ਮੋਬਾਇਲ ਵਿੰਗ ਦੀ GT ਰੋਡ ’ਤੇ ਮੁਹਿੰਮ ਤੇਜ਼, 12 ਵਾਹਨ ਜ਼ਬਤ, ਵਿਭਾਗ ਨੇ ਵਸੂਲਿਆ ਲੱਖਾਂ ਰੁਪਏ ਜੁਰਮਾਨਾ
Sunday, Jun 11, 2023 - 04:43 PM (IST)

ਅੰਮ੍ਰਿਤਸਰ (ਇੰਦਰਜੀਤ)- ਆਬਕਾਰੀ ਤੇ ਕਰ ਵਿਭਾਗ ਦੇ ਮੋਬਾਇਲ ਵਿੰਗ ਵੱਲੋਂ ਸ਼ੁਰੂ ਕੀਤੀ ਗਈ ਟੈਕਸ ਚੋਰੀ ਵਿਰੁੱਧ ਵਿੱਢੀ ਮੁਹਿੰਮ ਨੂੰ ਵੱਡੀ ਸਫ਼ਲਤਾ ਮਿਲਣੀ ਸ਼ੁਰੂ ਹੋ ਗਈ ਹੈ। ਇਸ ਵਿਚਾਲੇ ਵਿਭਾਗ ਨੇ ਬੀਤੇ ਦਿਨੀਂ ਦੇਰ ਰਾਤ ਕੀਤੇ ਗਏ ਆਪ੍ਰੇਸ਼ਨ ਵਿਚ ਮੰਡੀ ਗੋਬਿੰਦਗੜ੍ਹ ਜਾ ਰਹੇ ਇਕ ਲੋਹੇ ਦੇ ਸਕ੍ਰੈਪ ਦਾ ਟਰੱਕ ਫ਼ੜਿਆ ਹੈ, ਜਿਸ ਵਿਚ ਲੱਖਾਂ ਦਾ ਸਾਮਾਨ ਮੌਜੂਦ ਸੀ। ਵਿਭਾਗ ਦੇ ਇਸ ਸਾਂਝੇ ਆਪ੍ਰੇਸ਼ਨ ’ਚ ਲੋਹੇ ਦੀ ਟੈਕਸ ਚੋਰੀ ਕਰਨ ਵਾਲੇ ਲੋਕਾਂ ’ਚ ਹਾਹਾਕਾਰ ਮਚੀ ਹੋਈ ਹੈ ਅਤੇ ਹੋਰ ਵੀ ਕਈ ਕੰਸਾਈਨਮੈਂਟ ਫੜੀ ਗਈ ਹੈ, ਜਿਸ ’ਚ ਭਾਰੀ ਟੈਕਸ ਚੋਰੀ ਦਾ ਸ਼ੱਕ ਹੋਇਆ ਹੈ ਅਤੇ ਵਿਭਾਗ ਨੂੰ ਲੱਖਾਂ ਦਾ ਜੁਰਮਾਨਾ ਵਸੂਲ ਹੋਇਆ ਹੈ।
ਇਹ ਕਾਰਵਾਈ ਸਹਾਇਕ ਕਮਿਸ਼ਨਰ ਮਹੇਸ਼ ਗੁਪਤਾ ਦੀਆਂ ਹਦਾਇਤਾਂ ’ਤੇ ਕੀਤੀ ਗਈ ਹੈ। ਇਸ ’ਚ ਪਿਛਲੇ ਦਿਨਾਂ ਦੌਰਾਨ ਈ. ਟੀ. ਓ ਪੰਡਿਤ ਰਮਨ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਇਕ ਦਰਜਨ ਵਾਹਨਾਂ ਦੀ ਚੈਕਿੰਗ ਕੀਤੀ ਗਈ, ਜਿਸ ’ਚ ਕੁੱਲ 12 ਲੱਖ 85 ਹਜ਼ਾਰ ਰੁਪਏ ਦਾ ਜੁਰਮਾਨਾ ਵਸੂਲਿਆ ਗਿਆ।
ਇਹ ਵੀ ਪੜ੍ਹੋ- ਗੁਰਦਾਸਪੁਰ ’ਚ ਲੋਕਾਂ ਦੀ ਸਿਹਤ ਨਾਲ ਹੋ ਰਿਹੈ ਖਿਲਵਾੜ, ਧੱੜਲੇ ਨਾਲ ਵਿਕ ਰਹੀਆਂ ਮਿਆਦ ਪੁੱਗ ਚੁੱਕੀਆਂ ਵਸਤੂਆਂ
ਜਾਣਕਾਰੀ ਅਨੁਸਾਰ ਮੋਬਾਇਲ ਵਿੰਗ ਨੂੰ ਦੇਰ ਰਾਤ ਸੂਚਨਾ ਮਿਲੀ ਸੀ ਕਿ ਬੈਟਰੀ ਸਕ੍ਰੈਪ ਦਾ ਮਟੀਰੀਅਲ ਲੈ ਕੇ ਇਕ ਵਾਹਨ ‘ਲੈਡ’ ਤਰਨਤਾਰਨ ਤੋਂ ਲੁਧਿਆਣਾ ਅਤੇ ਮੰਡੀ ਗੋਬਿੰਦਗੜ੍ਹ ਵੱਲ ਜਾ ਰਿਹਾ ਹੈ। ਸੂਚਨਾ ’ਤੇ ਕਾਰਵਾਈ ਕਰਦਿਆਂ ਮੋਬਾਇਲ ਵਿੰਗ ਦੇ ਅਧਿਕਾਰੀਆਂ ਨੇ ਰਾਤ ਸਮੇਂ ਜਾਲ ਵਿਛਾਉਣਾ ਸ਼ੁਰੂ ਕਰ ਦਿੱਤਾ। ਛਾਪੇਮਾਰੀ ਟੀਮ ਵਿਚ ਪੰਡਿਤ ਰਮਨ ਕੁਮਾਰ ਸ਼ਰਮਾ ਸਮੇਤ ਦੋ ਇੰਸਪੈਕਟਰ ਅਤੇ ਸੁਰੱਖਿਆ ਅਧਿਕਾਰੀ ਵੀ ਸ਼ਾਮਲ ਸਨ। ਦੇਰ ਰਾਤ ਵਿਭਾਗ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਜੀ. ਟੀ. ਰੋਡ ਜੰਡਿਆਲਾ-ਟਾਂਗਰਾ ਵਿਚਕਾਰ ਇਕ ਟਰੱਕ ਸ਼ੱਕੀ ਹਾਲਤ ਵਿਚ ਆਉਂਦਾ ਦਿਖਾਈ ਦਿੱਤਾ। ਮੋਬਾਇਲ ਵਿੰਗ ਦੀ ਟੀਮ ਨੇ ਜਦੋਂ ਰੋਕਿਆ ਤਾਂ ਉਕਤ ਟਰੱਕ ਵਿਚ ਮਾਲ ਲੋਡ ਹੋਇਆ ਪਿਆ ਸੀ। ਵਿਭਾਗ ਵੱਲੋਂ ਕੀਤੀ ਗਈ ਚੈਕਿੰਗ ਦੌਰਾਨ ਉਨ੍ਹਾਂ ਨੂੰ ਸਾਮਾਨ ਦਾ ਕੋਈ ਵੀ ਢੁੱਕਵਾਂ ਦਸਤਾਵੇਜ਼ ਨਹੀਂ ਮਿਲਿਆ, ਜਿਸ ਤੋਂ ਬਾਅਦ ਵਿਭਾਗ ਨੇ ਉਸ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਜਾਂਚ ਕਰਨ ਤੋਂ ਬਾਅਦ 4 ਲੱਖ ਰੁਪਏ ਦਾ ਜੁਰਮਾਨਾ ਵਸੂਲਿਆ ਗਿਆ।
ਇਹ ਵੀ ਪੜ੍ਹੋ- ਦਿੱਲੀ-ਕਟੜਾ ਐਕਸਪ੍ਰੈੱਸ ਵੇਅ ’ਤੇ ਖ਼ਤਰੇ ਦੇ ਮੰਡਰਾਉਣ ਲੱਗੇ ਬੱਦਲ, ਜਥੇਬੰਦੀਆਂ ਦੀ ਅੜੀ ਕਾਰਨ ਕੈਂਸਲ ਹੋ ਸਕਦੈ ਪ੍ਰਾਜੈਕ
ਉਥੇ ਹੀ ਮੋਬਾਇਲ ਵਿੰਗ ਦੀ ਟੀਮ ਨੇ ਇਕ ਹੋਰ ਛਾਪੇਮਾਰੀ ਦੌਰਾਨ ਅੰਮ੍ਰਿਤਸਰ ਲੋਕਲ ਵਿਚ ਪੱਖੇ ਲੈ ਕੇ ਜਾ ਰਹੀ ਗੱਡੀ ਤੋਂ 1.23 ਲੱਖ ਦਾ ਜੁਰਮਾਨਾ ਵਸੂਲਿਆ। ਦੂਜੇ ਪਾਸੇ ਅੰਮ੍ਰਿਤਸਰ ਦੇ ਵੱਡੇ ਬਾਜ਼ਾਰ ਜਹਾਜ਼ਗੜ੍ਹ ਵਿਚ ਤਾਂਬਾ ਸਕਰੈਪ ’ਤੇ ਮੋਬਾਇਲ ਵਿੰਗ ਨੇ ਇਕ ਲੱਖ ਦਾ ਜੁਰਮਾਨਾ ਵਸੂਲਿਆ।
ਮੋਗਾ ਤੋਂ ਮੰਡੀ ਗੋਬਿੰਦਗੜ੍ਹ ਜਾਂਦਾ ਟਰੱਕ ਵੀ ਫੜਿਆ
ਮੋਬਾਇਲ ਵਿੰਗ ਟੀਮ ਆਪਣੀ ਰੇਂਜ ਤੋਂ ਦੂਰ ਜਾ ਕੇ ਵੀ ਟੈਕਸ ਚੋਰਾਂ ਨੂੰ ਫੜਦੀ ਹੈ। ਇਸ ਦੀ ਉਦਾਹਰਣ ਉਸ ਸਮੇਂ ਮਿਲੀ ਜਦੋਂ ਮੋਬਾਇਲ ਵਿੰਗ ਟੀਮ ਨੇ ਪੰਡਿਤ ਰਮਨ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਬੀਤੇ ਦਿਨਾਂ ’ਚ ਇਕ ਟਰੱਕ ਨੂੰ ਫੜਿਆ, ਜਿਸ ਕੋਲੋਂ 2.83 ਲੱਖ ਦਾ ਜੁਰਮਾਨਾ ਵਸੂਲਿਆ ਗਿਆ। ਇਹ ਟਰੱਕ ਮੋਗਾ ਤੋਂ ਮੰਡੀ ਗੋਬਿੰਦਗੜ੍ਹ ਵੱਲ ਜਾ ਰਿਹਾ ਸੀ। ਇਸੇ ਤਰ੍ਹਾਂ ਤਰਨਤਾਰਨ ਤੋਂ ਨੌਸ਼ਹਿਰਾ ਪੰਨੂਆਂ ਵੱਲ ਜਾ ਰਹੇ ਲੋਹੇ ਦੀ ਸਰੀਏ ’ਤੇ ਵੀ 1.41 ਲੱਖ ਰੁਪਏ ਦਾ ਜੁਰਮਾਨਾ ਵਸੂਲਿਆ ਗਿਆ।
ਇਹ ਵੀ ਪੜ੍ਹੋ- ਪਠਾਨਕੋਟ 'ਚ ਹੋਏ ਪਤੀ-ਪਤਨੀ ਦੇ ਕਤਲ ਮਾਮਲੇ 'ਚ CCTV ਜ਼ਰੀਏ ਹੋਇਆ ਵੱਡਾ ਖ਼ੁਲਾਸਾ, ਨੌਕਰ ਨਿਕਲਿਆ ਕਾਤਲ
ਮਾਨਸਾ ਤੋਂ ਅੰਮ੍ਰਿਤਸਰ ਆ ਰਿਹਾ ਇਲੈਕਟ੍ਰਿਕ ਗੁਡਸ ਦਾ ਵਾਹਨ ਫੜਿਆ
ਟੈਕਸ ਚੋਰੀ ਕਰਨ ਵਾਲੇ ਵਾਹਨ ਇਕ-ਦੂਜੇ ਤੋਂ ਦੂਰੀ ਬਣਾ ਕੇ ਰੱਖਦੇ ਹਨ। ਜਿਵੇਂ ਹੀ ਕੋਈ ਵਾਹਨ ਫੜਿਆ ਜਾਂਦਾ ਹੈ ਤਾਂ ਪਿੱਛੇ ਤੋਂ ਆ ਰਹੇ ਵਾਹਨ, ਜੋ ਅੱਗੇ ਵਾਲੇ ਵਾਹਨ ਨੂੰ ਫਲੋਅ ਕਰ ਕਰ ਰਹੇ ਹੁੰਦੇ ਹਨ ਅਤੇ ਉਸ ਦੇ ਸੰਪਰਕ ’ਚ ਹੁੰਦੇ ਹਨ, ਇਸ਼ਾਰਾ ਮਿਲਦੇ ਹੀ ਆਪਣਾ ਹੋਰ ਰਸਤਾ ਲੱਭ ਲੈਂਦੇ ਹਨ। ਅਜਿਹੇ ਲੋਕਾਂ ’ਤੇ ਸਖ਼ਤ ਵੀ ਮੋਬਾਇਲ ਵਿੰਗ ਵੱਲੋਂ ਨਜ਼ਰ ਰੱਖੀ ਜਾਂਦੀ ਹੈ। ਇਸੇ ਤਰ੍ਹਾਂ ਮਾਨਸਾ ਤੋਂ ਆ ਰਹੇ ਇਕ ਵਾਹਨ ਨੂੰ ਫੜਿਆ, ਜਿਸ ’ਚ ਇਲੈਕਟ੍ਰਿਕ ਗੁਡਸ ਰੱਖਿਆ ਹੋਇਆ ਸੀ। ਟੀਮ ਦੀ ਕਾਰਵਾਈ ਦੌਰਾਨ ਜਦੋਂ ਗੱਡੀ ਨੇ ਪਿੱਛੇ ਮੁੜਨ ਦੀ ਕੋਸ਼ਿਸ਼ ਕੀਤੀ ਤਾਂ ਟੀਮ ਨੇ ਉਸ ਨੂੰ ਘੇਰ ਲਿਆ, ਮੋਬਾਇਲ ਵਿੰਗ ਨੇ ਉਸ ਗੱਡੀ ਤੋਂ ਇਕ ਲੱਖ ਰੁਪਏ ਜੁਰਮਾਨਾ ਵਸੂਲ ਕੀਤਾ। ਇਸੇ ਲੜੀ ’ਚ ਮਾਨਸਾ ਤੋਂ ਆ ਰਹੇ ਮਸਟਰਡ ਆਇਲ ’ਤੇ 94 ਹਜ਼ਾਰ ਰੁਪਏ ਦਾ ਜੁਰਮਾਨਾ ਲਾਇਆ ਗਿਆ। ਜੀ. ਟੀ. ਰੋਡ ’ਤੇ ਕਾਰਵਾਈ ਦੌਰਾਨ ਪੰਡਿਤ ਰਮਨ ਕੁਮਾਰ ਸ਼ਰਮਾ ਨੇ ਲੁਧਿਆਣਾ ਤੋਂ ਆ ਰਹੇ ਸਾਈਕਲ ਪਾਰਟਸ ’ਤੇ 50 ਹਜ਼ਾਰ ਰੁਪਏ ਜੁਰਮਾਨਾ ਕੀਤਾ | ਇਹ ਮਾਲ ਅੰਮ੍ਰਿਤਸਰ ਦੀ ਥੋਕ ਸਾਈਕਲ ਮਾਰਕੀਟ ’ਚ ਆਉਣ ਵਾਲਾ ਸੀ। ਇਸ ਸਮੁੱਚੀ ਕਾਰਵਾਈ ’ਚ ਈ. ਟੀ. ਓ. ਪੰਡਿਤ ਰਮਨ ਕੁਮਾਰ ਸ਼ਰਮਾ ਤੋਂ ਐਡੀਸ਼ਨਲ ਇੰਸਪੈਕਟਰ ਦਿਨੇਸ਼ ਕੁਮਾਰ ਅਤੇ ਇੰਸਪੈਕਟਰ ਮੈਡਮ ਸੀਤਾ ਅਟਵਾਲ ਵੀ ਸ਼ਾਮਲ ਸਨ।
ਇਹ ਵੀ ਪੜ੍ਹੋ- ਪਾਵਰਕਾਮ ਨੇ ਬਿਜਲੀ ਚੋਰੀ ਦੇ ਫੜੇ 55 ਕੇਸ, ਵਿਭਾਗ ਨੇ ਲਾਇਆ ਲੱਖਾਂ ਰੁਪਏ ਜੁਰਮਾਨਾ
ਅੰਮ੍ਰਿਤਸਰ ਮੋਬਾਇਲ ਵਿੰਗ ਦੇ ਨਿਸ਼ਾਨੇ ’ਤੇ ਕਈ ਨਵੇਂ ਟੈਕਸ ਮਾਫੀਆ ਰਾਹਗੀਰ
ਅਜਿਹੇ ਕਈ ਟੈਕਸ ਚੋਰੀ ਕਰਨ ਵਾਲੇ ਮੋਬਾਇਲ ਵਿੰਗ ਦੇ ਨਿਸ਼ਾਨੇ ’ਤੇ ਆਉਣੇ ਸ਼ੁਰੂ ਹੋ ਗਏ ਹਨ, ਜਿਨ੍ਹਾਂ ਖਿਲਾਫ ਪਹਿਲਾਂ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ। ਪਿਛਲੇ ਕੁਝ ਮਹੀਨਿਆਂ ਵਿਚ ਜਿਸ ਤਰ੍ਹਾਂ ਸਾਈਕਲ ਪਾਰਟਸ, ਸਰ੍ਹੋਂ ਦਾ ਤੇਲ ਆਦਿ ਨਵੀਆਂ ਚੀਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ, ਆਉਣ ਵਾਲੇ ਸਮੇਂ ਵਿਚ ਵਿਭਾਗ ਦਾ ਟੈਕਸ ਵਧੇਗਾ। ਲੁਧਿਆਣਾ ਤੋਂ ਅੰਮ੍ਰਿਤਸਰ ਜਾਣ ਵਾਲੇ ਕੁਝ ਰਾਹਗੀਰ ਜੋ ਕਿ ਅਤਿ-ਆਧੁਨਿਕ ਢੰਗ ਨਾਲ ਕੰਮ ਕਰ ਰਹੇ ਹਨ ਅਤੇ ਆਉਣ ਵਾਲੇ ਸਾਮਾਨ ਖਾਸ ਕਰਕੇ ਨਵੇ ਸਰੀਏ ਨੂੰ ਅਜਨਾਲਾ, ਫਤਿਹਗੜ੍ਹ ਚੂੜੀਆਂ, ਲੋਪੋਕੇ, ਚੋਗਾਵਾਂ, ਝਬਾਲ, ਭਿੱਖੀਵਿੰਡ, ਖਲਦਾ, ਖੇਮਕਰਨ ਅਤੇ ਗੁਰਦਾਸਪੁਰ-ਆਦਿ ਹੋਰ ਸਟੇਸ਼ਨਾਂ ’ਤੇ ਪੂਰੀ ਸਫਾਈ ਨਾਲ ਪਹੁੰਚਾ ਰਹੇ ਹਨ। ਲੁਧਿਆਣਾ ਵਿਚ ਕੰਮ ਕਰਨ ਵਾਲੇ ਇਹ ਰਾਹਗੀਰ ਮੰਡੀ ਗੋਬਿੰਦਗੜ੍ਹ ਅਤੇ ਲੁਧਿਆਣਾ ਤੋਂ ਅੰਮ੍ਰਿਤਸਰ ਨੂੰ ਮਾਲ ਭੇਜਦੇ ਹਨ। ਇੱਥੇ ਲੁਧਿਆਣਾ ਵਿਚ ਟੈਕਸ ਮਾਫੀਆ ਦਾ ਜੀ .ਐੱਸ. ਟੀ ਵਿਭਾਗ ਦੇ ਕੁਝ ਲੋਕਾਂ ਨਾਲ ਗਠਜੋੜ ਹੈ, ਦੂਜੇ ਪਾਸੇ ਅੰਮ੍ਰਿਤਸਰ ਦੇ ਮੋਬਾਈਲ ਵਿੰਗ ਦਾ ਇਨ੍ਹਾਂ ’ਤੇ ਖਾਸ ਧਿਆਨ ਹੈ ਅਤੇ ਤਿੱਖੀ ਨਜ਼ਰ ਰੱਖੀ ਹੋਈ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ ਪੁਲਸ ਕਮਿਸ਼ਨਰ ਦਾ ਨਵਾਂ ਮਾਸਟਰ ਪਲਾਨ, ਹੁਣ ਐਂਬੂਲੈਂਸ ਸਵਾਰ ਮਰੀਜ਼ਾਂ ਨੂੰ ਦਿੱਤੀ ਜਾਵੇਗੀ ਇਹ ਸਹੂਲਤ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।