ਅੰਮ੍ਰਿਤਸਰ 'ਚ ਵਿਧਾਇਕ ਦੀ ਸ਼ਿਕਾਇਤ ਤੋਂ ਬਾਅਦ 2 ਅਧਿਆਪਕਾਂ ਦੇ ਤਬਾਦਲੇ, ਜਾਣੋ ਕੀ ਹੈ ਪੂਰਾ ਮਾਮਲਾ

Friday, Feb 17, 2023 - 12:15 PM (IST)

ਅੰਮ੍ਰਿਤਸਰ 'ਚ ਵਿਧਾਇਕ ਦੀ ਸ਼ਿਕਾਇਤ ਤੋਂ ਬਾਅਦ 2 ਅਧਿਆਪਕਾਂ ਦੇ ਤਬਾਦਲੇ, ਜਾਣੋ ਕੀ ਹੈ ਪੂਰਾ ਮਾਮਲਾ

ਅੰਮ੍ਰਿਤਸਰ (ਦਲਜੀਤ)- ਬਲਾਕ ਅਟਾਰੀ 'ਚ ਪੜ੍ਹਾਉਂਦੇ ਸਰਕਾਰੀ ਐਲੀਮੈਂਟਰੀ ਸਕੂਲ ਰਾਮੂਵਾਲ ਦੇ ਅਧਿਆਪਕਾਂ ਦਾ ਆਪਸੀ ਵਿਵਾਦ ਸਿਖਰ ’ਤੇ ਪਹੁੰਚ ਗਿਆ ਹੈ। ਪਿੰਡ ਵਾਸੀਆਂ ਵੱਲੋਂ ਵਿਧਾਇਕ ਦੇ ਧਿਆਨ ਵਿਚ ਮਾਮਲਾ ਲਿਆਉਣ ਤੋਂ ਬਾਅਦ ਸਿੱਖਿਆ ਵਿਭਾਗ ਵੱਲੋਂ ਸਕੂਲ ਦੇ ਦੋ ਅਧਿਆਪਕਾਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ।

ਇਸ ਮਾਮਲੇ ਦਾ ਸਖ਼ਤ ਨੋਟਿਸ ਲੈਂਦਿਆਂ ਵਿਭਾਗ ਨੇ ਸਕੂਲ ਦੇ ਵਿਕਾਸ ਲਈ ਜਾਰੀ ਗਰਾਂਟ ਅਤੇ ਸਕੂਲ ਵਿਚ ਦਾਖ਼ਲ ਹੋਏ ਵਿਦਿਆਰਥੀਆਂ ਦੀ ਗਿਣਤੀ ਦੀ ਜਾਂਚ ਦੇ ਹੁਕਮ ਦਿੱਤੇ ਹਨ। ਜਾਣਕਾਰੀ ਅਨੁਸਾਰ ਸਰਕਾਰੀ ਐਲੀਮੈਂਟਰੀ ਸਕੂਲ ਰਾਮੂਵਾਲ ਦੇ ਦੋ ਅਧਿਆਪਕਾਂ ਵਿਚਕਾਰ ਹੋਈ ਬਹਿਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਸੀ। ਇਸ ਦੌਰਾਨ ਇਲਾਕੇ ਦੇ ਵਿਧਾਇਕ ਜਸਵਿੰਦਰ ਸਿੰਘ ਰਮਦਾਸ ਸਕੂਲ ਦਾ ਮੁਆਇਨਾ ਕਰਨ ਲਈ ਪਹੁੰਚੇ ਤਾਂ ਉਨ੍ਹਾਂ ਦੀ ਪਬਲਿਕ ਮੀਟਿੰਗ ਦੌਰਾਨ ਪਿੰਡ ਵਾਸੀਆਂ ਨੇ ਇੱਕ ਅਧਿਆਪਕ ਖ਼ਿਲਾਫ਼ ਵਿਧਾਇਕ ਨੂੰ ਸ਼ਿਕਾਇਤ ਕੀਤੀ ਕਿ ਉਹ ਪਿੰਡ ਵਾਸੀਆਂ ਦੀ ਗੱਲ ਨਹੀਂ ਸੁਣਦਾ ਅਤੇ ਸਕੂਲ 'ਚ ਵਿਦਿਆਰਥੀਆਂ ਦੀ ਗਿਣਤੀ ਬਹੁਤ ਘੱਟ ਹੈ।

ਇਹ ਵੀ ਪੜ੍ਹੋ- ਤਰਨਤਾਰਨ ਵਿਖੇ ਸਕੂਲ ਵੈਨ ਤੇ ਮੋਟਰ ਸਾਈਕਲ ਵਿਚਾਲੇ ਭਿਆਨਕ ਟੱਕਰ, ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ

ਵਿਧਾਇਕ ਰਾਮਦਾਸ ਨੇ ਤੁਰੰਤ ਇਸ ਮਾਮਲੇ ਦਾ ਸਖ਼ਤ ਨੋਟਿਸ ਲੈਂਦਿਆਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਇਸ ਦੌਰਾਨ ਸਕੂਲ ਦੇ ਦੋ ਅਧਿਆਪਕਾਂ ਵਿਚਾਲੇ ਹੋਈ ਬਹਿਸ ਦੀ ਵੀਡੀਓ ਵੀ ਵਿਧਾਇਕ ਕੋਲ ਪੁੱਜੀ। ਵਿਧਾਇਕ ਨੇ ਅਧਿਕਾਰੀਆਂ ਨੂੰ ਇਸ ਮਾਮਲੇ ਦੀ ਜਾਂਚ ਕਰਨ ਲਈ ਕਿਹਾ ਹੈ। ਵਿਭਾਗ ਵੱਲੋਂ ਕੀਤੀ ਗਈ ਜਾਂਚ ਵਿੱਚ ਦੋ ਅਧਿਆਪਕਾਂ ਦੇ ਤਬਾਦਲੇ ਕਰ ਦਿੱਤੇ ਗਏ ਹਨ ਅਤੇ ਸਕੂਲ ਲਈ ਜਾਰੀ ਹੋਈ ਗ੍ਰਾਂਟ ਅਤੇ ਦਾਖ਼ਲੇ ਦੇ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ।

ਦੂਜੇ ਪਾਸੇ ਜਗ ਬਾਣੀ ਨਾਲ ਗੱਲਬਾਤ ਕਰਦਿਆਂ ਵਿਧਾਇਕ ਜਸਵਿੰਦਰ ਸਿੰਘ ਰਮਦਾਸ ਨੇ ਕਿਹਾ ਕਿ ਮੇਰਾ ਹਲਕਾ ਮੇਰਾ ਪਰਿਵਾਰ ਹੈ, ਮੇਰੇ ਇਲਾਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਾ ਮੇਰੀ ਪਹਿਲ ਹੈ, ਮੇਰੇ ਪਿੰਡ ਵਾਸੀਆਂ ਵਲੋਂ ਜਿਹੜੀ ਸਮੱਸਿਆ ਪਿੰਡ ਰਾਮੂਵਾਲ ਸਕੂਲ ਦੀ ਮੇਰੇ ਧਿਆਨ ਵਿਚ ਲਿਆਂਦੀ ਗਈ। ਇਸ ਦਾ ਨੋਟਿਸ ਲੈਂਦਿਆਂ ਮੈਂ ਤੁਰੰਤ ਅਧਿਕਾਰੀਆਂ ਨੂੰ ਜਾਂਚ ਦੇ ਹੁਕਮ ਦਿੱਤੇ, ਜਿਸ ਤੋਂ ਬਾਅਦ ਅਧਿਆਪਕਾਂ ਦਾ ਤਬਾਦਲਾ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸਕੂਲ ਵਿੱਚ ਹੁਣ ਤੱਕ ਜਾਰੀ ਹੋਈ ਗ੍ਰਾਂਟ ਕਿੱਥੇ ਅਤੇ ਕਿੰਨੀ ਖਰਚੀ ਗਈ ਹੈ ਅਤੇ ਪਿਛਲੇ ਸਮੇਂ ਵਿੱਚ ਕਿੰਨੇ ਬੱਚੇ ਸਕੂਲ ਵਿੱਚ ਦਾਖਲ ਹੋਏ ਹਨ, ਇਸ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਲਾਪ੍ਰਵਾਹੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਇਹ ਵੀ ਪੜ੍ਹੋ- ਤਰਨਤਾਰਨ 'ਚ ਸ਼ਰੇਆਮ ਕੁੜੀ ਨੂੰ ਘਰੋਂ ਅਗਵਾ ਕਰਕੇ ਲੈ ਗਏ ਤਿੰਨ ਨੌਜਵਾਨ, ਮਾਪਿਆਂ ਦਾ ਰੋ-ਰੋ ਬੁਰਾ ਹਾਲ

ਦੂਜੇ ਪਾਸੇ ਜ਼ਿਲਾ ਸਿੱਖਿਆ ਅਫ਼ਸਰ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਵਿਧਾਇਕ ਵੱਲੋਂ ਜਾਰੀ ਹਦਾਇਤਾਂ ਤੋਂ ਬਾਅਦ ਕੀਤੀ ਗਈ ਜਾਂਚ ਵਿੱਚ ਬਲਾਕ ਸਿੱਖਿਆ ਅਫ਼ਸਰ ਚੋਗਾਵਾ ਨੂੰ ਜਾਂਚ ਦੇ ਹੁਕਮ ਦੇਣ ਦੇ ਨਾਲ-ਨਾਲ ਦੋਵਾਂ ਅਧਿਆਪਕਾਂ ਦੇ ਤਬਾਦਲੇ ਕੀਤੇ ਗਏ ਹਨ, ਸਕੂਲ ਵਿਚ ਹੁਣ ਤੱਕ ਜਾਰੀ ਗ੍ਰਾਂਟ ਅਤੇ ਸਕੂਲ 'ਚ ਹੁਣ ਤੱਕ ਦਾਖ਼ਲ ਹੋਏ ਵਿਦਿਆਰਥੀਆਂ ਦੀ ਗਿਣਤੀ ਬਾਰੇ ਰਿਪੋਰਟ ਮੰਗੀ ਗਈ ਹੈ। ਰਿਪੋਰਟ 'ਚ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ। ਸਿੱਖਿਆ ਅਧਿਕਾਰੀ ਨੇ ਕਿਹਾ ਕਿ ਲਾਪ੍ਰਵਾਹੀ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


author

Shivani Bassan

Content Editor

Related News