ਟ੍ਰੈਫਿਕ ਪੁਲਸ ਵੱਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ
Sunday, Jan 05, 2025 - 06:52 PM (IST)
ਤਰਨਤਾਰਨ (ਵਾਲੀਆ)-ਐੱਸ. ਐੱਸ. ਪੀ. ਅਭਿਮਨਿਊ ਰਾਣਾ, ਐੱਸ. ਪੀ. (ਟ੍ਰੈਫਿਕ) ਪਰਵਿੰਦਰ ਕੌਰ ਦੀਆਂ ਹਦਾਇਤਾਂ ’ਤੇ ਟ੍ਰੈਫਿਕ ਇੰਚਾਰਜ ਰਾਣੀ ਕੌਰ ਦੀ ਅਗਵਾਈ ਵਿਚ ਟ੍ਰੈਫਿਕ ਪੁਲਸ ਤਰਨਤਾਰਨ ਵੱਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ ਗਏ। ਇਸ ਮੌਕੇ ਵਾਹਨ ਚਾਲਕਾਂ ਨੂੰ ਰੋਕ ਕੇ ਉਨ੍ਹਾਂ ਪਾਸੋਂ ਵਾਹਨਾਂ ਦੇ ਕਾਗਜ਼ ਪੱਤਰਾਂ ਦੀ ਚੈਕਿੰਗ ਕੀਤੀ ਗਈ ਅਤੇ ਜਿਨ੍ਹਾਂ ਪਾਸ ਕਾਗਜ਼ ਪੱਤਰ ਅਧੂਰੇ ਸਨ, ਉਨ੍ਹਾਂ ਦੇ ਚਲਾਨ ਕੱਟੇ ਗਏ।
ਇਸ ਮੌਕੇ ਜਾਣਕਾਰੀ ਦਿੰਦਿਆਂ ਟ੍ਰੈਫਿਕ ਇੰਚਾਰਜ ਰਾਣੀ ਕੌਰ ਨੇ ਦੱਸਿਆ ਕਿ ਸ਼ਹਿਰ ਵੱਖ-ਵੱਖ ਚੌਕਾਂ ’ਚ ਨਾਕੇ ਲਗਾ ਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਜੋ ਵਾਹਨ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ, ਉਨ੍ਹਾਂ ਦੇ ਚਲਾਨ ਕੱਟੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਬੁਲਟ ਮੋਟਰਸਾਈਕਲ ’ਤੇ ਪਟਾਕੇ ਮਾਰਨ ਵਾਲੇ ਨੌਜਵਾਨਾਂ ਨੂੰ ਘੇਰ ਕੇ ਬੁਲਟ ਮੋਟਰਸਾਈਕਲ ਦੇ ਸਲੰਸਰਾਂ ਨੂੰ ਚੈਕ ਕੀਤਾ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਤੋਂ ਨਿਕਲਣ ਸਮੇਂ ਆਪਣੇ ਵਾਹਨਾਂ ਦੇ ਕਾਗਜ਼ ਪੱਤਰ ਪੂਰੇ ਕਰਕੇ ਰੱਖਣ ਨਹੀਂ ਤਾਂ ਕੋਈ ਲਿਹਾਜ ਨਹੀਂ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਏ. ਐੱਸ. ਆਈ. ਸੁੱਚਾ ਸਿੰਘ, ਏ. ਐੱਸ. ਆਈ. ਪ੍ਰਗਟ ਸਿੰਘ, ਏ.ਐੱਸ.ਆਈ. ਰਜਿੰਦਰ ਸਿੰਘ ਅਤੇ ਹੋਰ ਟ੍ਰੈਫਿਕ ਪੁਲਸ ਮੌਜੂਦ ਸਨ।