ਪੌਣੇ ਦੋ ਲੱਖ ਫੁੱਟ ਦੇ ਪੰਡਾਲ ’ਚ ਹੋਵੇਗੀ ਪ੍ਰਧਾਨ ਮੰਤਰੀ ਦੀ ‘ਮਹਾਰੈਲੀ’

12/28/2018 3:30:23 AM

ਗੁਰਦਾਸਪੁਰ/ਪਠਾਨਕੋਟ,   (ਹਰਮਨਪ੍ਰੀਤ, ਵਿਨੋਦ, ਅਦਿਤਿਆ)-  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 3 ਜਨਵਰੀ ਨੂੰ ਹੋਣ ਵਾਲੀ ਰੈਲੀ ਦੇ ਸਬੰਧ ’ਚ ਅੱਜ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਸਵਰਨ ਸਲਾਰੀਆ ਨੇ ‘ਜਗ ਬਾਣੀ’ ਨਾਲ ਵਿਸ਼ੇਸ਼ ਮੁਲਾਕਾਤ ਦੌਰਾਨ ਜਿਥੇ ਇਸ ਮਹਾਂ ਰੈਲੀ ’ਚ ਲੱਖਾਂ ਲੋਕਾਂ ਦੇ ਪਹੁੰਚਣ ਦਾ ਦਾਅਵਾ ਕੀਤਾ ਹੈ, ਉਸ ਦੇ ਨਾਲ ਹੀ ਸਲਾਰੀਆ ਨੇ ਆਪਣੇ ਹਲਕੇ ਅਤੇ ਪੰਜਾਬ ਨਾਲ ਜੁਡ਼ੇ ਕਈ ਮਾਮਲਿਆਂ ਦੇ ਹੱਲ ਹੋਣ ਦੀ ਉਮੀਦ ਕਰਦਿਆਂ ਕਾਂਗਰਸ ਸਰਕਾਰ ’ਤੇ ਵੀ ਤਿੱਖੇ ਵਿਅੰਗ ਕੀਤੇ ਹਨ। ਇਸ ਰੈਲੀ ਨੂੰ ਲੈ ਕੇ ਸਲਾਰੀਆ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਲੋਕ ਸਭਾ ਹਲਕਾ ਗੁਰਦਾਸਪੁਰ ਸਮੁੱਚੀ ਭਾਜਪਾ ਅਤੇ ਨਰਿੰਦਰ ਮੋਦੀ ਲਈ ਬਹੁਤ ਸ਼ੁਭ ਹੈ ਕਿਉਂਕਿ ਪਿਛਲੀ ਲੋਕ ਸਭਾ ਚੋਣਾਂ ਦੌਰਾਨ ਵੀ ਸ੍ਰੀ ਮੋਦੀ ਨੇ ਇਸੇ ਹਲਕੇ ’ਚ ਮਾਧੋਪੁਰ ਵਿਖੇ ਪਹਿਲੀ ਰੈਲੀ ਕਰ ਕੇ ਚੋਣ ਮੁਹਿੰਮ ਦਾ ਬਿਗੁਲ ਵਜਾਇਆ ਸੀ ਅਤੇ ਦੇਸ਼ ਅੰਦਰ ਵੱਡੀਆਂ ਜਿੱਤਾਂ ਦਰਜ ਕੀਤੀਆਂ ਸਨ। ਇਸੇ ਤਹਿਤ ਉਹ 2019 ਦੀ ਪਹਿਲੀ ਰੈਲੀ ਵੀ ਇਸੇ ਹਲਕੇ ਤੋਂ ਕਰਨ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਇਸ ਵਾਰ ਭਾਜਪਾ ਆਪਣੀ ਸਹਿਯੋਗੀ ਪਾਰਟੀਆਂ ਨਾਲ ਮਿਲ ਕੇ 300 ਤੋਂ ਵੀ ਜ਼ਿਆਦਾ ਸੀਟਾਂ ’ਤੇ ਜਿੱਤ ਹਾਸਿਲ ਕਰੇਗੀ।
ਸਵਰਨ ਸਲਾਰੀਆ ਨੇ ਕਿਹਾ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਅਤੇ ਪਾਰਟੀ ਹਾਈਕਮਾਨ ਵੱਲੋਂ ਰੈਲੀ ਦੀਆਂ ਤਿਆਰੀਆਂ ਲਈ ਲਗਾਈ ਗਈ ਡਿਊਟੀ ਨੂੰ  ਪੂਰੀ ਸੰਜੀਦਗੀ ਨਾਲ ਨਿਭਾਅ ਰਿਹਾ ਹਾਂ ਅਤੇ ਇਸ ਰੈਲੀ ਦੀਆਂ ਤਿਆਰੀਆਂ ਨੂੰ ਹਰ ਪੱਖੋਂ ਮੁਕੰਮਲ ਕਰ ਕੇ ਹਾਈਕਮਾਨ ਦੀਆਂ ਉਮੀਦਾਂ ’ਤੇ ਖਰਾਂ ਉਤਰਾਂਗਾ। ਇਸ ਰੈਲੀ ਲਈ ਲਗਾਇਆ ਜਾਣ ਵਾਲਾ ਪੰਡਾਲ ਬੇਮਿਸਾਲ ਹੋਵੇਗਾ, ਜਿਸ ਲਈ ਕਰੀਬ ਪੌਣੇ ਦੋ ਲੱਗ ਫੁੱਟ ਰਕਬੇ ’ਚ ਲੋਕਾਂ ਦੇ ਬੈਠਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਰੈਲੀ ਲਈ ਭਾਜਪਾ ਦੇ ਸਮੂਹ ਆਗੂਆਂ ਤੋਂ ਇਲਾਵਾ ਅਕਾਲੀ ਆਗੂਆਂ ਵੱਲੋਂ ਵੀ ਦਿਨ ਰਾਤ ਮਿਹਨਤ ਕੀਤੀ ਜਾ ਰਹੀ ਹੈ। ਜਿਸ ਕਾਰਨ ਇਸ ਰੈਲੀ ’ਚ ਕਰੀਬ ਡੇਢ ਤੋਂ ਪੌਣੇ ਦੋ ਲੱਖ ਲੋਕਾਂ ਦੇ ਆਉਣ ਦੀ ਸੰਭਾਵਨਾ ਹੈ। 
 1600 ਵਰਗ ਫੁੱਟ ਦੀ ਹੋਵੇਗੀ ਸਟੇਜ
 ਸਲਾਰੀਆ ਨੇ ਦੱਸਿਆ ਕਿ ਰੈਲੀ ਲਈ ਬਣਾਈ ਜਾ ਰਹੀ ਮੁੱਖ ਸਟੇਜ ’ਤੇ  ਪਾਰਟੀ ਦੀ ਸੀਨੀਅਰ ਲੀਡਰਸ਼ਿਪ ਹੀ ਮੌਜੂਦ ਰਹੇੇਗੀ, ਜਿਨ੍ਹਾਂ ਦੀ ਗਿਣਤੀ ਦੇ ਹਿਸਾਬ ਨਾਲ ਕਰੀਬ 1600 ਵਰਗ ਫੁੱਟ ਅਕਾਰ ਦੀ ਵਾਟਰਪਰੂਫ ਸਟੇਜ ਬਣਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਰੈਲੀ ਦੌਰਾਨ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਜਾ ਰਹੇ ਹਨ, ਜਿਸ ਤਹਿਤ ਪੰਡਾਲ ’ਚ ਆਉਣ ਲਈ ਚਾਰ ਮੁੱਖ ਰਸਤੇ ਹੋਣਗੇ ਜਦੋਂ ਕਿ ਇਕ ਰਸਤਾ ਸ੍ਰੀ ਮੋਦੀ ਅਤੇ ਹੋਰ ਉਚ ਅਹੁਦੇਦਾਰਾਂ ਲਈ ਹੋਵੇਗਾ ਅਤੇ ਇਕ ਹੋਰ ਰਸਤਾ ਵੀ. ਆਈ. ਪੀਜ਼ ਅਤੇ ਪ੍ਰੈੱਸ ਲਈ ਬਣਾਇਆ ਜਾ ਰਿਹਾ ਹੈ। 
 ਪੁੱਡਾ ਗਰਾਊਂਡ ’ਚ ਹੀ ਬਣੇਗਾ ਹੈਲੀਪੈਡ
 ਹੁਣ ਤੱਕ ਪੁੱਡਾ ਗਰਾਊਂਡ ’ਚ ਜਿਨੇ ਵੀ ਪ੍ਰੋਗਰਾਮ ਹੋਏ ਹਨ, ਉਨ੍ਹਾਂ ਵਿਚੋਂ ਇਕ ਨੂੰ ਛੱਡ ਕੇ ਬਾਕੇ ਦੇ ਤਕਰੀਬਨ ਸਾਰੇ ਪ੍ਰੋਗਰਾਮਾਂ ’ਚ ਆਉਣ ਵਾਲੇ ਮੁੱਖ ਮਹਿਮਾਨਾਂ ਲਈ ਹੈਲੀਪੈਡ ਹਮੇਸ਼ਾਂ ਸ਼ਹਿਰ ਦੇ ਬਾਹਰਵਾਰ ਕਿਸੇ ਹੋਰ ਥਾਂ ’ਤੇ ਬਣਾਇਆ ਜਾਂਦਾ ਰਿਹਾ ਹੈ। ਪਰ ਪ੍ਰਧਾਨ ਮੰਤਰੀ ਦੇ ਸਮੇ ਅਤੇ ਸੁਰੱਖਿਆ ਨੂੰ ਮੁੱਖ ਰੱਖਦਿਆਂ ਇਸ ਰੈਲੀ ਲਈ ਪ੍ਰਧਾਨ ਮੰਤਰੀ ਲਈ ਪੁੱਡਾ ਕਲੋਨੀ ਦੇ ਅੰਦਰ ਹੀ ਹੈਲੀਪੈਡ ਬਣਾਇਆ ਜਾ ਰਿਹਾ ਹੈ।
 50000 ਲੋਕਾਂ ਲਈ ਲੰਗਰ ਦਾ ਪ੍ਰਬੰਧ
 ਸਲਾਰੀਆ ਨੇ ਦੱਸਿਆ ਕਿ ਰੈਲੀ ’ਚ ਆਉਣ ਵਾਲੇ ਲੋਕਾਂ ਲਈ ਪਾਣੀ ਅਤੇ ਖਾਣ-ਪੀਣ ਦਾ ਵੀ ਸੁਚੱਜਾ ਪ੍ਰਬੰਧ ਕੀਤਾ ਜਾ ਰਿਹਾ ਹੈ, ਜਿਸ ਤਹਿਤ ਉਨ੍ਹਾਂ ਵੱਲੋਂ ਘੱਟੋ-ਘੱਟ 50000 ਲੋਕਾਂ ਲਈ ਖਾਣੇ ਦਾ ਪ੍ਰਬੰਦ ਕੀਤਾ ਹੈ ਜਦੋਂ ਕਿ ਵੀ. ਆਈ. ਪੀਜ਼ ਲਈ ਵੀ ਵੱਖਰਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਰੈਲੀ ਦੌਰਾਨ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਉਹ ਇਹ ਗੱਲ ਯਕੀਨੀ ਬਣਾਉਣਗੇ ਕਿ ਕਿਸੇ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ।
 ਸੁਰੱਖਿਆ ਅਤੇ ਪਾਰਕਿੰਗ ਦੇ ਪ੍ਰਬੰਧ
 ਇਸ ਰੈਲੀ ਨੂੰ ਲੈ ਕੇ ਸੁਰੱਖਿਆ ਦੇ ਵੀ ਸਖ਼ਤ ਪ੍ਰਬੰਧ ਕੀਤੇ ਜਾ ਰਹੇ ਹਨ, ਜਿਸ ਤਹਿਤ ਐੱਸ. ਐੱਸ. ਪੀ. ਸਵਰਨਦੀਪ ਸਿੰਘ ਵੱਲੋਂ ਵੀ ਤਕਰੀਬਨ ਰੋਜ਼ਾਨਾ ਰੈਲੀ ਵਾਲੀ ਥਾਂ ’ਤੇ ਜਾ ਕੇ ਜਾਇਜ਼ਾ ਲਿਆ ਜਾ ਰਿਹਾ ਹੈ ਅਤੇ ਨਾਲ ਹੀ ਹੋਰ ਪੁਲਸ ਅਧਿਕਾਰੀ ਵੀ ਵੱਡੀ ਗਿਣਤੀ ’ਚ ਤਾਇਨਾਤ ਕਰ ਦਿੱਤੇ ਗਏ ਹਨ। ਇਸੇ ਤਰ੍ਹਾਂ ਗੁਰਦਾਸਪੁਰ ਨੂੰ ਆਉਣ ਵਾਲੀਆਂ ਵੱਖ-ਵੱਖ ਸਡ਼ਕਾਂ ’ਤੇ ਪਾਰਕਿੰਗ ਦੇ ਵੀ ਪ੍ਰਬੰਧ ਕੀਤੇ ਗਏ ਹਨ।
 Îਮੋਦੀ ਸਾਹਮਣੇ ਰੱਖੀਆਂ ਜਾਣਗੀਆਂ ਵੱਡੀਆਂ ਮੰਗਾਂ
 ਸਵਰਨ ਸਲਾਰੀਆ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਕੋਲੋਂ ਇਸ ਹਲਕੇ ਅੰਦਰ 50000 ਮੀਟਰਕ ਟਨ ਦੀ ਖੰਡ ਮਿੱਲ ਲਗਾਉਣ ਸਮੇਤ ਪ੍ਰਾਜੈਕਟਾਂ ਦੀ ਮੰਗ ਕਰਨਗੇ, ਜਿਸ ਤਹਿਤ ਲੋਕ ਸਭਾ ਹਲਕੇ ’ਚ ਆਈ. ਆਈ. ਟੀ. ਜਾਂ ਆਈ. ਆਈ. ਐੱਮ. ਸਥਾਪਤ ਕਰਨ ਤੋਂ ਇਲਾਵਾ ਪਟਿਆਲਾ ਵਾਂਗ ਇਥੇ ਵੀ ਸਪੋਰਟਸ ਸੈਂਟਰ ਖੋਲ੍ਹਣ ਦੀ ਮੰਗ ਕਰਨਗੇ। ਉਨ੍ਹਾਂ ਕਿਹਾ ਕਿ ਹੋਰ ਵੀ ਅਨੇਕਾਂ ਮੁੱਦੇ ਹਨ ਜਿਨ੍ਹਾਂ ਸਬੰਧੀ ਉਹ ਆਸ ਕਰਦੇ ਹਨ ਕਿ ਪ੍ਰਧਾਨ ਮੰਤਰੀ ਦੇ ਆਉਣ ਨਾਲ ਗੁਰਦਾਸਪੁਰ ’ਚ ਖੁਸ਼ੀਆਂ ਆਉਣਗੀਆਂ ਤੇ ਵੱਡੇ ਪ੍ਰਾਜੈਕਟ ਵੀ ਆਉਣਗੇ। 
 


Related News