ਦੇਵੀ-ਦੇਵਤਿਆਂ ਦੀਆਂ ਖੰਡਤ ਮੂਰਤੀਆਂ ਵੇਖ ਹਿੰਦੂ ਭਾਈਚਾਰੇ 'ਚ ਰੋਸ, ਕੀਤੀ ਕਾਰਵਾਈ ਦੀ ਮੰਗ
Thursday, Dec 08, 2022 - 12:03 PM (IST)
ਅੰਮ੍ਰਿਤਸਰ (ਗੁਰਿੰਦਰ ਸਾਗਰ)- ਪੰਜਾਬ ਵਿਚ ਲਗਾਤਾਰ ਹੀ ਧਰਮ ਦੀ ਨਿਰਾਦਰੀ ਦਾ ਸਿਲਸਿਲਾ ਚੱਲ ਰਿਹਾ ਹੈ। ਰੇਲਵੇ ਕਾਲੋਨੀ ਬੀ-ਬਲਾਕ ਦੇ ਨਜ਼ਦੀਕ ਖੁੱਲ੍ਹੇ ਥਾਂ 'ਤੇ ਜਗਰਾਤੇ 'ਚ ਵੇਖੀਆਂ ਜਾਣ ਵਾਲੀਆਂ ਭਗਵਾਨ ਸ਼ੰਕਰ ਅਤੇ ਹਨੂਮਾਨ ਜੀ ਦੀਆਂ ਮੂਰਤੀਆਂ ਕੂੜੇ ਦੇ ਢੇਰ 'ਚ ਪਈਆਂ ਹੋਈਆਂ ਸਨ। ਇਸ ਦੀ ਖ਼ਬਰ ਮਿਲਣ 'ਤੇ ਹਿੰਦੂ ਸੰਗਠਨ ਰਾਸ਼ਟਰੀ ਸੈਨਾ ਭਗਵਾ ਦੇ ਮੁਖੀ ਪੰਕਜ ਦਰਵੇਸ਼ਰ ਆਪਣੇ ਸਾਥੀਆਂ ਨਾਲ ਉੱਥੇ ਪਹੁੰਚੇ, ਜਿੱਥੇ ਉਨ੍ਹਾਂ ਕਿਹਾ ਕਿ ਇਹ ਮੂਰਤੀਆਂ ਖੰਡਤ ਹੋਣ 'ਤੇ ਕਿਸੇ ਵਿਅਕਤੀ ਵੱਲੋਂ ਕੂੜੇ ਦੇ ਢੇਰ 'ਚ ਰੱਖ ਦਿੱਤੀਆਂ ਗਈਆਂ ਹਨ, ਜੋ ਬਹੁਤ ਹੀ ਨਿੰਦਾਯੋਗ ਹੈ।
ਇਹ ਵੀ ਪੜ੍ਹੋ- ਗੰਨ ਕਲਚਰ ਨੂੰ ਉਤਸ਼ਾਹਿਤ ਕਰਦੀਆਂ ਸਿੱਧੂ ਮੂਸੇਵਾਲਾ ਦੀਆਂ ਤਸਵੀਰਾਂ ਵਾਲੀਆਂ ਪਤੰਗਾਂ ਦੁਕਾਨਾਂ 'ਤੇ ਲੱਗੀਆਂ
ਪੰਕਜ ਦਵੇਸ਼ਰ ਨੇ ਕਿਹਾ ਕਿ ਇਸ ਇਲਾਕੇ ਵਿਚ ਕੁਝ ਜਗਰਾਤੇ 'ਚ ਮੂਰਤੀਆਂ ਸਪਲਾਈ ਕਰਨ ਵਾਲੇ ਦੁਕਾਨਦਾਰ ਹਨ। ਉਨ੍ਹਾਂ ਦੁਕਾਨਦਾਰਾਂ ਵੱਲੋਂ ਹੀ ਇਹ ਕੰਮ ਕੀਤਾ ਗਿਆ ਹੈ। ਦੂਜੇ ਪਾਸੇ ਐੱਸ.ਐੱਚ.ਓ ਥਾਣਾ ਗੇਟ ਹਕੀਮਾ ਗੁਰਬਿੰਦਰ ਸਿੰਘ ਨੇ ਦੱਸਿਆ ਕਿ ਹਿੰਦੂ ਸੰਗਠਨਾਂ ਵੱਲੋਂ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਹੈ ਕਿ ਉਨ੍ਹਾਂ ਦੀ ਦਰਖ਼ਾਸਤ ਦੇ ਮੁਤਾਬਕ ਜੋ ਵੀ ਲੋੜੀਂਦੀ ਕਾਨੂੰਨੀ ਕਾਰਵਾਈ ਹੋਵੇਗੀ, ਉਹ ਅਮਲ ਵਿਚ ਲਿਆਂਦੀ ਜਾਵੇਗੀ।
ਇਹ ਵੀ ਪੜ੍ਹੋ- ਮਨੁੱਖਾਂ ਤੇ ਪੰਛੀਆਂ ਦੀ ਜਾਨ ਦਾ ਖੌਅ ਬਣੀ ਚਾਈਨਜ਼ ਡੋਰ, ਖ਼ਤਮ ਕਰਨਾ ਪ੍ਰਸ਼ਾਸਨ ਲਈ ਵੱਡੀ ਚੁਣੌਤੀ
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਹਿੰਦੂ ਨੇਤਾ ਸੁਧੀਰ ਸੂਰੀ ਦਾ ਕਤਲ ਵੀ ਇਕ ਮੰਦਰ ਪ੍ਰਬੰਧਨ ਵੱਲੋਂ ਕੀਤੀ ਗਈ ਸਰੂਪਾਂ ਦੀ ਬੇਅਦਬੀ ਦੇ ਖ਼ਿਲਾਫ਼ ਧਰਨੇ 'ਚ ਹੀ ਹੋਇਆ ਸੀ। ਇਸ ਦੇ ਨਾਲ ਅੱਜ ਵੀ ਕੂੜੇ ਦੇ ਢੇਰ 'ਚੋਂ ਦੋ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਮਿਲਣ ਤੋਂ ਬਾਅਦ ਇਕ ਵਾਰ ਫ਼ੇਰ ਇਹ ਮਸਲਾ ਉਭਰ ਕੇ ਸਾਹਮਣੇ ਆਇਆ ਹੈ। ਜਿਸ ਨੂੰ ਲੈ ਕੇ ਹਿੰਦੂ ਸੰਗਠਨਾਂ ਵੱਲੋਂ ਅਣਪਛਾਤੇ ਵਿਅਕਤੀਆਂ 'ਤੇ ਪਰਚਾ ਦਰਜ ਕਰਨ ਦੀ ਮੰਗ ਕੀਤੀ ਗਈ ਹੈ। ਪਰਚ ਦਰਜ ਨਾ ਹੋਣ 'ਤੇ ਧਰਨੇ ਲਾਉਣ ਦੀ ਗੱਲ ਵੀ ਹਿੰਦੂ ਸੰਗਠਨਾਂ ਨੇ ਕਹੀ ਹੈ।