ਆਰਮੀ ਮੈਨ ਬਣ ਕੇ ਅਕਾਊਟੈਂਟ ਨੂੰ ਲਾਇਆ 1.30 ਲੱਖ ਦਾ ਚੂਨਾ
Sunday, Oct 06, 2019 - 11:31 PM (IST)

ਲੁਧਿਆਣਾ, (ਮਹੇਸ਼)- ਖੁਦ ਨੂੰ ਆਰਮੀ ਮੈਨ ਦੱਸ ਕੇ ਓ. ਐੱਲ. ਐਕਸ. ’ਤੇ ਸੈਕਿੰਡ ਹੈਂਡ ਕਾਰ ਵੇਚਣ ਦਾ ਇਸ਼ਤਿਹਾਰ ਦੇ ਕੇ ਅਕਾਊਟੈਂਟ ਨੂੰ 1.30 ਲੱਖ ਰੁਪਏ ਦਾ ਚੂਨਾ ਲਾਉਣ ਦੇ ਦੋਸ਼ ’ਚ ਹੈਬੋਵਾਲ ਪੁਲਸ ਨੇ ਅਜੀਤ ਨਗਰ ਦੇ ਪੀਡ਼ਤ ਮੋਹਿਤ ਕਸ਼ਯਪ ਦੀ ਸ਼ਿਕਾਇਤ ’ਤੇ ਲੱਖਾ ਸਿੰਘ ਨਾਮਕ ਵਿਅਕਤੀ ਦੇ ਖਿਲਾਫ ਠੱਗੀ ਅਤੇ ਆਈ. ਟੀ. ਐਕਟ ਦੇ ਤਹਿਤ ਕੇਸ ਦਰਜ ਕੀਤਾ ਹੈ, ਜਿਸ ਦੀ ਸਾਈਬਰ ਸੈੱਲ ਜਾਂਚ ਕਰ ਰਿਹਾ ਹੈ। ਮੋਹਿਤ ਨੇ ਦੱਸਿਆ ਕਿ 2 ਅਗਸਤ ਨੂੰ ਉਸ ਨੇ ਓ. ਐੱਲ. ਐਕਸ. ’ਤੇ ਸੈਕਿੰਡ ਹੈਂਡ ਇਕ ਕਾਰ ਦਾ ਇਸ਼ਤਿਹਾਰ ਦੇਖਿਆ। ਕਾਰ ਉਸ ਨੂੰ ਪਸੰਦ ਆ ਗਈ। ਇਸ਼ਤਿਹਾਰ ’ਤੇ ਦਿੱਤੇ ਗਏ ਨੰਬਰ ’ਤੇ ਉਸ ਨੇ ਸੰਪਰਕ ਕੀਤਾ। ਫੋਨ ਰਿਸੀਵ ਕਰਨ ਵਾਲੇ ਸਖਸ਼ ਨੇ ਖੁਦ ਨੂੰ ਆਰਮੀ ਮੈਨ ਦੱਸਿਆ। ਉਸ ਨੇ ਦੱਸਿਆ ਕਿ ਉਸ ਦਾ ਨਾਂ ਲੱਖਾ ਸਿੰਘ ਹੈ। ਉਸ ਦੀ ਪੋਸਟਿੰਗ ਆਗਰਾ ’ਚ ਹੋ ਗਈ ਹੈ। ਇਸ ਲਈ ਉਹ ਕਾਰ ਵੇਚਣ ਦਾ ਇਛੁੱਕ ਹੈ। ਕਾਰ ਦੀ ਰਜਿਸਟ੍ਰੇਸ਼ਨ ਲੁਧਿਆਣਾ ਦੀ ਹੈ।
ਮੋਹਿਤ ਨੇ ਦਸਿਆ ਕਿ 1.30 ਲੱਖ ’ਚ ਕਾਰ ਦਾ ਸੌਦਾ ਹੋ ਗਿਆ। ਉਸ ਨੇ ਆਪਣੀ ਤਸੱਲੀ ਲਈ ਕਾਰ ਦੀ ਰਜਿਸਟ੍ਰੇਸ਼ਨ ਕਾਪੀ ਅਤੇ ਉਸ ਦੀ ਫੋਟੋ ਵਟਸਅੈਪ ਕਰਨ ਨੂੰ ਕਿਹਾ। ਉਸ ਨੇ ਰਜਿਸਟ੍ਰੇਸ਼ਨ ਕਾਪੀ ਅਤੇ ਆਰਮੀ ਦੀ ਵਰਦੀ ਪਾਈ 2 ਫੋਟੋ ਉਸ ਨੂੰ ਭੇਜ ਦਿੱਤੀਆਂ। ਉਸ ਤੋਂ ਬਾਅਦ ਮੋਹਿਤ ਨੇ ਉਸ ਨੂੰ ਕਾਰ ਦਾ ਵੀਡੀਓ ਕਲਿਪ ਬਣਾ ਕੇ ਭੇਜਣ ਨੂੰ ਕਿਹਾ। ਦੋਸ਼ੀ ਨੇ ਉਹ ਵੀ ਉਸ ਨੂੰ ਭੇਜ ਦਿੱਤਾ। ਜਿਸ ਤੋਂ ਬਾਅਦ ਉਹ ਉਸ ਦੇ ਜਾਲ ’ਚ ਫਸਦਾ ਚਲਾ ਗਿਆ। ਉਸ ਨੇ ਦੱਸਿਆ ਕਿ ਇਸ ਤੋਂ ਬਾਅਦ ਦੋਸ਼ੀ ਨੇ 2000 ਰੁਪਏ ਅੈਡਵਾਂਸ ਦੇ ਰੂਪ ’ਚ ਆਪਣੇ ਪੇ. ਟੀ. ਐੱਮ. ਖਾਤੇ ’ਚ ਪੁਆ ਲਏ। ਇਸ ਤੋਂ ਬਾਅਦ ਟਰਾਂਸਪੋਰਟੇਸ਼ਨ ਦੇ ਨਾਂ ’ਤੇ ਪਹਿਲਾਂ 6000, ਫਿਰ 9000 ਰੁਪਏ ਦੋਸ਼ੀ ਨੇ ਆਪਣੇ ਖਾਤੇ ’ਚ ਟਰਾਂਸਫਰ ਕਰਵਾਏ।
ਮੋਹਿਤ ਨੇ ਦੱਸਿਆ ਕਿ ਆਰਮੀ ਮੈਨ ਹੋਣ ਕਾਰਣ ਉਹ ਉਸ ’ਤੇ ਅੱਖਾਂ ਬੰਦ ਕਰ ਕੇ ਵਿਸ਼ਵਾਸ ਕਰ ਰਿਹਾ ਸੀ, ਉਸ ਨੇ ਸੁਪਨੇ ’ਚ ਵੀ ਨਹੀਂ ਸੋਚਿਆ ਸੀ ਕਿ ਉਸ ਨੂੰ ਧੋਖਾ ਦੇਵੇਗਾ। ਇਸ ਤੋਂ ਬਾਅਦ ਦੋਸ਼ੀ ਨੇ ਉਸ ਨੂੰ ਟਰਾਂਸਪੋਰਟਰ ਦੀ ਸਲਿੱਪ ਭੇਜੀ ਤਾਂ ਕਿ ਪੂਰਾ ਵਿਸ਼ਵਾਸ ਹੋ ਜਾਵੇ ਕਿ ਕਾਰ ਨੂੰ ਆਗਰਾ ਤੋਂ ਭੇਜ ਦਿੱਤਾ ਗਿਆ ਹੈ। ਦੋਸ਼ੀ ਨੇ ਹੌਲੀ-ਹੌਲੀ ਪੂਰੀ ਰਕਮ 1.30 ਲੱਖ ਰੁਪਏ ਆਪਣੇ ਖਾਤੇ ’ਚ ਟਰਾਂਸਫਰ ਕਰਵਾ ਲਈ। ਇਸ ਤੋਂ ਬਾਅਦ ਵੀ ਉਸ ਨੂੰ ਕਾਰ ਦੀ ਡਲਿਵਰੀ ਨਹੀਂ ਮਿਲੀ। ਇਸ ਤੋਂ ਬਾਅਦ ਜਦ ਉਸ ਨੇ ਦੋਸ਼ੀ ਨਾਲ ਸੰਪਰਕ ਕੀਤਾ ਤਾਂ ਦੋਸ਼ੀ ਨੇ ਉਸ ਨੂੰ 20,000 ਰੁਪਏ ਹੋਰ ਉਸ ਦੇ ਖਾਤੇ ’ਚ ਪਾਉਣ ਨੂੰ ਕਿਹਾ। ਇਸ ’ਤੇ ਉਸ ਨੇ ਹੱਥ ਖਡ਼੍ਹੇ ਕਰ ਦਿੱਤੇ। ਦੋਸ਼ੀ ਨੂੰ ਮਿਲਣ ਅਤੇ ਕਾਰ ਲੈਣ ਖੁਦ ਆਗਰਾ ਗਿਆ ਸੀ ਪਰ ਉਸ ਦੇ ਹੱਥ ਕੁਝ ਨਹੀਂ ਲੱਗਾ। ਫੋਨ ’ਤੇ ਦੋਸ਼ੀ ਨਾਲ ਸੰਪਰਕ ਕੀਤਾ ਤਾਂ ਉਸ ਨੇ ਖੂਬ ਘੁਮਾਇਆ। ਇਸ ਤੋਂ ਬਾਅਦ ਉਸ ਨੂੰ ਆਪਣੇ ਨਾਲ ਹੋਈ ਠੱਗੀ ਦਾ ਅਹਿਸਾਸ ਹੋਇਆ ਤਾਂ ਪੁਲਸ ਨੂੰ ਸ਼ਿਕਾਇਤ ਦਿੱਤੀ।