ਵਿਆਹ ਸਮਾਗਮ ਤੋਂ ਪਰਤ ਰਹੀ ਕਾਰ ਦਾ ਭਿਆਨਕ ਸੜਕ ਹਾਦਸਾ, ਇਕ ਦੀ ਮੌਤ ਤੇ 3 ਗੰਭੀਰ ਜ਼ਖ਼ਮੀ
Saturday, Feb 18, 2023 - 01:10 PM (IST)

ਬਟਾਲਾ (ਸਾਹਿਲ, ਯੋਗੀ, ਅਸ਼ਵਨੀ)- ਵਿਆਹ ਸਮਾਗਮ ਤੋਂ ਪਰਤ ਰਹੀ ਕਾਰ ਦੇ ਟਰਾਲੀ ’ਚ ਵੱਜਣ ਨਾਲ ਇਕ ਨੌਜਵਾਨ ਦੀ ਮੌਤ ਅਤੇ 3 ਜਣਿਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਮੁਤਾਬਕ ਪ੍ਰੀਤਸ਼ ਸਾਨਨ ਪੁੱਤਰ ਰਾਜੇਸ਼ ਸਾਨਨ ਵਾਸੀ ਧਰਮਪੁਰਾ ਕਾਲੋਨੀ ਬਟਾਲਾ ਆਪਣੀ ਵੈਗਨਾਰ ਕਾਰ ’ਤੇ ਸਵਾਰ ਹੋ ਕੇ ਸਿਮਰਨਜੀਤ ਕੌਰ ਪਤਨੀ ਮਨਜੀਤ ਸਿੰਘ ਵਾਸੀ ਸ਼ਾਂਤੀ ਨਗਰ ਬਟਾਲਾ, ਲਖਵਿੰਦਰ ਕੌਰ ਪਤਨੀ ਅਮਨਦੀਪ ਸਿੰਘ ਵਾਸੀ ਰੰਧਾਵਾ ਕਾਲੋਨੀ ਪੁਰਾਣਾ ਸ਼ਾਲਾ ਗੁਰਦਾਸਪੁਰ ਅਤੇ ਕ੍ਰਿਸ਼ਨਾ ਪੁੱਤਰ ਸੁਖਵਿੰਦਰ ਵਾਸੀ ਧਰਮਪੁਰਾ ਕਾਲੋਨੀ ਬਟਾਲਾ ਨਾਲ ਰਾਤ 12 ਵਜੇ ਦੇ ਕਰੀਬ ਕੰਗ ਵਿਲਾ ਪੈਲੇਸ ਤੋਂ ਆਪਣੇ ਦੋਸਤ ਦੀ ਭੈਣ ਦੇ ਵਿਆਹ ਸਮਾਗਮ ਤੋਂ ਵਾਪਸ ਪਰਤ ਰਿਹਾ ਸੀ।
ਇਹ ਵੀ ਪੜ੍ਹੋ- BSF ਨੇ ਸਰਹੱਦ ਤੋਂ ਫੜ੍ਹੀ ਹੈਰੋਇਨ ਦੀ ਵੱਡੀ ਖੇਪ, ਹਥਿਆਰ ਵੀ ਕੀਤੇ ਬਰਾਮਦ
ਜਦੋਂ ਉਹ ਬਟਾਲਾ-ਜਲੰਧਰ ਮੁੱਖ ਮਾਰਗ ’ਤੇ ਸਥਿਤ ਬਾਈਪਾਸ ਨੇੜੇ ਵੰਡਰ ਹੋਟਲ ਕੋਲ ਪਹੁੰਚੇ ਤਾਂ ਅਚਾਨਕ ਉਨ੍ਹਾਂ ਦੀ ਕਾਰ ਗੰਨਿਆਂ ਨਾਲ ਲੱਦੀ ਟਰਾਲੀ ਨਾਲ ਜਾ ਟਕਰਾਈ, ਜਿਸ ਕਾਰਨ ਪ੍ਰੀਤਸ਼ ਸਾਨਨ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਉਕਤ ਦੋਵੇਂ ਔਰਤਾਂ ਗੰਭੀਰ ਜ਼ਖਮੀ ਹੋ ਗਈਆਂ ਤੇ ਕ੍ਰਿਸ਼ਨਾ ਨੂੰ ਮਾਮੂਲੀ ਸੱਟਾਂ ਹੀ ਲੱਗੀਆਂ।
ਇਹ ਵੀ ਪੜ੍ਹੋ- ਪਾਕਿ ਡਰੋਨ ਨੇ ਫ਼ਿਰ ਇਕ ਵਾਰ ਭਾਰਤ 'ਚ ਦਿੱਤੀ ਦਸਤਕ, BSF ਨੇ ਦਾਗੇ ਫ਼ਾਇਰ, ਤਲਾਸ਼ੀ ਮੁਹਿੰਮ ਜਾਰੀ
ਜ਼ਖਮੀਆਂ ਨੂੰ ਤੁਰੰਤ 108 ਐਂਬੂਲੈਂਸ ਦੇ ਮੁਲਾਜ਼ਮਾਂ ਨੇ ਸਿਵਲ ਹਸਪਤਾਲ ਬਟਾਲਾ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ, ਜਿੱਥੇ ਡਾਕਟਰਾਂ ਵੱਲੋਂ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਪੁਲਸ ਚੌਕੀ ਅਰਬਨ ਅਸਟੇਟ ਦੇ ਇੰਚਾਰਜ ਏ. ਐੱਸ. ਆਈ. ਅਸ਼ੋਕ ਕੁਮਾਰ ਨੇ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈਂਦਿਆਂ ਜਿੱਥੇ ਦੋਵਾਂ ਵਾਹਨਾਂ ਨੂੰ ਕਬਜ਼ੇ ਵਿਚ ਲੈ ਲਿਆ ਹੈ, ਉਥੇ ਹੀ ਮ੍ਰਿਤਕ ਪ੍ਰੀਤਸ਼ ਸਾਨਨ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਭੇਜ ਦਿੱਤਾ ਹੈ। ਇਸ ਸਬੰਧੀ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਸਿਵਲ ਲਾਈਨ ਵਿਖੇ ਅਣਪਛਾਤੇ ਟਰੈਕਟਰ-ਟਰਾਲੀ ਚਾਲਕ ਦੇ ਖ਼ਿਲਾਫ਼ ਕੇਸ ਦਰਜ ਕਰ ਦਿੱਤਾ ਹੈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।