ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਮਨਮਰਜ਼ੀ ਨਾਲ ਡਿਊਟੀ ’ਤੇ ਆਉਂਦੇ ਸਰਕਾਰੀ ਹਸਪਤਾਲਾਂ ਦੇ ਮੁਲਾਜ਼ਮ

Tuesday, Mar 05, 2024 - 04:40 PM (IST)

ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਮਨਮਰਜ਼ੀ ਨਾਲ ਡਿਊਟੀ ’ਤੇ ਆਉਂਦੇ ਸਰਕਾਰੀ ਹਸਪਤਾਲਾਂ ਦੇ ਮੁਲਾਜ਼ਮ

ਅੰਮ੍ਰਿਤਸਰ (ਦਲਜੀਤ)- ਸਿਹਤ ਵਿਭਾਗ ਅਧੀਨ ਚੱਲ ਰਹੇ ਜ਼ਿਆਦਾਤਰ ਸਰਕਾਰੀ ਹਸਪਤਾਲਾਂ ਵਿਚ ਕਰਮਚਾਰੀ ਤੇ ਅਧਿਕਾਰੀ ਆਪਣੀ ਮਰਜ਼ੀ ਮੁਤਾਬਿਕ ਡਿਊਟੀ ’ਤੇ ਆ ਕੇ ਮੌਜ ਮਸਤੀ ਕਰ ਰਹੇ ਹਨ। ਜ਼ਿਆਦਾਤਰ ਮੁਲਾਜ਼ਮਾਂ ਅਤੇ ਅਧਿਕਾਰੀਆਂ ਦੇ ਇਸ ਮੌਜ ਕਾਰਨ ਜਿੱਥੇ ਆਮ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਵਿਭਾਗ ਦੇ ਸਰਕਾਰੀ ਖ਼ਜ਼ਾਨੇ ਨੂੰ ਵੀ ਚੂਨਾ ਲੱਗ ਰਿਹਾ ਹੈ। ਇੱਥੋਂ ਤੱਕ ਕਿ ਕਈ ਹਸਪਤਾਲਾਂ ਵਿਚ ਕੁਝ ਮੁਲਾਜ਼ਮ ਅਤੇ ਅਧਿਕਾਰੀ ਉੱਚ ਅਧਿਕਾਰੀਆਂ ਦੀ ਸੈਟਿੰਗ ਨਾਲ ਸਾਰਾ ਸਾਰਾ ਦਿਨ ਫਰਲੋ ’ਤੇ ਰਹਿੰਦੇ ਹਨ। ਸਿਹਤ ਵਿਭਾਗ ਵੱਲੋਂ ਕਰਮਚਾਰੀਆਂ ਅਤੇ ਅਧਿਕਾਰੀਆਂ ਦੀ ਸਮੇਂ ਸਿਰ ਹਾਜ਼ਰੀ ਯਕੀਨੀ ਬਣਾਉਣ ਲਈ ਹਰ ਹਸਪਤਾਲ ਵਿਚ ਬਾਇਓਮੈਟ੍ਰਿਕ ਮਸ਼ੀਨਾਂ ਲਗਾਈਆਂ ਗਈਆਂ ਸਨ ਪਰ ਅਫਸੋਸ ਦੀ ਗੱਲ ਹੈ ਕਿ ਕੋਰੋਨਾ ਮਹਾਂਮਾਰੀ ਤੋਂ ਬਾਅਦ ਇਹ ਮਸ਼ੀਨ ਮੁੜ ਚਾਲੂ ਨਹੀਂ ਕੀਤੀ ਗਈ।

ਇਹ ਵੀ ਪੜ੍ਹੋ : ਗਮ 'ਚ ਬਦਲਿਆ ਖੁਸ਼ੀ ਦਾ ਮਾਹੌਲ, ਪੁੱਤ ਦੇ ਵਿਆਹ ਤੋਂ ਬਾਅਦ ਪਿਓ ਦੀ ਉੱਠੀ ਅਰਥੀ

ਜਾਣਕਾਰੀ ਅਨੁਸਾਰ ਇਕ ਪਾਸੇ ਤਾਂ ਪੰਜਾਬ ਸਰਕਾਰ ਸਰਕਾਰੀ ਵਿਭਾਗਾਂ ਵਿਚ ਮੁਲਾਜ਼ਮਾਂ ਦੀ ਹਾਜ਼ਰੀ ਯਕੀਨੀ ਬਣਾਉਣ ਲਈ ਦਿਸ਼ਾ-ਨਿਰਦੇਸ਼ ਜਾਰੀ ਕਰ ਰਹੀ ਹੈ ਪਰ ਦੂਜੇ ਪਾਸੇ ਸਰਕਾਰ ਦੀਆਂ ਇਨ੍ਹਾਂ ਹਦਾਇਤਾਂ ਨੂੰ ਜ਼ਿਆਦਾਤਰ ਸਰਕਾਰੀ ਅਦਾਰਿਆਂ ਵਿਚ ਜ਼ਮੀਨੀ ਪੱਧਰ ’ਤੇ ਲਾਗੂ ਨਹੀਂ ਕੀਤਾ ਜਾ ਰਿਹਾ । ਜ਼ਿਆਦਾਤਰ ਕਰਮਚਾਰੀ ਅਤੇ ਅਧਿਕਾਰੀ ਵਿਭਾਗ ਦੀਆਂ ਅੱਖਾਂ ਵਿਚ ਧੂਲ ਝੋਕਦੇ ਹੋਏ ਆਪਣੀ ਮਨਮਰਜ਼ੀ ਨਾਲ ਡਿਊਟੀ ’ਤੇ ਆ ਜਾ ਰਹੇ ਹਨ। ਸਿਹਤ ਵਿਭਾਗ ਵਲੋਂ ਹਰ ਹਸਪਤਾਲ ਵਿਚ ਕਰਮਚਾਰੀਆਂ ਲਈ ਬਾਇਓਮੈਟ੍ਰਿਕ ਮਸ਼ੀਨਾਂ ਲਗਾਈਆਂ ਗਈਆਂ ਹਨ ਪਰ ਹੁਣ ਇਹ ਮਸ਼ੀਨਾਂ ਸਿਰਫ ਡੱਬਾ ਬਣਾ ਕੇ ਸਰਕਾਰੀ ਤੰਤਰ ਦੀ ਲਾਪ੍ਰਵਾਹੀ ਤੋਂ ਮੂੰਹ ਚਿੜ੍ਹਾ ਰਹੀਆਂ ਹਨ, ਕਿਉਂਕਿ ਕੋਰੋਨਾ ਮਹਾਮਾਰੀ ਤੋਂ ਬਾਅਦ ਇਨ੍ਹਾਂ ਮਸ਼ੀਨਾਂ ’ਤੇ ਹਾਜ਼ਰੀ ਨਹੀਂ ਲਗਾਈ ਗਈ ਹੈ।

ਇਹ ਵੀ ਪੜ੍ਹੋ : ਵਿਦੇਸ਼ੋਂ ਆਈ ਵੱਡੀ ਵਾਰਦਾਤ ਦੀ ਖ਼ਬਰ, ਪਾਕਿਸਤਾਨੀ ਮੁੰਡਿਆਂ ਨਾਲ ਝਗੜੇ ਦੌਰਾਨ ਪੰਜਾਬੀ ਨੌਜਵਾਨ ਦੀ ਮੌਤ

ਪੇਂਡੂ ਖੇਤਰਾਂ ਵਿਚ ਬਹੁਤ ਸਾਰੇ ਹਸਪਤਾਲ ਅਜਿਹੇ ਹਨ, ਜਿੱਥੇ ਸੀਨੀਅਰ ਮੈਡੀਕਲ ਅਫ਼ਸਰਾਂ ਦੀਆਂ ਹਦਾਇਤਾਂ ਅਨੁਸਾਰ ਜ਼ਿਆਦਾਤਰ ਮੁਲਾਜ਼ਮ ਅਤੇ ਅਧਿਕਾਰੀ ਆਪਣੀ ਮਰਜ਼ੀ ਅਨੁਸਾਰ ਡਿਊਟੀ ’ਤੇ ਆ ਰਹੇ ਹਨ। ਇੱਥੋਂ ਤੱਕ ਕਿ ਕੁਝ ਕਰਮਚਾਰੀ ਅਜਿਹੇ ਵੀ ਹਨ, ਜੋ ਸਾਰਾ ਦਿਨ ਫਰਲੋ ’ਤੇ ਰਹਿੰਦੇ ਹਨ ਅਤੇ ਸਰਕਾਰ ਤੋਂ ਰੋਜ਼ਾਨਾ ਤਨਖਾਹ ਲੈਂਦੇ ਹਨ। ਸਟਾਫ਼ ਅਤੇ ਅਧਿਕਾਰੀਆਂ ਦੀ ਘਾਟ ਕਾਰਨ ਰੋਜ਼ਾਨਾ ਹਸਪਤਾਲ ਆਉਣ ਵਾਲੇ ਆਮ ਲੋਕਾਂ ਨੂੰ ਸਰਕਾਰੀ ਸਹੂਲਤਾਂ ਲੈਣ ਲਈ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਸੀਨੀਅਰ ਮੈਡੀਕਲ ਅਫ਼ਸਰ ਅਜਿਹੇ ਹਨ ਜੋ ਬਾਇਓਮੈਟ੍ਰਿਕ ਮਸ਼ੀਨ ’ਤੇ ਹਾਜ਼ਰੀ ਨਾ ਲੱਗਣ ਕਾਰਨ ਰਜਿਸਟਰ ਹਾਜ਼ਰੀ ਆਪਣੇ ਕੋਲ ਰੱਖਦੇ ਹਨ ਅਤੇ ਆਪਣੇ ਚਹੇਤਿਆਂ ਨੂੰ ਲਾਭ ਦੇਣ ਲਈ ਆਪਣੀ ਮਰਜ਼ੀ ਅਨੁਸਾਰ ਹਾਜ਼ਰੀ ਲਗਾ ਦਿੰਦੇ ਹਨ, ਭਾਵੇਂ ਉਹ ਡਿਊਟੀ ’ਤੇ ਆਉਣ ਜਾ ਨਾ ਆਉਣ। ਸੀਨੀਅਰ ਮੈਡੀਕਲ ਅਫਸਰ ਦੀ ਮਿਹਰਬਾਨੀ ਕਾਰਨ ਉਨ੍ਹਾਂ ਨੂੰ ਆਪਣੀ ਪੂਰੀ ਮਹੀਨਾਵਾਰ ਤਨਖਾਹ ਮਿਲ ਰਹੀ ਹੈ। ਆਖਿਰ ਸਰਕਾਰੀ ਹਸਪਤਾਲਾਂ ਵਿਚ ਬਾਇਓਮੈਟ੍ਰਿਕ ਮਸ਼ੀਨਾਂ ’ਤੇ ਲਗਾਉਣ ਦੀ ਕਵਾਇਦ ਮੁੜ ਸ਼ੁਰੂ ਕਿਉਂ ਨਹੀਂ ਕੀਤੀ ਗਈ, ਉੱਚ ਅਧਿਕਾਰੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਕਿਉਂ ਨਹੀਂ ਲੈ ਰਹੇ, ਇਹ ਇੱਕ ਵੱਡਾ ਸਵਾਲ ਹੈ।

ਇਹ ਵੀ ਪੜ੍ਹੋ : Punjab Budget 2024 : NRI's ਲਈ ਪੰਜਾਬ ਦੇ ਬਜਟ 'ਚ ਜਾਣੋ ਕੀ ਰਿਹਾ ਖ਼ਾਸ

ਲੱਖਾਂ ਦੀ ਲਾਗਤ ਨਾਲ ਸਰਕਾਰੀ ਹਸਪਤਾਲਾਂ ’ਚ ਲਗਾਈਆਂ ਸਨ ਬਾਇਓਮੈਟ੍ਰਿਕ ਮਸ਼ੀਨਾਂ

ਸਿਹਤ ਵਿਭਾਗ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਪੰਡਿਤ ਰਾਕੇਸ਼ ਸ਼ਰਮਾ ਨੇ ਦੱਸਿਆ ਕਿ ਸਮੂਹ ਮੁਲਾਜ਼ਮਾਂ ਦੀ ਹਾਜ਼ਰੀ ਯਕੀਨੀ ਬਣਾਉਣ ਲਈ ਲੱਖਾਂ ਰੁਪਏ ਦੀ ਲਾਗਤ ਨਾਲ ਸਰਕਾਰੀ ਹਸਪਤਾਲਾਂ ਵਿਚ ਬਾਇਓਮ੍ਰੈਟ੍ਰਿਕ ਮਸ਼ੀਨਾਂ ਲਗਾਈਆਂ ਗਈਆਂ ਸਨ, ਜਿੱਥੇ ਮੁਲਾਜ਼ਮ ਲਗਾਤਾਰ ਆਪਣੀ ਹਾਜ਼ਰੀ ਲਗਾ ਰਹੇ ਸਨ ਪਰ ਕੋਰੋਨਾ ਮਹਾਮਾਰੀ ਤੋਂ ਬਾਅਦ ਇੱਥੇ ਹਾਜ਼ਰੀ ਲਗਾਉਣੀ ਬੰਦ ਹੋ ਗਈ ਹੈ। ਜ਼ਿਆਦਾਤਰ ਥਾਵਾਂ ’ਤੇ ਕਰਮਚਾਰੀ ਆਪਣੀ ਮਰਜ਼ੀ ਅਨੁਸਾਰ ਡਿਊਟੀ ’ਤੇ ਆ ਰਹੇ ਹਨ ਅਤੇ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ। ਇਸ ਸਬੰਧੀ ਜਥੇਬੰਦੀ ਵਲੋਂ ਸਿਹਤ ਵਿਭਾਗ ਨੂੰ ਵੀ ਜਾਣੂ ਕਰਵਾ ਦਿੱਤਾ ਗਿਆ ਹੈ ਅਤੇ ਮੰਗ ਕੀਤੀ ਗਈ ਹੈ ਕਿ ਦੁਬਾਰਾ ਬਾਇਓਮੈਟ੍ਰਿਕ ਮਸ਼ੀਨਾਂ ’ਤੇ ਹਾਜ਼ਰੀ ਲਗਾਉਣ ਲਈ ਹਦਾਇਤਾਂ ਜਾਰੀ ਕੀਤੀਆ ਜਾਣ ਤਾਂ ਜੋ ਸਰਕਾਰੀ ਹਸਪਤਾਲਾਂ ਵਿਚ ਆ ਰਹੀ ਜਨਤਾ ਨੂੰ ਸਰਕਾਰੀ ਸੇਵਾਵਾਂ ਦਾ ਲਾਭ ਲੈਣ ਲਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਇਹ ਵੀ ਪੜ੍ਹੋ : ਪੰਜਾਬ ਨੂੰ ਵੱਡਾ ਸੈਰ ਸਪਾਟਾ ਸਥਾਨ ਬਣਾਉਣ ਲਈ ਵਿੱਤ ਮੰਤਰੀ ਦਾ ਬਜਟ ’ਚ ਅਹਿਮ ਐਲਾਨ

ਸਰਕਾਰੀ ਮੈਡੀਕਲ ਕਾਲਜ ’ਚ ਡਾਕਟਰਾਂ ਤੋਂ ਬਾਅਦ ਹੁਣ ਕਰਮਚਾਰੀਆਂ ਦੀ ਲੱਗ ਰਹੀ ਹੈ ਬਾਇਓਮੈਟ੍ਰਿਕ ਮਸ਼ੀਨ ’ਤੇ ਹਾਜ਼ਰੀ

ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਇਸ ਅਧੀਨ ਪੈਂਦੇ ਗੁਰੂ ਨਾਨਕ ਦੇਵ ਹਸਪਤਾਲ, ਸਰਕਾਰੀ ਈ. ਐੱਨ. ਟੀ. ਹਸਪਤਾਲ ਆਦਿ ਵਿਚ ਡਾਕਟਰਾਂ ਦੀ ਹਾਜ਼ਰੀ ਬਾਇਓਮੈਟ੍ਰਿਕ ਮਸ਼ੀਨਾਂ ’ਤੇ ਲਾਈ ਜਾਂਦੀ ਸੀ ਪਰ ਹੁਣ ਕਾਲਜ ਪ੍ਰਸ਼ਾਸਨ ਨੇ ਸਾਰੇ ਮੁਲਾਜ਼ਮਾਂ ਦੀ ਹਾਜ਼ਰੀ ਬਾਇਓਮੈਟ੍ਰਿਕ ਮਸ਼ੀਨਾਂ ’ਤੇ ਲਗਾਉਣ ਦੀ ਯੋਜਨਾ ਸ਼ੁਰੂ ਕਰ ਦਿੱਤੀ ਹੈ। 1 ਮਾਰਚ ਤੋਂ ਇਹ ਨਿਰਦੇਸ਼ ਲਾਗੂ ਹੋ ਗਏ ਹਨ। ਕਾਲਜ ਪ੍ਰਸਾਸ਼ਨ ਨੇ ਸਪੱਸ਼ਟ ਕਿਹਾ ਕਿ ਜਿਨ੍ਹਾਂ ਕਰਮਚਾਰੀਆਂ ਦੇ ਫਿੰਗਰ ਪ੍ਰਿੰਟ ਸਕੈਨ ਨਹੀਂ ਹੋਏ ਹਨ ਉਹ ਤੁਰੰਤ ਕਰਵਾ ਲੈਣ। ਰਜਿਸਟਰ ’ਤੇ ਹਾਜ਼ਰੀ ਬੰਦ ਹੈ ਅਤੇ ਬਾਇਓਮੀਟ੍ਰਿਕ ਮਸ਼ੀਨਾਂ ’ਤੇ ਹੀ ਹਾਜ਼ਰੀ ਲਗਾਈ ਜਾਵੇਗੀ। ਵੱਡਾ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਜੇਕਰ ਸਰਕਾਰੀ ਮੈਡੀਕਲ ਕਾਲਜ ਵਿਚ ਬਾਇਓਮੀਟ੍ਰਿਕ ’ਤੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਹਾਜ਼ਰੀ ਲਗਾਈ ਜਾ ਸਕਦੀ ਹੈ ਤਾਂ ਕਿਉਂ ਨਹੀਂ ਸਿਹਤ ਵਿਭਾਗ ਦੇ ਸਰਕਾਰੀ ਹਸਪਤਾਲਾਂ ਵਿਚ ਇਹ ਹੁਕਮ ਲਾਗੂ ਹੁੰਦੇ।

ਇਹ ਵੀ ਪੜ੍ਹੋ : Punjab Budget 2024 : ਸਿਹਤ ਸੇਵਾਵਾਂ ਅਤੇ ਸਿਹਤ ਬੀਮਾ ਯੋਜਨਾ ਲਈ ਬਜਟ 'ਚ ਹੋਏ ਇਹ ਵੱਡੇ ਐਲਾਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News