ਬਾਘ ਨੇ ਪਿੰਡ ਭਾਦਣ ਦੇ ਵਸਨੀਕਾਂ ਦੀਆਂ ਚਰਨ ਗਈਆਂ 6 ਬੱਕਰੀਆਂ ਮਾਰੀਆਂ

12/15/2022 10:51:50 AM

ਪਠਾਨਕੋਟ (ਆਦਿਤਿਆ)- ਪਿੰਡ ਭਾਦਣ ਦੇ ਨਾਲ ਲੱਗਦੇ ਜੰਗਲ ਵਿਚ ਬਾਘ ਦੇ ਆਉਣ ਕਾਰਨ ਪੂਰੇ ਇਲਾਕੇ ਵਿਚ ਹੜਕੰਪ ਮੱਚ ਗਿਆ ਹੈ ਅਤੇ ਉੱਥੇ ਹੀ ਹੇਠਲੀ ਭਾਦਣ ਦੇ ਵਸਨੀਕ ਸ਼ਮਸ਼ੇਰ ਸਿੰਘ, ਦੀਵਾਨ ਸਿੰਘ ਅਤੇ ਟੇਕ ਸਿੰਘ ਦੀਆਂ 6 ਬੱਕਰੀਆਂ ਅਤੇ ਬਕਰੇ ਜੋ ਨਾਲ ਲੱਗਦੇ ਜੰਗਲ ’ਚ ਘਾਹ ਆਦਿ ਚਰ ਰਹੇ ਸਨ, ’ਤੇ ਹਮਲਾ ਕਰ ਕੇ ਬਾਘ ਨੇ ਮਾਰ ਦਿੱਤੇ। ਇਸ ਸਬੰਧੀ ਬੱਕਰੀਆਂ ਦੇ ਮਾਲਕਾਂ ਸ਼ਮਸ਼ੇਰ ਸਿੰਘ, ਦੀਵਾਨ ਸਿੰਘ ਅਤੇ ਟੇਕ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਉਹ ਬੱਕਰੀਆਂ ਨੂੰ ਨਾਲ ਲੱਗਦੇ ਜੰਗਲ ’ਚ ਦਿਨ ਵੇਲੇ ਚਰਾਉਣ ਲਈ ਛੱਡ ਗਏ ਸਨ ਅਤੇ ਜਦੋਂ ਉਕਤ ਬੱਕਰੀਆਂ ਰਾਤ ਨੂੰ ਘਰ ਵਾਪਸ ਨਾ ਆਈਆਂ ਤਾਂ ਉਨ੍ਹਾਂ ਨੇ ਉਨ੍ਹਾਂ ਨੂੰ ਲੱਭਣਾ ਸ਼ੁਰੂ ਕਰ ਦਿੱਤਾ। ਪਤਾ ਕਰਨ ’ਤੇ ਦੇਰ ਰਾਤ ਉਨ੍ਹਾਂ ਨੇ ਜੰਗਲ ਵਿਚ ਆਪਣੀਆਂ 4 ਬੱਕਰੀਆਂ ਮਰੀਆਂ ਪਈਆਂ ਦੇਖੀਆਂ, ਜਦੋਂਕਿ 2 ਬੱਕਰਿਆਂ ਦੀਆਂ ਲਾਸ਼ਾਂ ਨਹੀਂ ਮਿਲੀਆਂ।

ਇਹ ਵੀ ਪੜ੍ਹੋ- ਪਾਕਿ 'ਚ ਸਿੱਖ ਭਾਈਚਾਰੇ ਨੂੰ ਮਿਲੀ ਵੱਖਰੀ ਕੌਮ ਵਜੋਂ ਮਾਨਤਾ, ਸੁਪਰੀਮ ਕੋਰਟ ਨੇ ਸੁਣਾਇਆ ਅਹਿਮ ਫ਼ੈਸਲਾ

ਦੂਜੇ ਪਾਸੇ ਉਕਤ ਬਾਘ ਦੀ ਸੂਚਨਾ ਮਿਲਦਿਆਂ ਹੀ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਬਲਾਕ ਅਫ਼ਸਰ ਗੁਰਵਿੰਦਰ ਸਿੰਘ ਆਪਣੀ ਟੀਮ ਸਮੇਤ ਪਿੰਡ ਭਦਾਣ ਵਿਖੇ ਪਹੁੰਚ ਗਏ ਹਨ, ਜਿਨ੍ਹਾਂ ਵੱਲੋਂ ਬਾਘ ਦੇ ਪੰਜਿਆਂ ਦੀ ਨਿਸ਼ਾਨਦੇਹੀ ਕੀਤੀ ਜਾ ਰਹੀ ਹੈ। ਦੂਜੇ ਪਾਸੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਡੀ. ਐੱਫ. ਓ. ਪਰਮਜੀਤ ਸਿੰਘ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਦੀਆਂ ਬੱਕਰੀਆਂ ਮਰ ਗਈਆਂ ਹਨ, ਉਹ ਮੁਆਵਜ਼ੇ ਲਈ ਉਨ੍ਹਾਂ ਦੇ ਵਿਭਾਗ ਨੂੰ ਦਰਖਾਸਤ ਦੇਣ ਤਾਂ ਜੋ ਉਨ੍ਹਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾ ਸਕੇ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


Shivani Bassan

Content Editor

Related News