ਬੇਅਦਬੀ ਸਬੰਧੀ ਪੰਜਾਬ ਸਰਕਾਰ ਵੱਲੋਂ ਜਾਰੀ ਰਿਪੋਰਟ ’ਤੇ ਬਾਜਵਾ ਨੇ ਚੁੱਕੇ ਸਵਾਲ, ਕਹੀਆਂ ਇਹ ਗੱਲਾਂ

Monday, Jul 04, 2022 - 12:18 AM (IST)

ਬੇਅਦਬੀ ਸਬੰਧੀ ਪੰਜਾਬ ਸਰਕਾਰ ਵੱਲੋਂ ਜਾਰੀ ਰਿਪੋਰਟ ’ਤੇ ਬਾਜਵਾ ਨੇ ਚੁੱਕੇ ਸਵਾਲ, ਕਹੀਆਂ ਇਹ ਗੱਲਾਂ

ਗੁਰਦਾਸਪੁਰ (ਜੀਤ ਮਠਾਰੂ)-ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਬੇਅਦਬੀਆਂ ਦੇ ਮਾਮਲਿਆਂ ਸਬੰਧੀ ਜਾਰੀ ਕੀਤੀ ਰਿਪੋਰਟ ’ਤੇ ਪੰਜਾਬ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਈ ਸਵਾਲ ਖੜ੍ਹੇ ਕੀਤੇ ਹਨ। ਬਾਜਵਾ ਨੇ ‘ਜਗ ਬਾਣੀ’ ਨਾਲ ਗੱਲਬਾਤ ਦੌਰਾਨ ਉਕਤ ਅਹਿਮ ਮਾਮਲੇ ਸਬੰਧੀ ਕਿਹਾ ਕਿ ਇਸ ਰਿਪੋਰਟ ਅਨੁਸਾਰ ਬੇਅਦਬੀ ਕਰਨ ’ਚ ਸਿਰਫ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਅਤੇ ਉਸ ਦੇ ਚੇਲੇ ਹੀ ਸ਼ਾਮਲ ਸਨ ਅਤੇ ਰਿਪੋਰਟ ਦੇ ਪੰਨਾ 12 ’ਤੇ ਦੋਸ਼ੀਆਂ ਦੇ ਨਾਂ ਵੀ ਦੱਸੇ ਗਏ ਹਨ ਅਤੇ ਇਹ ਸਾਰੇ ਨਾਂ ਸਿਰਫ ਡੇਰਾ ਮੁਖੀ ਤੇ ਉਸ ਦੇ ਪੈਰੋਕਾਰਾਂ ਦੇ ਹਨ।

ਇਹ ਵੀ ਪੜ੍ਹੋ : ਵਧਦੇ ਤਣਾਅ ਦਰਮਿਆਨ ਬੁਲਗਾਰੀਆ ਛੱਡਣਗੇ ਰੂਸੀ ਡਿਪਲੋਮੈਟ

ਬਾਜਵਾ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਬੇਅਦਬੀ ਮਾਮਲਿਆਂ ’ਚ ਤੱਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਸ਼ਾਮਲ ਸਨ ਅਤੇ ਕਿਸੇ ਕੀਮਤ ’ਤੇ ਬਾਦਲਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਪਰ ਜਦੋਂ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਹੀ ਸਰਕਾਰ ਹੈ ਤਾਂ ਇਸ ਸਰਕਾਰ ਵੱਲੋਂ ਪੇਸ਼ ਕੀਤੀ ਇਹ ਰਿਪੋਰਟ ਬਾਦਲਾਂ ਦੀ ਭੂਮਿਕਾ ਬਾਰੇ ਪੂਰੀ ਤਰ੍ਹਾਂ ਖਾਮੋਸ਼ ਹੈ। ਬਾਜਵਾ ਨੇ ਕੇਜਰੀਵਾਲ ਅਤੇ ਭਗਵੰਤ ਮਾਨ ਨੂੰ ਸਵਾਲ ਕੀਤਾ ਕਿ ਹੁਣ ਅਚਾਨਕ ਇਹ ਤਬਦੀਲੀ ਕਿਉਂ ਆਈ ਹੈ? ਬਾਜਵਾ ਨੇ ਕਿਹਾ ਕਿ ਕੀ ਇਸ ਦਾ ਮਤਲਬ ਇਹ ਹੈ ਕਿ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਵੱਲੋਂ ਬੇਅਦਬੀ ਦੇ ਦੋਸ਼ੀਆਂ ਸਬੰਧੀ ਸਬੰਧੀ ਦਿੱਤੇ ਗਏ ਬਿਆਨ ਪੰਜਾਬ ਦੇ ਲੋਕਾਂ ਨਾਲ ਕੀਤੇ ਝੂਠੇ ਵਾਅਦਿਆਂ ਦਾ ਹੀ ਇਕ ਹਿੱਸਾ ਸਨ? ਬਾਜਵਾ ਨੇ ਇਸ ਗੱਲ ਦੀ ਨਿੰਦਾ ਕੀਤੀ ਕਿ ਇਹ ਰਿਪੋਰਟ ਬਰਗਾੜੀ ਮੋਰਚੇ ’ਤੇ ਧਰਨੇ ਲਗਾਉਣ ਵਾਲੇ ਲੋਕਾਂ ਨੂੰ ਸੌਂਪਣ ਦੀ ਬਜਾਏ ਕੁਝ ਸਿੱਖ ਧਾਰਮਿਕ ਆਗੂਆਂ ਨੂੰ ਸੌਂਪੀ ਗਈ ਹੈ।

ਇਹ ਵੀ ਪੜ੍ਹੋ : ਚੀਨ : ਚਾਬਾ ਤੂਫ਼ਾਨ ਦੀ ਲਪੇਟ 'ਚ ਆਉਣ ਕਾਰਨ ਡੁੱਬੀ ਕ੍ਰੇਨ, 27 ਲੋਕ ਲਾਪਤਾ

ਇਥੋਂ ਤੱਕ ਕਿ ਸ਼ਿਕਾਇਤਕਰਤਾ ਸੁਖਰਾਜ ਸਿੰਘ ਨੇ ਤਾਂ ਇਹ ਵੀ ਦਾਅਵਾ ਕੀਤਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਇਹ ਰਿਪੋਰਟ ਸੌਂਪੀ ਗਈ ਹੈ, ਉਹ ਕਦੇ ਵੀ ਬਰਗਾੜੀ ਮੋਰਚੇ ਦਾ ਹਿੱਸਾ ਨਹੀਂ ਰਹੇ। ਬਾਜਵਾ ਨੇ ਕਿਹਾ ਕਿ ਮਾਨ ਸਰਕਾਰ ਨੂੰ ਇਹ ਸਪੱਸ਼ਟ ਕਰਨ ਦੀ ਲੋੜ ਹੈ ਕਿ ਇਹ ਰਿਪੋਰਟ ਇਨ੍ਹਾਂ ਲੋਕਾਂ ਨੂੰ ਹੀ ਕਿਉਂ ਸੌਂਪੀ ਗਈ ਹੈ। ਇਹ ਰਿਪੋਰਟ ਸੱਚ ਨੂੰ ਸਾਹਮਣੇ ਲਿਆਉਣ ਵਿਚ ਅਤੇ ਅਸਲ ਦੋਸ਼ੀਆਂ ਨੂੰ ਫੜਨ ’ਚ ਨਾਕਾਮ ਰਹੀ ਹੈ। ਇਹ ਰਿਪੋਰਟ ਨਸ਼ਟ ਕੀਤੇ ਗਏ ਸਬੂਤਾਂ ਦਾ ਹਵਾਲਾ ਦੇਣ ਦੀ ਬਜਾਏ ਸੀ.ਬੀ.ਆਈ. ਦੀ ਭੂਮਿਕਾ ਦੀ ਆਲੋਚਨਾਤਮਕ ਰਿਪੋਰਟ ਹੈ, ਜਿਸ ਵਿਚ ਪੁਲਸ ਅਧਿਕਾਰੀਆਂ ਦੀ ਭੂਮਿਕਾ ਸਬੰਧੀ ਵੀ ਖਾਮੋਸ਼ੀ ਹੈ। ਜਿਸ ਰਾਹੀਂ ਸਪੱਸ਼ਟ ਤੌਰ ’ਤੇ ਪੰਜਾਬ ਪੁਲਸ ਦੇ ਜ਼ਿੰਮੇਵਾਰ ਅਧਿਕਾਰੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਰਿਪੋਰਟ ਸਪੱਸ਼ਟ ਤੌਰ 'ਤੇ ਇਸ ਤੱਥ ਨੂੰ ਸਾਬਿਤ ਕਰਦੀ ਹੈ ਕਿ ਪੰਜਾਬ ਦੇ ਲੋਕਾਂ ਨੂੰ ਹੋਰ ਵੀ ਕਈ ਸਾਲ ਇਨਸਾਫ ਮਿਲਣ ਦੀ ਉਮੀਦ ਨਹੀਂ ਹੈ ਕਿਉਂਕਿ ਇਹ ਪੱਖਪਾਤੀ ਜਾਂਚ ਰਿਪੋਰਟ ਅਦਾਲਤਾਂ ਦੀ ਘੋਖ ਅਗੇ ਠਹਿਰ ਨਹੀਂ ਸਕੇਗੀ ਅਤੇ ਮੁਕੱਦਮੇਬਾਜ਼ੀ ਚੱਲਦੀ ਰਹੇਗੀ।

ਇਹ ਵੀ ਪੜ੍ਹੋ :ਰਾਬੜੀ ਨਿਵਾਸ 'ਚ ਪੌੜੀਆਂ ਤੋਂ ਉਤਰਦੇ ਸਮੇਂ ਡਿੱਗੇ ਲਾਲੂ ਯਾਦਵ, ਟੁੱਟੀ ਮੋਢੇ ਦੀ ਹੱਡੀ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Karan Kumar

Content Editor

Related News