''ਜ਼ਿਲਾ ਸੰਗਰੂਰ ''ਚ ਆਯੋਜਿਤ 6 ਰੋਜ਼ਗਾਰ ਮੇਲਿਆਂ ਦੌਰਾਨ 3068 ਪ੍ਰਾਰਥੀਆਂ ਨੂੰ ਮਿਲੀਆਂ ਨੌਕਰੀਆਂ''

Friday, Feb 22, 2019 - 08:50 PM (IST)

''ਜ਼ਿਲਾ ਸੰਗਰੂਰ ''ਚ ਆਯੋਜਿਤ 6 ਰੋਜ਼ਗਾਰ ਮੇਲਿਆਂ ਦੌਰਾਨ 3068 ਪ੍ਰਾਰਥੀਆਂ ਨੂੰ ਮਿਲੀਆਂ ਨੌਕਰੀਆਂ''

ਭਵਾਨੀਗੜ,(ਕਾਂਸਲ) : ਪੰਜਾਬ ਸਰਕਾਰ ਦੇ ਮਹੱਤਵਪੂਰਨ ਘਰ-ਘਰ ਰੋਜ਼ਗਾਰ ਮਿਸ਼ਨ ਨੂੰ ਜ਼ਿਲਾ ਸੰਗਰੂਰ 'ਚ ਸਫ਼ਲਤਾ ਨਾਲ ਲਾਗੂ ਕਰਦੇ ਹੋਏ ਆਯੋਜਿਤ ਕੀਤੇ ਗਏ 6 ਮੈਗਾ ਰੋਜ਼ਗਾਰ ਮੇਲਿਆਂ ਦੌਰਾਨ 3068 ਪ੍ਰਾਰਥੀਆਂ ਨੂੰ ਪ੍ਰਾਈਵੇਟ ਕੰਪਨੀਆਂ 'ਚ ਨੌਕਰੀਆਂ ਮਿਲੀਆਂ ਹਨ, ਜੋ ਕਿ ਹੁਨਰਮੰਦ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਦੀ ਮੁਹਿੰਮ 'ਚ ਇਕ ਅਹਿਮ ਪ੍ਰਾਪਤੀ ਹੈ। ਇਹ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਅੱਜ ਗੁਰੂ ਤੇਗ ਬਹਾਦਰ ਕਾਲਜ ਭਵਾਨੀਗੜ•ਵਿਖੇ ਆਯੋਜਿਤ ਕੀਤੇ ਗਏ ਮੈਗਾ ਰੋਜ਼ਗਾਰ ਮੇਲੇ 'ਚ 317 ਪ੍ਰਾਰਥੀਆਂ ਦੀ ਵੱਖ-ਵੱਖ ਕੰਪਨੀਆਂ ਦੁਆਰਾ ਚੋਣ ਕੀਤੀ ਗਈ। 
ਕੈਬਨਿਟ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਭਵਾਨੀਗੜ ਵਿਖੇ ਆਯੋਜਿਤ ਮੈਗਾ ਰੋਜ਼ਗਾਰ ਮੇਲੇ ਦੌਰਾਨ ਨੌਜਵਾਨ ਵਰਗ ਨੇ ਭਰਵਾਂ ਉਤਸ਼ਾਹ ਦਿਖਾਇਆ। ਰੋਜ਼ਗਾਰ ਬਿਊਰੋ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਪ੍ਰਾਰਥੀਆਂ ਨੂੰ ਸਰਕਾਰ ਦੀ ਯੋਜਨਾ ਬਾਰੇ ਜਾਣੂ ਕਰਵਾਇਆ ਅਤੇ ਸਮੇਂ-ਸਮੇਂ 'ਤੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਸੰਗਰੂਰ ਵਿਖੇ ਸਥਾਪਤ ਜ਼ਿਲਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦਾ ਦੌਰਾ ਕਰਨ ਲਈ ਪ੍ਰੇਰਿਤ ਕੀਤਾ। ਅਧਿਕਾਰੀਆਂ ਨੇ ਪ੍ਰਾਰਥੀਆਂ ਨੂੰ ਜਾਣੂ ਕਰਵਾਇਆ ਕਿ ਪੰਜਾਬ ਸਰਕਾਰ ਦੁਆਰਾ ਕਰੀਬ 50 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਬਿਊਰੋ ਨੌਕਰੀਆਂ ਬਾਰੇ ਅਪਟੂਡੇਟ ਜਾਣਕਾਰੀ ਮੁਹੱਈਆ ਕਰਵਾਉਂਦਾ ਹੈ। ਜਿਸ ਦਾ ਵਿਦਿਆਰਥੀ ਵਰਗ ਨੂੰ ਆਪਣਾ ਭਵਿੱਖ ਸੁਨਿਹਰੀ ਬਣਾਉਣ ਲਈ ਜ਼ਰੂਰ ਦੌਰਾ ਕਰਨਾ ਚਾਹੀਦਾ ਹੈ। 
ਡਿਪਟੀ ਕਮਿਸ਼ਨਰ ਥੋਰੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਤੇ ਦੂਰਦਰਸ਼ੀ ਅਗਵਾਈ 'ਚ ਚਲਾਈ ਜਾ ਰਹੀ 'ਘਰ-ਘਰ ਰੋਜ਼ਗਾਰ ਤੇ ਕਾਰੋਬਾਰ ਮਿਸ਼ਨ' ਸਕੀਮ ਨੂੰ ਭਰਪੂਰ ਹੁਲਾਰਾ ਮਿਲਿਆ ਹੈ ਕਿਉਂਕਿ ਜੋ ਇਸ ਸਕੀਮ ਤਹਿਤ ਹਜ਼ਾਰਾਂ ਨੌਜਵਾਨਾਂ ਨੂੰ ਪ੍ਰਾਈਵੇਟ ਕੰਪਨੀਆਂ 'ਚ ਰੋਜ਼ਗਾਰ ਮਿਲ ਚੁੱਕਾ ਹੈ। ਇਸ ਦੇ ਨਾਲ ਹੀ ਇਨ੍ਹਾ 6 ਮੈਗਾ ਰੋਜ਼ਗਾਰ ਮੇਲਿਆਂ ਦੌਰਾਨ 117 ਨੌਜਵਾਨ ਸਵੈ-ਰੋਜ਼ਗਾਰ ਦੀ ਸਹੂਲਤ ਲੈਣ 'ਚ ਕਾਮਯਾਬ ਹੋਏ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਪੋਰਟਲ 'ਤੇ ਬਿਨੇਕਾਰ ਆਪਣੀ ਰਜਿਸਟਰੇਸ਼ਨ ਜ਼ਰੂਰ ਕਰਵਾਉਣ ਤਾਂ ਜੋ ਭਵਿੱਖ 'ਚ ਲੱਗਣ ਵਾਲੇ ਰੋਜ਼ਗਾਰ ਮੇਲਿਆਂ ਦੌਰਾਨ ਉਹ ਵੀ ਹਿੱਸਾ ਲੈ ਸਕਣ ਅਤੇ ਨਾਮੀ ਕੰਪਨੀਆਂ 'ਚ ਰੋਜ਼ਗਾਰ ਹਾਸਲ ਕਰ ਸਕਣ। 


author

Deepak Kumar

Content Editor

Related News