ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ਼ ਐਸੋਸੀਏਸ਼ਨ ਨੇ ਕੈਬਨਿਟ ਮੰਤਰੀ ਬਾਜਵਾ ਦੀ ਕੀਤੀ ਸ਼ਲਾਘਾ

Wednesday, Jun 03, 2020 - 02:59 PM (IST)

ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ਼ ਐਸੋਸੀਏਸ਼ਨ ਨੇ ਕੈਬਨਿਟ ਮੰਤਰੀ ਬਾਜਵਾ ਦੀ ਕੀਤੀ ਸ਼ਲਾਘਾ

ਪਠਾਨਕੋਟ (ਅਦਿੱਤਿਆ) : ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਭੁਪਿੰਦਰ ਸਿੰਘ ਸੱਚਰ ਅਤੇ ਸੂਬਾ ਪ੍ਰੈੱਸ ਸਕੱਤਰ ਕਿਸ਼ਨ ਚੰਦਰ ਮਹਾਜਨ ਸਮੇਤ ਹੋਰ ਆਗੂਆਂ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਪੰਜਾਬ ਦੇ ਪਸ਼ੂ ਪਾਲਣ ਵਿਭਾਗ ਦੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਵਲੋਂ ਪਸ਼ੂਆਂ ਦੀਆਂ ਬੀਮਾਰੀਆਂ ਦਾ ਟੀਕਾਕਰਣ ਮੁਫਤ ਕਰਨ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕਦਮਾਂ ਨਾਲ ਪੰਜਾਬ ਦੇ ਪਸ਼ੂ ਪਾਲਕਾਂ ਨੂੰ ਵੱਡੀ ਸਹੂਲਤ ਮਿਲੀ ਹੈ। ਪਿਛਲੇ ਸਮੇਂ ਦੌਰਾਨ ਆਮ ਤੌਰ 'ਤੇ ਪਸ਼ੂ ਪਾਲਕਾਂ ਨੂੰ ਦਿੱਤੀਆਂ ਜਾ ਰਹੀਆਂ ਸਰਕਾਰੀ ਸੇਵਾਵਾਂ ਦੇ ਰੇਟਾਂ 'ਚ ਭਾਰੀ ਵਾਧਾ ਹੁੰਦਾ ਰਿਹਾ ਹੈ ਪਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਸਰਕਾਰੀ ਸੇਵਾਵਾਂ ਮੁਫਤ ਦੇ ਭਾਅ ਦੇਣ ਦਾ ਸ਼ਲਾਘਾਯੋਗ ਕਦਮ ਚੁੱਕਿਆ ਹੈ।ਇਨ੍ਹਾਂ ਸੇਵਾਵਾਂ ਦੇ ਪੈਸੇ ਘੱਟ ਕਰਨ ਨਾਲ ਬਾਜਵਾ ਗਰੀਬ ਪਸ਼ੂ ਪਾਲਕਾਂ ਲਈ ਮਸੀਹਾ ਬਣ ਕੇ ਉੱਭਰੇ ਹਨ।

ਐਸੋਸੀਏਸ਼ਨ ਦੇ ਆਗੂਆਂ ਨੇ ਕਿਹਾ ਕਿ ਹੁਣ ਪਸ਼ੂ ਪਾਲਣ ਵਿਭਾਗ ਵਲੋਂ ਮਿਆਰੀ ਸਿਹਤ ਸੇਵਾਵਾਂ ਦੇ ਦਿੱਤੇ ਗਏ ਟੀਚੇ ਪੂਰੇ ਕਰਨੇ ਆਸਾਨ ਹੋਣਗੇ ਅਤੇ ਪੂਰੇ ਸੂਬੇ 'ਚ ਪ੍ਰਾਈਵੇਟ ਤੌਰ 'ਤੇ ਪਸ਼ੂ ਪਾਲਕਾਂ ਦੀ ਕੀਤੀ ਜਾਂਦੀ ਲੁੱਟ ਨੂੰ ਠੱਲ੍ਹ ਪਵੇਗੀ। ਐਸੋਸੀਏਸ਼ਨ ਦੇ ਆਗੂਆਂ ਨੇ ਮੰਤਰੀ ਸਾਹਿਬ ਨੂੰ ਅਪੀਲ ਕੀਤੀ ਕਿ ਵਿਭਾਗ‌ 'ਚ ਵੈਟਨਰੀ ਇੰਸਪੈਕਟਰਾਂ ਦੀਆਂ ਖਾਲੀ ਆਸਾਮੀਆਂ ਦੀ ਭਰਤੀ ਨੂੰ ਨਿੱਜੀ ਯਤਨਾਂ ਨਾਲ  ਨੇਪਰੇ ਚੜ੍ਹਾਉਣ। ਇਸ ਨਾਲ ਜਿੱਥੇ ਬੇਰੋਜ਼ਗਾਰ ਵੈਟਨਰੀ ਇੰਸਪੈਕਟਰਾਂ ਨੂੰ ਰੋਜ਼ਗਾਰ ਮਿਲੇਗਾ, ਉਥੇ ਹੀ ਪਸ਼ੂ ਪਾਲਕ ਵੀ ਮਿਆਰੀ ਸਿਹਤ ਸੇਵਾਵਾਂ ਲੈ ਸਕਣਗੇ। ਇਸ ਮੌਕੇ ਜ਼ਿਲਾ ਪ੍ਰਧਾਨ ਮਨਮਹੇਸ਼ ਸਰਮਾਂ, ਗੁਰਪਰੀਤ ਸੰਗਰੂਰ, ਬਲਰਾਜ ਸਰਮਾਂ, ਅਮਰੀਕ ਸਿੰਘ ਕਾਹਲੋਂ, ਰੁਪਿੰਦਰਪਾਲ ਸਿੰਘ ਲਹੁਕਾ, ਸੁਖਰਾਜ ਸਿੰਘ ਰੰਧਾਵਾ ਅੰਮ੍ਰਿਤਸਰ, ਅਮਨਦੀਪ ਸ਼ਰਮਾ ਗੁਰਦਾਸਪੁਰ, ਤਰੁਣ ਚੁੱਘ ਅਤੇ ਸੰਦੀਪ ਇਚੌਧਰੀ ਆਦਿ ਮੌਜੂਦ ਸਨ।


author

Baljeet Kaur

Content Editor

Related News