ਕਰਤਾਰਪੁਰ ਲਾਂਘੇ ਨੂੰ ਨਾ ਦਿੱਤੀ ਜਾਵੇ ਸਿਆਸੀ ਰੰਗਤ : ਬ੍ਰਹਮਪੁਰਾ

12/12/2018 7:25:08 PM

ਚੋਹਲਾ ਸਾਹਿਬ, (ਰਾਕੇਸ਼ ਨਈਅਰ)— ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਵਲੋਂ ਸਿੱਖੀ ਸਿਧਾਂਤਾਂ ਨਾਲ ਕੀਤੀ ਛੇੜਛਾੜ ਕਾਰਨ ਪਾਰਟੀ 'ਤੇ ਅਸਮਾਨੀ ਬਿਜਲੀਆਂ ਡਿਗਦੀਆਂ ਜਾ ਰਹੀਆਂ ਹਨ ਅਤੇ ਟਕਸਾਲੀ ਅਕਾਲੀ ਆਗੂਆਂ ਵਲੋਂ ਸੂਬਾ ਪੱਧਰੀ ਫ਼ੇਰੀ ਵੀ ਪੱਬਾਂ ਭਾਰ ਵਧਦੀ ਜਾ ਰਹੀ ਹੈ। ਹੁਣ ਟਕਸਾਲੀ ਅਕਾਲੀ ਆਗੂਆਂ ਦੇ ਫਰਜ਼ੰਦਾਂ ਵਲੋਂ ਵੀ ਮੀਟਿੰਗਾਂ ਦਾ ਸਿਲਸਿਲਾ ਰਾਤ ਦਿਨ ਇਕ ਕਰਕੇ ਨਵੇਂ ਸ਼੍ਰੋਮਣੀ ਅਕਾਲੀ ਦਲ ਦਾ ਗਠਨ ਕੀਤਾ 16 ਦਸੰਬਰ ਨੂੰ ਕੀਤਾ ਜਾਵੇਗਾ, ਜਿਸ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ ਜਾ ਰਿਹਾ ਹੈ ਅਤੇ ਬਾਦਲਕਿਆਂ ਤੋਂ ਪੰਜਾਬ ਅਤੇ ਸਿੱਖ ਸੰਸਥਾਵਾਂ ਨੂੰ ਨਿਜਾਤ ਦਿਵਾਉਣ ਲਈ ਲੋਕਾਂ ਵਲੋਂ ਵੀ ਭਰਵਾਂ ਹੁੰਗਾਰਾ ਇਹਨਾਂ ਆਗੂਆਂ ਨੂੰ ਮਿਲ ਰਿਹਾ ਹੈ।

ਅੱਜ ਇਥੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਪਿੰਡ ਡੇਰਾ ਸਾਹਿਬ ਦੇ ਪਿੰਡ ਗੁਰਦੁਆਰਾ ਸਾਹਿਬ ਵਿਖੇ ਅਕਾਲੀ ਵਰਕਰਾਂ ਦੀ ਵਿਸ਼ਾਲ ਮੀਟਿੰਗ ਕੀਤੀ ਗਈ, ਜਿਸ ਨੂੰ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਸੰਬੋਧਨ ਕੀਤਾ। ਸ੍ਰ. ਬ੍ਰਹਮਪੁਰਾ ਨੇ ਆਪਣੇ ਸੰਬੋਧਨ ਦੌਰਾਨ ਸਭ ਤੋਂ ਪਹਿਲਾਂ ਬਹੁਤ ਹੀ ਸੰਵੇਦਨਸ਼ੀਲ ਮੁੱਦੇ 'ਤੇ ਬੋਲਦਿਆਂ ਕਿਹਾ ਕਿ ਕਰਤਾਰਪੁਰ ਦੇ ਲਾਂਘੇ ਨੂੰ ਸਿਆਸੀ ਰੰਗਤ ਨਹੀਂ ਦੇਣੀ ਚਾਹੀਦੀ ਹੈ ਹਾਲਾਂਕਿ ਉਨ੍ਹਾਂ ਕਿਸੇ ਵੀ ਸਿਆਸੀ ਨੇਤਾ ਦਾ ਨਾਂ ਲੈ ਕੇ ਟਿਪਣੀ ਤਾਂ ਨਹੀਂ ਕੀਤੀ ਪਰ ਸਾਰੇ ਹੀ ਸਿਆਸੀ ਕੱਦਵਾਰ ਲੀਡਰਾਂ ਨੂੰ ਇਸ ਮੁੱਦੇ 'ਤੇ ਸਿਆਸਤ ਨਾ ਕਰਨ ਦੀ ਨਸੀਹਤ ਦਿੱਤੀ, ਜਿਸ ਨਾਲ ਸਿੱਖ ਕੌਮ ਦੀਆਂ ਧਾਰਮਿਕ ਭਾਵਨਾਵਾਂ ਪਿਛਲੇ ਲੰਮੇ ਅਰਸੇ ਤੋਂ ਜੁੜੀਆਂ ਹੋਣ ਉਸ ਨੂੰ ਸਿਆਸਤ ਨਾਲ ਨਾ ਜੋੜਿਆ ਜਾਵੇ।
ਇਸ ਅਕਾਲੀ ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ  ਬ੍ਰਹਮਪੁਰਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਅਤੇ ਉਸਦਾ ਸਾਲਾ ਬਿਕਰਮ ਸਿੰਘ ਮਜੀਠੀਏਂ ਦੀ ਮੱਤ ਮਾਰੀ ਗਈ ਹੈ, ਜਿੰਨਾਂ ਸਿੱਖ ਧਰਮ ਅਤੇ ਕੌਮ ਦਾ ਵੱਡਾ ਨੁਕਸਾਨ ਕੀਤਾ। ਕੋਟਕਪੂਰਾ, ਬਹਿਬਲ ਕਲਾਂ ਅਤੇ ਬਰਗਾੜੀ ਕਾਂਡ ਲਈ ਹਰ ਵਿਅਕਤੀ ਨੂੰ ਬੇਹੱਦ ਅਫ਼ਸੋਸ ਹੈ ਪਰ ਜਿਨ੍ਹਾਂ ਦੇ ਇਸ਼ਾਰੇ ਤੇ ਇਹ ਸਾਰੀ ਘਟਨਾ ਵਾਪਰੀ, ਉਸ ਸਮੇਂ ਦੇ ਮੋਜੂਦਾ ਹਾਕਮ ਬਾਦਲਾਂ ਨੂੰ ਰੱਤੀ ਭਰ ਅਫ਼ਸੋਸ ਨਹੀਂ ਹੋਇਆ ।

ਉਨ੍ਹਾਂ ਪਖੰਡੀ ਸਾਧ ਦੀ ਮੁਆਫੀ ਦਵਾਏਂ ਜਾਣ 'ਤੇ ਵੀ ਮਜੀਠੀਆ ਤੇ ਬਾਦਲ ਪਰਿਵਾਰ 'ਤੇ ਤਿੱਖੇ ਸ਼ਬਦਾਂ ਦੇ ਵਾਰ ਕੀਤੇ। ਉਨ੍ਹਾਂ ਕਿਹਾ  'ਡੇਰਾ ਮੁੱਖੀ ਪਖੰਡੀ ਸਾਧ' ਵਲੋਂ ਜੋ ਹੋਸ਼ੀਆਂ ਹਰਕਤਾਂ ਕੀਤੀਆਂ ਗਈਆਂ, ਉਸ ਨਾਲ ਸਮੂਚੀ ਸਿੱਖ ਕੌਮ ਦੀ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚੀ, ਜਿਸ ਤੇ ਪੰਜਾਬ ਦੇ ਲੋਕਾਂ ਨੇ ਪੰਥ ਦੇ ਗ਼ਦਾਰ ਬਾਦਲਕਿਆਂ ਨੂੰ ਰਾਜਭਾਗ ਤੋਂ ਲਾਂਭੇ ਕਰ ਦਿੱਤਾ ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਨਮੌਸ਼ੀ ਭਰੀ ਹਾਰ ਦਾ ਸਾਹਮਣਾ ਕਰਨਾ ਪਿਆ। ਹੁਣ ਜਦ ਆਪਣੇ ਕੀਤੇ ਹੋਏ ਬਜਰ ਗੁਨਾਹ ਅਤੇ ਪਾਪਾਂ ਦਾ ਘੜਾ ਭਰ ਗਿਆ ਤਾਂ ਫਿਰ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਕੇ 'ਖਿਮਾ ਜਾਚਨਾ' ਦੇ ਰੂਪ 'ਚ ਪਖੰਡ ਦਾ ਦਿਖਾਵਾ ਕੌਮ ਨੂੰ ਕਰ ਰਹੇ ਹਨ ਪਰ ਹੁਣ ਇਹਨਾਂ ਪੰਥ ਦੇ ਗ਼ਦਾਰਾਂ ਦੀਆਂ ਹਰਕਤਾਂ ਤੋਂ ਸਿੱਖ ਕੌਮ ਚੰਗੀ ਤਰ੍ਹਾਂ ਨਾਲ ਵਾਕਫ਼ ਚੁੱਕੀ ਹੈ ਜੋ ਇਹਨਾਂ ਦੇ ਝੂਠੇ ਅਤੇ ਫ਼ਰਜ਼ੀ ਲਾਰਿਆਂ 'ਚ ਨਹੀਂ ਫਸਣਗੇ।


Related News