28 ਮਹੀਨਿਆਂ ਬਾਅਦ ਵੀ ਰੀਗੋ ਬ੍ਰਿਜ ਅਧੂਰਾ, ਵਪਾਰ ਮੰਡਲ ਦੀ ਚਿਤਾਵਨੀ
Thursday, Apr 30, 2026 - 11:45 AM (IST)
ਅੰਮ੍ਰਿਤਸਰ (ਇੰਦਰਜੀਤ)- ਅੰਮ੍ਰਿਤਸਰ ਦੀ “ਲਾਈਫ ਲਾਈਨ” ਮੰਨੇ ਜਾਂਦੇ ਰੀਗੋ ਰੇਲਵੇ ਓਵਰ ਬ੍ਰਿਜ (ਆਰ.ਓ.ਬੀ.) ਦੇ ਨਿਰਮਾਣ ਵਿਚ ਹੋ ਰਹੀ ਬੇਹੱਦ ਦੇਰੀ ਨੇ ਸ਼ਹਿਰ ਦੇ ਵਪਾਰੀਆਂ ਅਤੇ ਆਮ ਲੋਕਾਂ ਦਾ ਧੀਰਜ ਖ਼ਤਮ ਕਰ ਦਿੱਤਾ ਹੈ। ਪਿਛਲੇ 28 ਮਹੀਨਿਆਂ ਤੋਂ ਬੰਦ ਇਸ ਰਸਤੇ ਕਾਰਨ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਪੂਰੀ ਤਰ੍ਹਾਂ ਚਰਮਰਾ ਗਈ ਹੈ। ਇਸ ਮਾਮਲੇ ’ਤੇ ਸਖਤ ਰੋਸ ਪ੍ਰਗਟਾਉਂਦਿਆਂ ਪੰਜਾਬ ਪ੍ਰਦੇਸ਼ ਵਪਾਰ ਮੰਡਲ ਨੇ ਪ੍ਰਸ਼ਾਸਨ ਅਤੇ ਸੰਬੰਧਿਤ ਵਿਭਾਗਾਂ ਨੂੰ ਸਾਫ਼ ਕਿਹਾ ਹੈ ਕਿ ਜੇਕਰ ਪੁਲ ਦਾ ਨਿਰਮਾਣ ਜਲਦੀ ਸੰਭਵ ਨਹੀਂ, ਤਾਂ ਅੰਗਰੇਜ਼ਾਂ ਦੇ ਸਮੇਂ ਦੀ ਤਰ੍ਹਾਂ ਇੱਥੇ ਮੁੜ ਰੇਲਵੇ ਫਾਟਕ ਚਾਲੂ ਕਰ ਕੇ ਰਸਤਾ ਖੋਲ੍ਹਿਆ ਜਾਵੇ, ਤਾਂ ਜੋ ਲੋਕਾਂ ਦੀ ਦਿਨਚਰੀ ਪ੍ਰਭਾਵਿਤ ਨਾ ਹੋਵੇ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ 'ਚ 4 ਦਿਨਾਂ ਲਈ ਕੱਪੜੇ ਦੀਆਂ ਮਾਰਕੀਟਾਂ ਬੰਦ
ਵਪਾਰਕ ਸਰਗਰਮੀਆਂ ’ਤੇ ਲੱਗੀ ਬ੍ਰੇਕ
ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਪ੍ਰਦੇਸ਼ ਪ੍ਰਧਾਨ ਪਿਆਰੇ ਲਾਲ ਸੇਠ, ਮਹਾਂਮੰਤਰੀ ਸਮੀਰ ਜੈਨ, ਅੰਮ੍ਰਿਤਸਰ ਇਕਾਈ ਦੇ ਪ੍ਰਧਾਨ ਸੁਰਿੰਦਰ ਦੁੱਗਲ, ਭਾਰਤੀ ਉਦਯੋਗ ਵਪਾਰ ਮੰਡਲ ਦੇ ਪ੍ਰਦੇਸ਼ ਪ੍ਰਧਾਨ ਸੇਠ ਰੰਜਨ ਅਗਰਵਾਲ ਅਤੇ ਐੱਸ. ਕੇ. ਵਧਵਾ ਨੇ ਨਿਰਮਾਣ ਕਾਰਜ ਦੀ ਸੁਸਤ ਗਤੀ ’ਤੇ ਗੰਭੀਰ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਇਹ ਪੁਲ ਜੀ. ਟੀ. ਰੋਡ ਅਤੇ ਗੋਬਿੰਦਗੜ੍ਹ ਕਿਲ੍ਹਾ ਖੇਤਰ ਨੂੰ ਜੋੜਨ ਵਾਲਾ ਇਕ ਮਹੱਤਵਪੂਰਨ ਮਾਰਗ ਹੈ। ਇਸ ਦੇ ਬੰਦ ਹੋਣ ਨਾਲ ਨਾ ਸਿਰਫ਼ ਟ੍ਰੈਫਿਕ ਵਿਵਸਥਾ ਖ਼ਰਾਬ ਹੋ ਗਈ ਹੈ, ਸਗੋਂ ਵਪਾਰਕ ਸਰਗਰਮੀਆਂ ਵੀ ਠੱਪ ਪੈ ਗਈਆਂ ਹਨ। ਨਵਾਂ ਕੋਟ, ਇਸਲਾਮਾਬਾਦ ਅਤੇ ਆਸ-ਪਾਸ ਦੇ ਪਿੰਡਾਂ ਤੋਂ ਆਉਣ ਵਾਲੇ ਹਜ਼ਾਰਾਂ ਲੋਕ ਹਰ ਰੋਜ਼ ਘੰਟਿਆਂ ਜਾਮ ਵਿਚ ਫਸਣ ਲਈ ਮਜਬੂਰ ਹਨ।
ਇਹ ਵੀ ਪੜ੍ਹੋ- ਪੰਜਾਬ ਭਰ 'ਚ 20 ਮਈ ਨੂੰ ਲੈ ਕੇ ਹੋ ਗਿਆ ਵੱਡਾ ਐਲਾਨ, ਲੋਕਾਂ ਲਈ ਖੜ੍ਹੀ ਹੋ ਸਕਦੀ ਵੱਡੀ ਮੁਸੀਬਤ
ਡੈੱਡਲਾਈਨ ਵਧਣ ਨਾਲ ਵਧਿਆ ਗੁੱਸਾ
ਭਾਰਤੀ ਵਪਾਰ ਉਦਯੋਗ ਮੰਡਲ ਦੇ ਪ੍ਰਦੇਸ਼ ਪ੍ਰਧਾਨ ਰੰਜਨ ਅਗਰਵਾਲ ਨੇ ਸੰਬੰਧਤ ਵਿਭਾਗਾਂ ਦੀ ਕਾਰਗੁਜ਼ਾਰੀ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਪਹਿਲਾਂ ਇਸ ਪ੍ਰਾਜੈਕਟ ਨੂੰ 2025 ਦੇ ਅੰਤ ਤੱਕ ਪੂਰਾ ਕਰਨ ਦਾ ਲਕਸ਼ ਰੱਖਿਆ ਗਿਆ ਸੀ ਪਰ ਹੁਣ ਇਸ ਦੀ ਸਮਾਂ ਸੀਮਤ ਵਧਾ ਕੇ ਨਵੰਬਰ 2026 ਕਰਨ ਦੀ ਚਰਚਾ ਚੱਲ ਰਹੀ ਹੈ। ਵਪਾਰੀਆਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਲੋਕਾਂ ਦੀਆਂ ਮੁਸ਼ਕਲਾਂ ਪ੍ਰਤੀ ਬਿਲਕੁਲ ਸੰਵੇਦਨਹੀਨ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ- ਦੇਸ਼ ਦੇ 6 ਕਰੋੜ ਕਰਿਆਨਾ ਦੁਕਾਨਦਾਰਾਂ ਦੀ ਰੋਜ਼ੀ-ਰੋਟੀ ’ਤੇ ਸੰਕਟ ਦੇ ਬੱਦਲ, ਜਾਣੋ ਕਾਰਨ
ਇਹ ਹਨ ਮੁੱਖ ਮੰਗਾਂ
ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਮਹਾਂਮੰਤਰੀ ਸਮੀਰ ਜੈਨ ਅਤੇ ਜ਼ਿਲਾ ਪ੍ਰਧਾਨ ਸੁਰਿੰਦਰ ਦੁੱਗਲ ਨੇ ਰੇਲਵੇ ਅਤੇ ਸਥਾਨਕ ਪ੍ਰਸ਼ਾਸਨ ਅੱਗੇ ਇਹ ਮੰਗਾਂ ਰੱਖੀਆਂ:
–ਨਿਰਮਾਣ ਕੰਮ ਨੂੰ ਯੁੱਧ ਪੱਧਰ ’ਤੇ ਤੇਜ਼ ਕਰ ਕੇ ਨਿਰਧਾਰਤ ਸਮੇਂ ਤੋਂ ਪਹਿਲਾਂ ਪੂਰਾ ਕੀਤਾ ਜਾਵੇ।
–ਜੇਕਰ ਹੋਰ ਦੇਰੀ ਹੋਣੀ ਹੈ ਤਾਂ ਤੁਰੰਤ ਬਦਲ ਰਸਤਾ ਜਾਂ ਅਸਥਾਈ ਰੇਲਵੇ ਫਾਟਕ ਦੀ ਵਿਵਸਥਾ ਕੀਤੀ ਜਾਵੇ।
–ਦੇਰੀ ਲਈ ਜ਼ਿੰਮੇਵਾਰ ਵਿਭਾਗਾਂ ਅਤੇ ਠੇਕੇਦਾਰਾਂ ਦੀ ਜਵਾਬਦੇਹੀ ਤੈਅ ਕੀਤੀ ਜਾਵੇ, ਤਾਂ ਜੋ ਲੋਕਾਂ ਨੂੰ ਹੋਰ ਆਰਥਿਕ ਅਤੇ ਮਾਨਸਿਕ ਨੁਕਸਾਨ ਨਾ ਝੱਲਣਾ ਪਵੇ।
ਵਪਾਰ ਮੰਡਲ ਦੀ ਚਿਤਾਵਨੀ
ਵਪਾਰੀਆਂ ਦੇ ਸਮੂਹ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਜਲਦੀ ਇਸ ਮਾਮਲੇ ਵਿਚ ਢੁਕਵੇਂ ਕਦਮ ਨਾ ਚੁੱਕੇ ਗਏ ਤਾਂ ਉਹ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਮਜ਼ਬੂਰ ਹੋਣਗੇ, ਜਿਸ ਦੀ ਪੂਰੀ ਜ਼ਿੰਮੇਵਾਰੀ ਸੰਬੰਧਿਤ ਪ੍ਰਸ਼ਾਸਨ ਦੀ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
