ਮਾਨ ਪਾਕਿਸਤਾਨ ਸ਼ਿਫਟ ਕਿਉਂ ਨਹੀਂ ਹੋ ਜਾਂਦੇ: ਬਖ਼ਸ਼ੀ
Wednesday, Apr 22, 2026 - 11:28 PM (IST)
ਅੰਮ੍ਰਿਤਸਰ - ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਮੁਖੀ ਸਿਮਰਨਜੀਤ ਸਿੰਘ ਮਾਨ ਹਮੇਸ਼ਾ ਹੀ ਭਾਰਤ ਵਿਰੋਧੀ ਬਿਆਨਬਾਜ਼ੀ ਕਰਦੇ ਨਜ਼ਰ ਆਉਂਦੇ ਹਨ। ਹਾਲ ਹੀ ਵਿਚ ਉਨ੍ਹਾਂ ਵੱਲੋਂ ਇਕ ਪਾਸੇ ਪਾਕਿਸਤਾਨੀ ਫੌਜ ਮੁਖੀ ਨੂੰ ਨੋਬਲ ਸ਼ਾਂਤੀ ਪੁਰਸਕਾਰ ਦੇਣ ਦੀ ਗੱਲ ਕਹੀ ਗਈ ਅਤੇ ਦੂਜੇ ਪਾਸੇ ਭਾਰਤ ਦੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਵਿਰੁੱਧ ਬਿਆਨਬਾਜ਼ੀ ਕੀਤੀ ਗਈ। ਇਹ ਦਰਸਾਉਂਦਾ ਹੈ ਕਿ ਮਾਨ ਸਾਹਿਬ ਨੂੰ ਪਾਕਿਸਤਾਨ ਨਾਲ ਕੁਝ ਜ਼ਿਆਦਾ ਹੀ ਲਗਾਵ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸਿੱਖ ਬ੍ਰਦਰਹੁੱਡ ਇੰਟਰਨੈਸ਼ਨਲ ਦੇ ਸਕੱਤਰ ਜਨਰਲ ਗੁਣਜੀਤ ਸਿੰਘ ਬਖ਼ਸ਼ੀ ਨੇ ਸਿਮਰਨਜੀਤ ਸਿੰਘ ਮਾਨ ਨੂੰ ਪਾਕਿਸਤਾਨ ਜਾ ਕੇ ਰਹਿਣ ਦੀ ਸਲਾਹ ਦਿੱਤੀ ਹੈ।
ਗੁਣਜੀਤ ਸਿੰਘ ਬਖ਼ਸ਼ੀ ਨੇ ਕਿਹਾ ਕਿ ਇਹ ਵੱਡੀ ਹੈਰਾਨੀ ਦੀ ਗੱਲ ਹੈ ਕਿ ਭਾਰਤ ਵਿਚ ਰਹਿ ਕੇ ਹੀ ਮਾਨ ਵਰਗੇ ਲੋਕ ਦੇਸ਼ ਪ੍ਰਤੀ ਨਫ਼ਰਤ ਰੱਖਦੇ ਹਨ। ਉਨ੍ਹਾਂ ਕਿਹਾ ਕਿ ਜਿਸ ਤਰੀਕੇ ਨਾਲ ਮਾਨ ਨੇ ਪ੍ਰੈੱਸ ਦੇ ਸਾਹਮਣੇ ਪਾਕਿਸਤਾਨ ਦਾ ਗੁਣਗਾਨ ਕੀਤਾ, ਉਹ ਬਹੁਤ ਚਿੰਤਾ ਦਾ ਵਿਸ਼ਾ ਹੈ। ਪੰਜਾਬ ਵਰਗੇ ਸੰਵੇਦਨਸ਼ੀਲ ਰਾਜ ਵਿਚ, ਜਿੱਥੇ ਅਤੀਤ ਵਿਚ ਅਲੱਗ-ਵਧ ਅਤੇ ਅੱਤਵਾਦ ਨੇ ਗਹਿਰੀ ਚੋਟ ਪਹੁੰਚਾਈ ਹੈ, ਉੱਥੇ ਇਸ ਤਰ੍ਹਾਂ ਦੀ ਭਾਸ਼ਾ ਨਾ ਕੇਵਲ ਗੈਰ-ਜ਼ਿੰਮੇਵਾਰਾਨਾ ਹੈ, ਸਗੋਂ ਖ਼ਤਰਨਾਕ ਵੀ ਹੈ।
