ਖੇਤ ''ਚੋ 36 ਕਿਲੋ ਪੋਸਤ ਦੇ ਬੂਟੇ ਬਰਾਮਦ, ਮਾਮਲਾ ਦਰਜ

Monday, Mar 17, 2025 - 09:15 PM (IST)

ਖੇਤ ''ਚੋ 36 ਕਿਲੋ ਪੋਸਤ ਦੇ ਬੂਟੇ ਬਰਾਮਦ, ਮਾਮਲਾ ਦਰਜ

ਭਵਾਨੀਗੜ੍ਹ, (ਵਿਕਾਸ ਮਿੱਤਲ)- ਪੁਲਸ ਨੇ ਇੱਥੇ ਨਾਭਾ ਰੋਡ 'ਤੇ ਇੱਕ ਖੇਤ 'ਚ ਵੱਡੇ ਪੱਧਰ 'ਤੇ ਬੀਜੇ ਖਸਖਸ/ਪੋਸਤ ਦੇ ਬੂਟੇ ਬਰਾਮਦ ਕੀਤੇ ਹਨ। ਇਸ ਸਬੰਧੀ ਪੁਲਸ ਨੇ ਅਣਪਛਾਤੇ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ। 
                       
ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਭਵਾਨੀਗੜ੍ਹ ਦੇ ਇੰਚਾਰਜ ਇੰਸਪੈਕਟਰ ਗੁਰਨਾਮ ਸਿੰਘ ਨੇ ਦੱਸਿਆ ਕਿ ਏ.ਐੱਸ.ਆਈ. ਸੁਰੇਸ਼ ਕੁਮਾਰ ਆਪਣੇ ਸਾਥੀ ਕਰਮਚਾਰੀਆਂ ਸਮੇਤ ਸੋਮਵਾਰ ਨੂੰ ਜਦੋਂ ਪਿੰਡ ਮਾਝੀ ਦੇ ਬੱਸ ਸਟੈਂਡ ਨੇੜੇ ਮੌਜੂਦ ਸਨ ਤਾਂ ਪੁਲਸ ਨੂੰ ਗੁਪਤ ਸੂਚਨਾ ਮਿਲੀ ਕਿ ਨਾਭਾ ਰੋਡ 'ਤੇ ਇੱਕ ਪੋਲਟਰੀ ਫਾਰਮ ਦੇ ਨਾਲ ਲੱਗਦੇ ਖੇਤ ਵਿਚ ਕਿਸੇ ਵੱਲੋਂ ਪੋਸਤ ਦੇ ਬੂਟਿਆਂ ਦੀ ਬਿਜਾਈ ਕੀਤੀ ਹੋਈ ਹੈ। 

ਥਾਣਾ ਮੁਖੀ ਨੇ ਦੱਸਿਆ ਕਿ ਸੂਚਨਾ ਦੇ ਅਧਾਰ 'ਤੇ ਜਦੋਂ ਪੁਲਸ ਟੀਮ ਨੇ ਮੌਕੇ 'ਤੇ ਪੁੱਜ ਕੇ ਜਾਂਚ ਕੀਤੀ ਤਾਂ ਖੇਤ ਦੀ ਵੱਟ 'ਤੇ ਖਸਖਸ/ਪੋਸਤ ਦੇ ਬੂਟੇ ਉੱਗੇ ਹੋਏ ਮਿਲੇ ਜਿਨ੍ਹਾਂ ਨੂੰ ਪੁੱਟ ਕੇ ਪੁਲਸ ਨੇ ਅਪਣੇ ਕਬਜੇ 'ਚ ਲੈ ਲਿਆ। ਬੂਟਿਆਂ ਦਾ ਵਜਨ 36 ਕਿਲੋ ਦੇ ਕਰੀਬ ਹੈ ਜਿਨ੍ਹਾਂ 'ਤੇ ਛੋਟੇ-ਵੱਡੇ ਡੋਡੇ ਉੱਗੇ ਸਨ। ਥਾਣਾ ਮੁਖੀ ਗੁਰਨਾਮ ਸਿੰਘ ਨੇ ਦੱਸਿਆ ਕਿ ਮਾਮਲੇ ਨੂੰ ਲੈ ਕੇ ਪੁਲਸ ਨੇ ਅਣਪਛਾਤੇ ਵਿਅਕਤੀ ਖਿਲਾਫ਼ ਪਰਚਾ ਦਰਜ ਕਰ ਕੇ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।


author

Rakesh

Content Editor

Related News