SGPC ਪ੍ਰਧਾਨ ਧਾਮੀ ਦਾ CM ਮਾਨ ਨੂੰ ਜਵਾਬ, ਕਿਹਾ– ''ਬਿਆਨ ਨੂੰ ਤੋੜ-ਮਰੋੜ ਕੇ ਕੀਤਾ ਜਾ ਰਿਹਾ ਹੈ ਪੇਸ਼''

Tuesday, Dec 30, 2025 - 01:02 PM (IST)

SGPC ਪ੍ਰਧਾਨ ਧਾਮੀ ਦਾ CM ਮਾਨ ਨੂੰ ਜਵਾਬ, ਕਿਹਾ– ''ਬਿਆਨ ਨੂੰ ਤੋੜ-ਮਰੋੜ ਕੇ ਕੀਤਾ ਜਾ ਰਿਹਾ ਹੈ ਪੇਸ਼''

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੀ ਗਈ ਬਿਆਨਬਾਜ਼ੀ ਦਾ ਜਵਾਬ ਦਿੱਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਹੈ। ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪਾਵਨ ਸਰੂਪ ਮਾਮਲੇ 'ਚ ਮੁਲਾਜ਼ਮਾਂ ਖ਼ਿਲਾਫ਼ ਦਰਜ ਹੋਏ ਪਰਚੇ ਨੂੰ ਲੈ ਕੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਕਿਹਾ ਜਾ ਰਿਹਾ ਹੈ ਕਿ ਮੁਲਾਜ਼ਮਾਂ ਨੂੰ ਬਚਾਉਣ ਲਈ ਮਿਲੀਭੁਗਤ ਕੀਤੀ ਗਈ ਹੈ, ਪਰ ਮੈਂ ਇਹ ਗੱਲ ਪੂਰੀ ਤਰ੍ਹਾਂ ਸਪੱਸ਼ਟ ਕਰ ਦਿੰਦਾ ਹਾਂ ਕਿ ਸੇਵਾਦਾਰ ਤੋਂ ਲੈ ਕੇ ਮੁੱਖ ਸਕੱਤਰ ਤੱਕ ਸਾਰੇ ਸੰਬੰਧਤ 16 ਅਧਿਕਾਰੀ ਸਰਵਿਸ ਤੋਂ ਵਿਹਲੇ ਕਰ ਦਿੱਤੇ ਗਏ ਹਨ ਤੇ ਅਧਿਕਾਰੀਆਂ ਖ਼ਿਲਾਫ਼ ਸਾਡੇ ਵੱਲੋਂ ਕਾਰਵਾਈ ਪਹਿਲਾਂ ਹੀ ਹੋ ਚੁੱਕੀ ਹੈ। ਜੇਕਰ ਕਿਸੇ ਕਿਸਮ ਦੀ ਮਿਲੀਭੁਗਤ ਜਾਂ ਮਨਸ਼ਾ ਹੁੰਦੀ ਤਾਂ ਇਹ ਕਦਮ ਕਦੇ ਨਹੀਂ ਚੁੱਕਿਆ ਜਾਂਦਾ, ਪਰ ਜੋ ਇਸ ਮਾਮਲੇ ’ਤੇ ਜੋ ਗੱਲਾਂ ਕੀਤੀਆਂ ਜਾ ਰਹੀਆਂ ਹਨ, ਉਹ ਬਿਲਕੁਲ ਬੇਬੁਨਿਆਦ ਹਨ।

ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਤੌਰ ’ਤੇ ਮੈਂ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਅਸੀਂ ਕਿਸੇ ਨਾਲ ਵੀ ਢਿੱਲ ਨਹੀਂ ਵਰਤਦੇ। ਉਨ੍ਹਾਂ ਕਿਹਾ ਕਿ ਸਰਕਾਰ ਵਿੱਚ ਕਈ ਵਾਰ ਚੂਲਾਂ ਢਿੱਲੀਆਂ ਨਹੀਂ ਹੁੰਦੀਆਂ? ਪ੍ਰਬੰਧਕੀ ਕਮੀਆਂ ਕਿਤੇ ਵੀ ਹੋ ਸਕਦੀਆਂ ਹਨ, ਪਰ ਮਹੱਤਵਪੂਰਨ ਇਹ ਹੈ ਕਿ ਉਨ੍ਹਾਂ 'ਤੇ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਨਿਯਮਾਂ ਵਿੱਚ ਕਿਤੇ ਵੀ ਇਹ ਨਹੀਂ ਲਿਖਿਆ ਕਿ ਪੁਲਸ ਨੂੰ ਮਾਮਲਾ ਸੌਂਪਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਮੈਂ ਸਰਕਾਰਾਂ ਵਿੱਚ ਹੋਏ ਕਈ ਕੇਸ ਗਿਣਾ ਸਕਦਾ ਹਾਂ, ਪਰ ਮੈਂ ਤੁਲਨਾ ਨਹੀਂ ਕਰਨਾ ਚਾਹੁੰਦਾ, ਕਿਉਂਕਿ ਸ਼੍ਰੋਮਣੀ ਕਮੇਟੀ ਇੱਕ ਵੱਡੀ ਅਤੇ ਜ਼ਿੰਮੇਵਾਰ ਸੰਸਥਾ ਹੈ।

ਇਸ ਤੋਂ ਇਲਾਵਾ ਧਾਮੀ ਨੇ ਕਿਹਾ ਕਿ ਕਈ ਵਾਰ ਮੈਨੂੰ ਇਹ ਸਵਾਲ ਕੀਤਾ ਜਾਂਦਾ ਹੈ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਬੁਲਾਰਾ ਬਣ ਕੇ ਬੋਲਦਾ ਹੈ। ਇਸ ’ਤੇ ਉਨ੍ਹਾਂ ਕਿਹਾ ਕਿ ਮੈਂ ਪਹਿਲਾਂ ਵੀ ਸਪੱਸ਼ਟ ਕਰ ਚੁੱਕਾ ਹਾਂ ਕਿ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹਾਂ, ਪਰ ਮੇਰੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਹੈ। ਜੇ ਮੈਂ ਅਕਾਲੀ ਦਲ ਦੀ ਪ੍ਰਤੀਨਿਧਤਾ ਨਹੀਂ ਕਰਾਂਗਾ, ਤਾਂ ਫਿਰ ਮੈਂ ਕਿਸ ਸਿਆਸੀ ਪਾਰਟੀ ਦੀ ਪ੍ਰਤੀਨਿਧਤਾ ਕਰਾਂ? ਉਨ੍ਹਾਂ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਸਿਪਾਹੀ ਹਨ। ਉਨ੍ਹਾਂ ਇਲਜ਼ਾਮ ਲਾਇਆ ਕਿ ਉਨ੍ਹਾਂ ਦੇ ਬਿਆਨ ਦੇ ਇੱਕ ਛੋਟੇ ਜਿਹੇ ਹਿੱਸੇ ਨੂੰ ਜਾਣਬੁੱਝ ਕੇ ਮੁੱਦਾ ਬਣਾਇਆ ਗਿਆ ਹੈ ਤਾਂ ਜੋ ਵਿਵਾਦ ਪੈਦਾ ਕੀਤਾ ਜਾ ਸਕੇ।

 


author

Shivani Bassan

Content Editor

Related News