ਸੜਕ ਹਾਦਸੇ ''ਚ ਨੌਜਵਾਨ ਦੀ ਮੌਤ ਤੋਂ 2 ਮਹੀਨੇ ਬਾਅਦ ਵੀ ਦੋਸ਼ੀ ਨਹੀਂ ਹੋਏ ਗ੍ਰਿਫਤਾਰ

07/21/2017 8:44:44 PM

ਚੌਕ ਮਹਿਤਾ (ਕੈਪਟਨ)- ਕਰੀਬ 2 ਮਹੀਨੇ ਪਹਿਲਾ ਇਕ 22 ਸਾਲਾ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ ਹੋ ਜਾਣ ਤੇ ਇਨਸਾਫ ਦੀ ਮੰਗ ਕਰ ਰਹੇ ਬਜੁਰਗ ਮਾਪੇ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਦੇਖੇ ਗਏ, ਤਰਲੋਚਨ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਸਦਾਰੰਗ (ਗੁਰਦਾਸਪੁਰ) ਨੇ ਦੱਸਿਆ ਕਿ 17 ਮਈ ਨੂੰ ਮੇਰਾ ਪੁੱਤਰ ਜਸਪ੍ਰੀਤ ਸਿੰਘ ਸਾਬੀ (22) ਜੋ ਚੌਕ ਮਹਿਤਾ ਵਿਖੇ ਗੁਰੁ ਤੇਗ ਬਹਾਦਰ ਵੈਲਡਿੰਗ ਵਰਕਸ ਦੀ ਦੁਕਾਨ 'ਤੇ ਕੰਮ ਕਰਦਾ ਸੀ, ਦੁਕਾਨ ਮਾਲਕ ਦੇ ਕਹਿਣ ਤੇ ਨਜਦੀਕੀ ਪਿੰਡ ਰੱਖੇਸ਼ਾਹ ਵਿਖੇ ਕੰਮ ਕਰਨ ਲਈ ਗਿਆ, ਸ਼ਾਮ ਕਰੀਬ 7 ਵਜੇ ਕੰਮ ਤੋਂ ਵਾਪਸ ਆਉਂਦੇ ਸਮੇਂ ਮਹਿਤਾ ਬਾਬਾ ਬਕਾਲਾ ਸਾਹਿਬ ਮੇਨ ਰੋਡ ਤੇ ਪਿੱਛੋਂ ਆ ਰਹੇ ਜੀਟਰ ਟ੍ਰੈਕਟਰ-ਟਰਾਲੇ ਜਿਸ 'ਤੇ ਲੱਕੜਾਂ ਲੱਦੀਆਂ ਹੋਈਆਂ ਸਨ, ਵੱਲੋਂ ਫੇਟ ਮਾਰਨ 'ਤੇ ਉਸ ਦੀ ਮੌਤ ਹੋ ਗਈ, ਪੀੜਤ ਤਰਲੋਚਨ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਅਸੀਂ ਥਾਣਾ ਮਹਿਤਾ ਵਿਖੇ ਰਿਪੋਰਟ ਦਰਜ ਕਰਵਾ ਦਿੱਤੀ ਸੀ, ਕੁਝ ਸਮੇਂ ਬਾਦ ਅਸੀਂ ਤੇ ਥਾਣਾ ਮਹਿਤਾ ਨੇ ਉਕਤ ਟ੍ਰੈਕਟਰ ਟਰਾਲੇ ਦੀ ਪਛਾਣ ਕਰ ਲਈ, ਪਰ ਅੱਜ ਕਰੀਬ 2 ਮਹੀਨੇ ਤੋਂ ਵੱਧ ਸਮਾਂ ਬੀਤਣ ਤੋਂ ਬਾਅਦ ਵੀ ਸਾਨੂੰ ਆਪਣੇ ਨੌਜਵਾਨ ਪੁੱਤਰ ਦੀ ਮੌਤ ਦਾ ਇਨਸਾਫ ਨਹੀ ਮਿਲ ਰਿਹਾ, ਉਨ੍ਹਾਂ ਕਿਹਾ ਕਿ ਥਾਣਾ ਮਹਿਤਾ ਵੱਲੋਂ ਕੋਈ ਕਾਰਵਾਈ ਕਰਨ ਦੀ ਬਜਾਏ ਹਮੇਸ਼ਾਂ ਸਾਨੂੰ ਹੀ ਟਾਲ ਮਟੋਲ ਕੀਤਾ ਜਾਂਦਾ ਰਿਹਾ, ਮ੍ਰਿਤਕ ਜਸਪ੍ਰੀਤ ਸਿੰਘ ਦੇ ਅਪੰਗ ਪਿਤਾ ਨੇ ਪੰਜਾਬ ਸਰਕਾਰ ਅਤੇ ਉੱਚ ਅਧਿਕਾਰੀਆਂ ਤੋਂ ਇਨਸਾਫ ਦੀ ਮੰਗ ਕੀਤੀ। 
ਐੱਸ.ਐੱਚ.ਓ ਮਹਿਤਾ ਪਰਮਜੀਤ ਸਿੰਘ ਨਾਲ ਸੰਪਰਕ ਕਰਨ ਤੇ ਉਨ੍ਹਾਂ ਕਿਹਾ ਕਿ ਦੋਸ਼ੀਆਂ ਦੀ ਸ਼ਨਾਖਤ ਹੋ ਚੁੱਕੀ ਹੈ, ਬਹੁਤ ਜਲਦ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।ਐੱਸ.ਐੱਸ.ਪੀ (ਦਿਹਾਤੀ) ਪਰਮਪਾਲ ਸਿੰਘ ਨਾਲ ਗੱਲ ਕਰਨ ਤੇ ਉਨ੍ਹਾਂ ਕਿਹਾ ਕਿ ਇਹ ਕੇਸ ਮੇਰੇ ਧਿਆਨ ਤੋਂ ਬਾਹਰ ਸੀ, ਦੋਸ਼ੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰ ਕੇ ਪੀੜਤਾਂ ਨੂੰ ਇਨਸਾਫ ਦਿੱਤਾ ਜਾਵੇਗਾ।


Related News