ਸਿੰਘ ਬਹਿਕ ਪਛਾੜੀਆ ਆਦਿ ਵੱਡੀ ਗਿਣਤੀ 'ਚ ਕਿਸਾਨਾਂ ਨੇ ਕਿਹਾ ਕਿ ਅਜੇ ਤੱਕ ਪ੍ਰਸ਼ਾਸਨ ਅਤੇ ਮੌਜੂਦਾ ਸਰਕਾਰ ਨੇ ਹੀ ਸਾਡੀ ਸਾਰ ਨਹੀਂ ਲਈ ਅਤੇ ਨਾ ਹੀ ਕੋਈ ਵੀ ਰਾਹਤ ਪਹੁੰਚਾਈ ਹੈ। ਖਬਰ ਲਿਖੇ ਜਾਣ ਤੱਕ ਪਤਾ ਲਗਾ ਹੈ ਕਿ ਫੌਜ ਦੀ ਟੀਮ ਵੀ ਬਚਾਅ ਕਾਰਜਾਂ ਲਈ ਪ੍ਰਭਾਵਿਤ ਪਿੰਡਾਂ ਵਿਚ ਪਹੁੰਚ ਗਈ ਹੈ।