ਅੰਮ੍ਰਿਤਸਰ ਸ਼ਹਿਰ ਦੀ ਹਵਾ ਦੀ ਗੁਣਵੱਤਾ ਨੂੰ ਸੁਧਾਰੇਗਾ ‘ਰਾਹੀ’ ਪ੍ਰਾਜੈਕਟ
Wednesday, Apr 05, 2023 - 04:38 PM (IST)

ਅੰਮ੍ਰਿਤਸਰ (ਰਮਨ) : ਨਿਗਮ ਕਮਿਸ਼ਨਰ-ਕਮ-ਸੀ. ਈ. ਓ., ਏ. ਐੱਸ. ਸੀ. ਐੱਲ. ਸੰਦੀਪ ਰਿਸ਼ੀ ਨੇ ਕਿਹਾ ਕਿ ਸ਼ਹਿਰ ਦੀ ਜਨਤਕ ਆਵਾਜਾਈ ’ਚ ਸੁਧਾਰ ਕਰਨ ਅਤੇ ਪ੍ਰਦੂਸ਼ਣ ਦੇ ਪੱਧਰ ਨੂੰ ਘਟਾਉਣ ਲਈ, ‘ਰਾਹੀ’ ਪ੍ਰਾਜੈਕਟ (ਹੋਲਿਸਟਿਕ ਇੰਟਰਵੈਂਸ਼ਨ ਰਾਹੀਂ ਅੰਮ੍ਰਿਤਸਰ ’ਚ ਆਟੋ-ਰਿਕਸ਼ਾ ਦਾ ਪੁਨਰ-ਨਿਰਮਾਣ) ਸ਼ੁਰੂ ਕੀਤਾ ਗਿਆ ਹੈ। ਇਹ ਰਾਹੀ ਪ੍ਰਾਜੈਕਟ ਕੇਂਦਰੀ ਹਾਊਸਿੰਗ ਅਤੇ ਸ਼ਹਿਰੀ ਵਿਕਾਸ ਮੰਤਰਾਲੇ, ਫਰਾਂਸੀਸੀ ਵਿਕਾਸ ਏਜੰਸੀ (ਏ. ਐੱਫ. ਡੀ.), ਯੂਰਪੀਅਨ ਯੂਨੀਅਨ ਅਤੇ ਨੈਸ਼ਨਲ ਇੰਸਟੀਚਿਊਟ ਆਫ਼ ਅਰਬਨ ਅਫੇਅਰਜ਼ (ਐੱਨ. ਆਈ. ਯੂ. ਏ.) ਵਲੋਂ ਚਲਾਏ ਜਾ ਰਹੇ ਸਿਟੀ ਇਨਵੈਸਟਮੈਂਟਸ-ਟੂ-ਇਨੋਵੇਟ, ਇੰਟੀਗ੍ਰੇਟ ਐਂਡ ਸਸਟੇਨ (ਸੀ. ਆਈ. ਟੀ. ਆਈ. ਆਈ. ਐੱਸ.) ਪ੍ਰੋਗਰਾਮ ਦਾ ਇਕ ਹਿੱਸਾ ਹੈ। ਉਨ੍ਹਾਂ ਕਿਹਾ ਕਿ ਮਹਿੰਦਰਾ, ਅਤੁਲ ਅਤੇ ਪਿਆਜੀਓ, ਤਿੰਨ ਈ-ਆਟੋ ਨਿਰਮਾਤਾਵਾਂ ਨੂੰ ਇਸ ਸਮੇਂ ਰਾਹੀ ਪ੍ਰਾਜੈਕਟ ਤਹਿਤ ਆਟੋ ਰਿਕਸ਼ਾ ਚਾਲਕਾਂ ਦੇ ਪਰਿਵਾਰਕ ਮੈਂਬਰਾਂ ਲਈ ਮੁਫਤ ਹੁਨਰ ਵਿਕਾਸ ਕੋਰਸ ਵੀ ਸ਼ੁਰੂ ਕੀਤੇ ਗਏ ਹਨ, ਜਿੱਥੇ ਕਟਿੰਗ ਅਤੇ ਟੇਲਰਿੰਗ, ਬਿਊਟੀ ਪਾਰਲਰ, ਕੰਪਿਊਟਰ ਆਪਰੇਟਰ ਅਤੇ ਭੋਜਨ ਅਤੇ ਫਲਾਂ ਦੀ ਸੰਭਾਲ ਵਰਗੇ ਕੋਰਸ ਕਰਵਾਏ ਜਾ ਸਕਦੇ ਹਨ। ਅੰਮ੍ਰਿਤਸਰ ਦੇਸ਼ ਦਾ ਪਹਿਲਾ ਸ਼ਹਿਰ ਹੈ, ਜਿੱਥੇ ਇਸ ਪ੍ਰਾਜੈਕਟ ਰਾਹੀਂ ਇੰਨੇ ਵੱਡੇ ਪੱਧਰ ’ਤੇ ਈ-ਆਟੋਜ਼ ਨੂੰ ਜਨਤਕ ਆਵਾਜਾਈ ਪ੍ਰਣਾਲੀ ਦਾ ਹਿੱਸਾ ਬਣਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਮੀਂਹ ਕਾਰਨ ਤਬਾਹ ਹੋਈਆਂ ਫ਼ਸਲਾਂ ਲਈ ਸੁਖਬੀਰ ਬਾਦਲ ਵਲੋਂ ਪੰਜਾਬ ਸਰਕਾਰ ਵਲੋਂ ਮੁਆਵਜ਼ੇ ਦੀ ਮੰਗ
ਉਨ੍ਹਾਂ ਕਿਹਾ ਕਿ ਆਟੋ-ਰਿਕਸ਼ਾ ਜਨਤਕ ਆਵਾਜਾਈ ਪ੍ਰਣਾਲੀ ਦਾ ਇੱਕ ਮਹੱਤਵਪੂਰਨ ਹਿੱਸਾ ਹਨ ਅਤੇ ਸਿਰਫ ਇਕ ਬਿਹਤਰ ਜਨਤਕ ਆਵਾਜਾਈ ਪ੍ਰਣਾਲੀ ਲੋਕਾਂ ਨੂੰ ਆਪਣੇ ਨਿੱਜੀ ਵਾਹਨਾਂ ਦੀ ਬਜਾਏ ਜਨਤਕ ਆਵਾਜਾਈ ਦੀ ਵਰਤੋਂ ਕਰਨ ਲਈ ਪ੍ਰੇਰਿਤ ਕਰਦੀ ਹੈ। ਰਾਹੀ ਪ੍ਰਾਜੈਕਟ ਨਾਲ ਵਾਤਾਵਰਣ ਨੂੰ ਵੀ ਬਹੁਤ ਲਾਭ ਹੋਵੇਗਾ, ਕਿਉਂਕਿ ਇੱਕ ਡੀਜ਼ਲ ਆਟੋ ਪ੍ਰਤੀ ਕਿਲੋਮੀਟਰ 0.64 ਗ੍ਰਾਮ ਕਾਰਬਨ ਮੋਨੋਆਕਸਾਈਡ ਦਾ ਨਿਕਾਸ ਕਰਦਾ ਹੈ। ਇਸ ਅਨੁਸਾਰ, ਅੰਮ੍ਰਿਤਸਰ ਵਿਚ ਇਕ ਡੀਜ਼ਲ ਆਟੋ ਪ੍ਰਤੀ ਦਿਨ 45 ਗ੍ਰਾਮ (70 ਕਿਲੋਮੀਟਰ ਪ੍ਰਤੀ ਦਿਨ ਦੀ ਦੂਰੀ ਦੇ ਹਿਸਾਬ ਨਾਲ) ਅਤੇ 165 ਕਿਲੋਗ੍ਰਾਮ ਕਾਰਬਨ ਮੋਨੋਆਕਸਾਈਡ ਪ੍ਰਤੀ ਸਾਲ ਛੱਡਦਾ ਹੈ, ਪਰ ਈ-ਆਟੋ ਵਿਚ ਇਹ ਜ਼ੀਰੋ ਹੋਵੇਗਾ।
ਇਹ ਵੀ ਪੜ੍ਹੋ : ਪੰਜਾਬ ਦੇ ਵੱਡੇ ਨੇਤਾਵਾਂ ਦਾ ਭਵਿੱਖ ਤੈਅ ਕਰੇਗੀ ‘ਜਲੰਧਰ’ ਸੀਟ! ਹੋਵੇਗਾ ਚਹੁੰਤਰਫਾ ਮੁਕਾਬਲਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ