ਪਰਾਲੀ ਸਾੜਨ ਵਾਲੇ 32 ਕਿਸਾਨਾਂ ਦੇ ਕੱਟੇ ਚਲਾਨ, 2 ਖਿਲਾਫ਼ ਮਾਮਲਾ ਦਰਜ

11/05/2019 7:48:39 PM

ਮਾਛੀਵਾੜਾ ਸਾਹਿਬ/ਸਮਰਾਲਾ,(ਟੱਕਰ, ਗਰਗ) : ਝੋਨੇ ਦੀ ਪਰਾਲੀ ਤੇ ਨਾੜ ਸਾੜ ਕੇ ਬੇਹੱਦ ਪ੍ਰਦੂਸ਼ਿਤ ਵਾਤਾਵਰਣ ਕਰਨ ਵਾਲੇ ਕਿਸਾਨਾਂ ਖਿਲਾਫ਼ ਹਲਕਾ ਸਮਰਾਲਾ 'ਚ ਪੁਲਸ ਪ੍ਰਸ਼ਾਸਨ ਵਲੋਂ ਸ਼ਿਕੰਜਾ ਕੱਸਿਆ ਜਾ ਰਿਹਾ ਹੈ, ਜਿਸ ਤਹਿਤ ਹੁਣ ਤੱਕ 32 ਕਿਸਾਨਾਂ ਦੇ ਚਲਾਨ ਕੱਟੇ ਜਾ ਚੁੱਕੇ ਹਨ ਅਤੇ 2 ਖਿਲਾਫ਼ ਮਾਮਲਾ ਦਰਜ ਕੀਤਾ ਜਾ ਚੁੱਕਾ ਹੈ। ਅੱਜ ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਡੀ.ਐੱਮ. ਸਮਰਾਲਾ ਗੀਤਿਕਾ ਸਿੰਘ ਨੇ ਦੱਸਿਆ ਕਿ ਪ੍ਰਦੂਸ਼ਣ ਕੰਟਰੋਲ ਵਿਭਾਗ, ਪੁਲਸ ਪ੍ਰਸ਼ਾਸਨ ਦੇ ਅਧਿਕਾਰੀਆਂ ਅਤੇ ਨੋਡਲ ਅਫ਼ਸਰਾਂ ਦੀ ਸੰਯੁਕਤ ਮੀਟਿੰਗ ਹੋਈ ਜਿਸ ਵਿਚ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਅਤੇ ਜਿਨ੍ਹਾਂ ਅੱਗ ਲਗਾਈ ਉਨ੍ਹਾਂ ਉਪਰ ਕਾਰਵਾਈ ਕਰਨ ਬਾਰੇ ਵਿਚਾਰ-ਵਟਾਂਦਰਾ ਹੋਇਆ।

ਐੱਸ.ਡੀ.ਐੱਮ. ਗੀਤਿਕਾ ਸਿੰਘ ਨੇ ਦੱਸਿਆ ਕਿ ਪ੍ਰਦੂਸ਼ਣ ਵਿਭਾਗ ਵਲੋਂ ਜੋ ਟੀਮਾਂ ਬਣਾਈਆਂ ਗਈਆਂ ਹਨ, ਉਨ੍ਹਾਂ ਨੂੰ ਆਨਲਾਈਨ ਜਿੱਥੇ ਵੀ ਪਰਾਲੀ ਨੂੰ ਅੱਗ ਲਗਾਈ ਉਹ ਸਥਾਨ ਦੱਸੇ ਗਏ ਅਤੇ ਟੀਮਾਂ ਨੇ ਉਥੇ ਜਾ ਕੇ ਪ੍ਰਦੂਸ਼ਣ ਪੈਦਾ ਕਰਨ ਵਾਲੇ ਕਿਸਾਨਾਂ ਦੇ ਚਲਾਨ ਕੱਟੇ। ਉਨ੍ਹਾਂ ਦੱਸਿਆ ਕਿ ਹੁਣ ਤੱਕ 32 ਕਿਸਾਨਾਂ ਦੇ ਚਲਾਨ ਕੱਟੇ ਜਾ ਚੁੱਕੇ ਹਨ ਅਤੇ ਇਸ ਤੋਂ ਇਲਾਵਾ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਦੀ ਮਾਲ ਵਿਭਾਗ ਗਿਰਦਾਵਰੀ ਵਿਚ ਲਾਲ ਐਂਟਰੀ ਕਰੇਗਾ, ਜਿਸ ਕਾਰਨ ਕਿਸਾਨਾਂ ਨੂੰ ਆਉਣ ਵਾਲੇ ਸਮੇਂ 'ਚ ਸਰਕਾਰੀ ਯੋਜਨਾਵਾਂ ਦਾ ਲਾਭ ਅਤੇ ਕਰਜ਼ਾ ਲੈਣ ਵਿਚ ਮੁਸ਼ਕਲ ਆ ਸਕਦੀ ਹੈ।

ਉਨ੍ਹਾਂ ਦੱਸਿਆ ਕਿ ਮਾਣਯੋਗ ਸੁਪਰੀਮ ਕੋਰਟ ਤੇ ਪੰਜਾਬ ਸਰਕਾਰ ਦੇ ਸਖਤ ਨਿਰਦੇਸ਼ ਹਨ ਕਿ ਜਿਹੜਾ ਵੀ ਕਿਸਾਨ ਪਰਾਲੀ ਨੂੰ ਅੱਗ ਲਗਾਉਂਦਾ ਹੈ, ਉਸ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ। ਉਹ ਕਿਸਾਨਾਂ ਨੂੰ ਅਪੀਲ ਕਰਦੇ ਹਨ ਕਿ ਪਰਾਲੀ ਨੂੰ ਅੱਗ ਨਾ ਲਗਾਉਣ ਬਲਕਿ ਜ਼ਮੀਨ ਵਿਚ ਹੀ ਵਾਹੁਣ, ਜਿਸ ਨਾਲ ਪ੍ਰਦੂਸ਼ਣ ਨਹੀਂ ਫੈਲੇਗਾ। ਇਸ ਮੌਕੇ ਉਨ੍ਹਾਂ ਨਾਲ ਮੌਜੂਦ ਡੀ.ਐੱਸ.ਪੀ. ਸਮਰਾਲਾ ਐੱਚ.ਐੱਸ. ਮਾਨ ਨੇ ਦੱਸਿਆ ਕਿ ਹੁਣ ਤੱਕ ਸਮਰਾਲਾ ਹਲਕੇ 'ਚ 2 ਕਿਸਾਨਾਂ ਖਿਲਾਫ਼ ਪਰਾਲੀ ਸਾੜਨ ਦਾ ਮਾਮਲਾ ਦਰਜ ਕੀਤਾ ਜਾ ਚੁੱਕਾ ਹੈ ਅਤੇ ਪ੍ਰਸਾਸ਼ਨ ਨਾਲ ਮਿਲ ਕੇ ਪੁਲਸ ਵਿਭਾਗ ਵਾਤਾਵਰਣ ਗੰਧਲਾ ਕਰਨ ਵਾਲੇ ਕਿਸਾਨਾਂ ਉਪਰ ਸਖਤ ਕਾਰਵਾਈ ਕਰੇਗਾ।


Related News