ਅੱਠ ਮਹੀਨਿਆਂ ਦੌਰਾਨ ਐਕਸਾਈਜ਼ ਵਿਭਾਗ ਨੇ ਵੱਡੀ ਗਿਣਤੀ ''ਚ ਲਾਹਣ ਅਤੇ ਚਾਲੂ ਭੱਠੀਆਂ ਕੀਤੀਆਂ ਬਰਾਮਦ

Thursday, Dec 08, 2022 - 10:59 AM (IST)

ਅੱਠ ਮਹੀਨਿਆਂ ਦੌਰਾਨ ਐਕਸਾਈਜ਼ ਵਿਭਾਗ ਨੇ ਵੱਡੀ ਗਿਣਤੀ ''ਚ ਲਾਹਣ ਅਤੇ ਚਾਲੂ ਭੱਠੀਆਂ ਕੀਤੀਆਂ ਬਰਾਮਦ

ਤਰਨਤਾਰਨ (ਰਮਨ)- ਜ਼ਿਲ੍ਹਾ ਤਰਨਤਾਰਨ 'ਚ ਨਾਜਾਇਜ਼ ਸ਼ਰਾਬ ਅਤੇ ਲਾਹਨ ਖ਼ਿਲਾਫ਼ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਵਿਭਾਗ ਨੂੰ ਵੱਡੀ ਕਾਮਯਾਬੀ ਪ੍ਰਾਪਤ ਹੋ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਭਾਗ ਦੇ ਈ.ਟੀ.ਓ. ਨਵਜੋਤ ਭਾਰਤੀ ਨੇ ਪੱਤਰਕਾਰਾਂ ਨਾਲ ਕੀਤਾ। ਨਵਜੋਤ ਭਾਰਤੀ ਨੇ ਦੱਸਿਆ ਕਿ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਰਿਸ਼ੀਪਾਲ ਸਿੰਘ ਅਤੇ ਐੱਸ.ਐੱਸ.ਪੀ. ਗੁਰਮੀਤ ਸਿੰਘ ਚੌਹਾਨ ਵਲੋਂ ਮਿਲੇ ਸਖ਼ਤ ਹੁਕਮਾਂ ਦੇ ਨਾਲ-ਨਾਲ ਰਾਜਪਾਲ ਸਿੰਘ ਖਹਿਰਾ ਉੱਪ ਕਮਿਸ਼ਨਰ ਜਲੰਧਰ ਜੋਨ ਅਤੇ ਸਹਾਇਕ ਕਮਿਸ਼ਨਰ ਅੰਮ੍ਰਿਤਸਰ ਰੇਂਜ ਨਵਜੀਤ ਸਿੰਘ ਵਲੋਂ ਦਿੱਤੇ ਨਿਰਦੇਸ਼ਾਂ ਤਹਿਤ ਸੁਰਜਨ ਨਾਜਾਇਜ਼ ਸ਼ਰਾਬ ਖਿਲਾਫ਼ ਛਾਪੇਮਾਰੀਆਂ ਕੀਤੀਆ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਅਤੇ ਹੋਰ ਇਲਾਕਿਆਂ ਵਿਚੋਂ ਬੀਤੀ ਅਪ੍ਰੈਲ ਤੋਂ ਹੁਣ ਤੱਕ ਕਰੀਬ 710 ਛਾਪੇਮਾਰੀ ਕੀਤੀ ਗਈ, ਜਿਸ ਤਹਿਤ 10,12,980 ਲੀਟਰ ਲਾਹਣ ਅਤੇ 5594 ਲੀਟਰ ਨਾਜਾਇਜ਼ ਸ਼ਰਾਬ ਨਾਲ 73 ਚਾਲੂ ਭੱਠੀਆਂ ਬਰਾਮਦ ਕੀਤੀਆਂ ਗਈਆਂ ਹਨ। 

ਇਹ ਵੀ ਪੜ੍ਹੋ- ਗੰਨ ਕਲਚਰ ਨੂੰ ਉਤਸ਼ਾਹਿਤ ਕਰਦੀਆਂ ਸਿੱਧੂ ਮੂਸੇਵਾਲਾ ਦੀਆਂ ਤਸਵੀਰਾਂ ਵਾਲੀਆਂ ਪਤੰਗਾਂ ਦੁਕਾਨਾਂ 'ਤੇ ਲੱਗੀਆਂ

ਭਾਰਤੀ ਨੇ ਦੱਸਿਆ ਕਿ ਇਸ ਦੌਰਾਨ 317 ਮਾਮਲੇ ਦਰਜ ਕਰਦੇ ਹੋਏ ਵੱਡੀ ਗਿਣਤੀ ਵਿਚ ਮੁਲਜ਼ਮਾਂ ਨੂੰ ਜੇਲ ਭੇਜਿਆ ਗਿਆ। ਨਵਜੋਤ ਭਾਰਤੀ ਨੇ ਦੱਸਿਆ ਕਿ ਜ਼ਿਲ੍ਹੇ  ਵਿਚ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਭਾਜੜਾ ਪਾ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਵਿਭਾਗ ਵਲੋਂ ਲੋਕਾਂ ਨੂੰ ਨਾਜਾਇਜ਼ ਸ਼ਰਾਬ ਦੀ ਵਰਤੋਂ ਨਾ ਕਰਨ ਸਬੰਧੀ ਵਿਸ਼ੇਸ਼ ਤੌਰ ’ਤੇ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਨਾਜਾਇਜ਼ ਸ਼ਰਾਬ ਦੀ ਵਿਕਰੀ ਰੋਕਣ ਲਈ ਵਿਭਾਗ ਵਲੋਂ ਟੋਲ ਫਰੀ ਨੰਬਰ ਵੀ ਜਾਰੀ ਕਰ ਦਿੱਤਾ ਗਿਆ ਹੈ, ਜਿੱਥੇ ਕੋਈ ਵੀ ਵਿਅਕਤੀ ਸੂਚਨਾ ਦੇ ਸਕਦਾ ਹੈ। ਇਸ ਮੌਕੇ ਇੰਸਪੈਕਟਰ ਜਤਿੰਦਰ ਸਿੰਘ ਅਤੇ ਅਮਰੀਕ ਸਿੰਘ ਵੀ ਹਾਜ਼ਰ ਸਨ।


author

Shivani Bassan

Content Editor

Related News