ਦੋ ਮੀਟਰ ਲਗਵਾਉਣ ਵਾਲਿਆਂ ਦੀ ਹੁਣ ਖੈਰ ਨਹੀਂ, ਮੁਫ਼ਤ ਬਿਜਲੀ ’ਤੇ ਕਿਰਾਏਦਾਰਾਂ ਤੋਂ ਵਸੂਲੇ ਜਾ ਰਹੇ ਹਨ ਬਿੱਲ
Thursday, Dec 29, 2022 - 11:43 AM (IST)
ਅੰਮ੍ਰਿਤਸਰ (ਰਮਨ)- ਪੰਜਾਬ ਸਰਕਾਰ ਵੱਲੋਂ ਮੁਫ਼ਤ ਬਿਜਲੀ ਬਿੱਲ ਦੇਣ ਦੇ ਐਲਾਨ ਤੋਂ ਬਾਅਦ ਅਤੇ ਇਸ ਦੇ ਨੋਟੀਫਿਕੇਸਨ ਤੋਂ ਬਾਅਦ ਜਿੱਥੇ ਕਈ ਲੋਕਾਂ ਨੇ ਆਪਣੇ ਘਰਾਂ ਵਿਚ ਬਿਜਲੀ ਦੇ ਦੋ ਮੀਟਰ ਲਗਾਏ ਹਨ, ਉੱਥੇ ਹੀ ਸਰਕਾਰ ਤੱਕ ਇਹ ਵੀ ਸ਼ਿਕਾਇਤਾਂ ਪਹੁੰਚ ਰਹੀਆਂ ਹਨ। ਜਿਨ੍ਹਾਂ ਘਰਾਂ ਵਿਚ ਕਿਰਾਏਦਾਰ ਹਨ ਅਤੇ ਉਸ ਘਰ ਦਾ ਬਿਜਲੀ ਬਿੱਲ ਸਰਕਾਰ ਨੇ ਘਟਾ ਕੇ ਜ਼ੀਰੋ ਕਰ ਦਿੱਤਾ ਹੈ ਅਤੇ ਮਕਾਨ ਮਾਲਕਾਂ ਵਲੋਂ ਕਿਰਾਏਦਾਰਾਂ ਤੋਂ ਬਿਜਲੀ ਦਾ ਬਿੱਲ ਲਿਆ ਜਾ ਰਿਹਾ ਹੈ, ਹੁਣ ਸਰਕਾਰ ਇਸ ’ਤੇ ਸ਼ਿਕੰਜਾ ਕੱਸਣ ਦੀ ਤਿਆਰੀ ਕਰ ਰਹੀ ਹੈ। ਆਮ ਆਦਮੀ ਪਾਰਟੀ ਦੇ ਸੋਸ਼ਲ ਮੀਡੀਆ ਪੇਜ ’ਤੇ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਹੁਣ ਸਰਕਾਰ ਮਕਾਨ ਮਾਲਿਕਾਂ ’ਤੇ ਸ਼ਿਕੰਜਾ ਕੱਸਣ ਜਾ ਰਹੀ ਹੈ। ਇਸ ਵਿਚ ਸਪੱਸ਼ਟ ਲਿਖਿਆ ਗਿਆ ਹੈ ਕਿ ਸਰਕਾਰ ਤੋਂ ਮੁਫ਼ਤ ਬਿਜਲੀ ਦਾ ਲਾਭ ਲੈ ਕੇ ਕਿਰਾਏਦਾਰਾਂ ਤੋਂ ਬਿੱਲ ਵਸੂਲਣ ਵਾਲੇ ਮਕਾਨ ਮਾਲਕਾਂ ਨੂੰ ਬਿਜਲੀ ਦਾ ਪੂਰਾ ਬਿੱਲ ਅਦਾ ਕਰਨਾ ਪਵੇਗਾ, ਜਿਸ ਕਾਰਨ ਹੁਣ ਕਈਆਂ ’ਤੇ ਬਿਜਲੀ ਦੇ ਬਿੱਲਾਂ ਦੀ ਤਲਵਾਰ ਲਟਕਣ ਲੱਗੀ ਹੈ।
ਇਹ ਵੀ ਪੜ੍ਹੋ- ਚਾਈਨਾ ਡੋਰ ਦੀ ਲਪੇਟ ’ਚ ਆਉਣ ਨਾਲ ਮੋਟਰਸਾਈਕਲ ਚਾਲਕ ਜ਼ਖ਼ਮੀ
ਸਰਕਾਰ ਨੇ ਚੋਣਾਂ ਦੌਰਾਨ ਲੋਕਾਂ ਨੂੰ ਮੁਫ਼ਤ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ, ਜਿਸ ਲਈ ਉਨ੍ਹਾਂ ਨੇ 300 ਯੂਨਿਟ ਪ੍ਰਤੀ ਮਹੀਨਾ ਅਤੇ 600 ਯੂਨਿਟ ਦੋ ਮਹੀਨਿਆਂ ਲਈ ਮੁਆਫ਼ ਕਰ ਦਿੱਤੇ ਸਨ। ਜਦੋਂ ਸਰਕਾਰ ਨੇ ਇਸ ਦਾ ਨੋਟੀਫਿਕੇਸਨ ਜਾਰੀ ਕੀਤਾ ਤਾਂ ਉਸ ਤੋਂ ਬਾਅਦ ਪੂਰੇ ਪੰਜਾਬ ਵਿਚ ਬਿਜਲੀ ਦੇ ਮੀਟਰ ਲਗਾਉਣ ਲਈ ਹਾਹਾਕਾਰ ਮਚ ਗਈ ਅਤੇ ਪਾਵਰਕਾਮ ਨੂੰ ਵੀ ਬਿਜਲੀ ਮੀਟਰਾਂ ਦੀ ਘਾਟ ਦਾ ਸਾਹਮਣਾ ਕਰਨਾ ਪਿਆ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਪੁਲਸ ਨੇ ਜ਼ਿੰਦਾ RPG ਸਣੇ ਤਿੰਨ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ
ਸਰਕਾਰ ਨੇ ਜਿਵੇਂ 300 ਯੂਨਿਟ ਪ੍ਰਤੀ ਮਹੀਨਾ ਬਿਜਲੀ ਮੁਆਫ਼ ਕੀਤੀ ਤਾਂ ਜਿਨ੍ਹਾਂ ਲੋਕਾਂ ਦੇ ਘਰਾਂ ਵਿਚ ਪਹਿਲਾਂ ਇਕ ਬਿਜਲੀ ਮੀਟਰ ਲੱਗਾ ਸੀ ਅਤੇ ਉਸੇ ਨਾਲ ਗੁਜ਼ਾਰਾ ਹੁੰਦਾ ਸੀ ਤਾਂ ਮੁਫ਼ਤ ਯੂਨਿਟ ਦੇ ਚੱਕਰ ਵਿਚ ਦੂਸਰਾ ਮੀਟਰ ਅਪਲਾਈ ਕਰ ਕੇ ਮੀਟਰ ਲਗਵਾ ਲਿਆ ਪਰ ਹੁਣ ਮਾਨ ਸਰਕਾਰ ਦਾ ਉਨ੍ਹਾਂ ’ਤੇ ਡੰਡਾ ਚੱਲਣ ਵਾਲਾ ਹੈ ਅਤੇ ਕਈਆਂ ਨੂੰ ਪਿਛਲੇ ਸਮੇਂ ਦੇ ਵੀ ਬਿੱਲ ਲੱਗ ਸਕਦੇ ਹਨ।
ਇਹ ਵੀ ਪੜ੍ਹੋ- Year Ender 2022: ਦੇਸ਼ ਲਈ ਸ਼ਹਾਦਤ ਦਾ ਜਾਮ ਪੀਣ ਵਾਲੇ ਪੰਜਾਬ ਦੇ ਫ਼ੌਜੀ ਜਵਾਨ, ਹਮੇਸ਼ਾ ਰਹਿਣਗੇ ਅਮਰ
ਐੱਸ. ਡੀ. ਓ. ਅਤੇ ਜੇ. ਈ. ’ਤੇ ਡਿੱਗ ਸਕਦੀ ਹੈ ਗਾਜ਼
ਜਿਨ੍ਹਾਂ ਘਰਾਂ ਵਿਚ ਗਲਤ ਤਰੀਕੇ ਨਾਲ ਬਿਜਲੀ ਦੇ ਮੀਟਰ ਲਗਾਏ ਗਏ ਹਨ ਅਤੇ ਮੁਫ਼ਤ ਬਿਜਲੀ ਦਾ ਫ਼ਾਇਦਾ ਲੈ ਰਹੇ ਹਨ, ਜੇਕਰ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਤਾਂ ਸਬੰਧਤ ਖ਼ੇਤਰ ਦੇ ਐੱਸ. ਡੀ. ਓ. ਅਤੇ ਜੇ. ਈ ’ਤੇ ਵੀ ਗਾਜ਼ ਡਿੱਗ ਸਕਦੀ ਹੈ। ਆਉਣ ਵਾਲੇ ਸਮੇਂ ਵਿਚ ਇਸ ਸਬੰਧੀ ਵੱਡੇ ਪੱਧਰ ’ਤੇ ਜਾਂਚ ਹੋ ਸਕਦੀ ਹੈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।