ਰਸੋਈ ਗੈਸ ਦੀਆਂ ਕੀਮਤਾਂ ਆਸਮਾਨ ਛੂਹਣ ਕਰਕੇ ਗਰੀਬਾਂ ਦੇ ਘਰਾਂ ਦਾ ਹਿੱਲਿਆ ਬਜਟ, ਸਿਲੰਡਰ ਹੋਇਆ 1100

07/07/2022 2:47:29 PM

ਗੁਰਦਾਸਪੁਰ (ਵਿਨੋਦ) - ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 2014 ’ਚ ਸੱਤਾ ਸੰਭਾਲਦੇ ਦੇਸ਼ ’ਚ ਜਨਾਨੀਆਂ ਲਈ ‘ਪ੍ਰਧਾਨ ਮੰਤਰੀ ਉਜਵਲ ਯੋਜਨਾ’ ਦੇ ਤਹਿਤ ਮੁਫ਼ਤ ਗੈਸ ਸਿਲੰਡਰ ਦੇਣ ਦੀ ਮੁਹਿੰਮ ਚਲਾਈ ਸੀ, ਤਾਂ ਕਿ ਜਨਾਨੀਆਂ ਨੂੰ ਚੁੱਲੇ ਤੋਂ ਰਾਹਤ ਮਿਲ ਸਕੇ। ਇਸ ਦੇ ਧੂੰਏ ਤੋਂ ਪੈਦਾ ਹੋਣ ਵਾਲੀਆਂ ਬੀਮਾਰੀਆਂ ਤੋਂ ਜਨਾਨੀਆਂ ਨੂੰ ਬਚਾਇਆ ਜਾ ਸਕੇ। ਜਿਸ ਤਰਾਂ ਨਾਲ ਆਏ ਦਿਨ ਹੁਣ ਕੇਂਦਰ ਸਰਕਾਰ ਵੱਲੋਂ ਘਰੇਲੂ ਗੈਸ ਸਿਲੰਡਰਾਂ ਦੀਆਂ ਕੀਮਤਾਂ ’ਚ ਵਾਧਾ ਕੀਤਾ ਜਾ ਰਿਹਾ ਹੈ, ਇਸ ਨਾਲ ਲੱਗਦਾ ਹੈ ਕਿ ਜਨਾਨੀਆਂ ਨੂੰ ਫਿਰ ਚੁੱਲਾ ਬਾਲਣ ਦੇ ਲਈ ਮਜ਼ਬੂਰ ਹੋਣਾ ਪਵੇਗਾ। 50 ਰੁਪਏ ਦੇ ਵਾਧੇ ਕਾਰਨ ਹੁਣ ਸਿਲੰਡਰ ਦੀ ਕੀਮਤ 1105 ਰੁਪਏ ਹੋ ਗਈ, ਜਿਸ ਕਾਰਨ ਆਮ ਗਰੀਬ ਲੋਕਾਂ ਲਈ ਗੈਸ ਸਿਲੰਡਰ ਭਰਵਾਉਣਾ ਮੁਸ਼ਕਲ ਹੋ ਗਿਆ। ਇਸ ਦੇ ਇਲਾਵਾ ਰਸੋਈ ਵਿਚ ਵਰਤਣ ਵਾਲੇ ਸਾਮਾਨ ਦੇ ਰੇਟ ਆਸਮਾਨੀ ਚੜੇ ਹੋਏ ਹਨ, ਜਿਸ ਕਾਰਨ ਗਰੀਬ ਲੋਕਾਂ ਲਈ ਦੋ ਵਕਤ ਦੀ ਰੋਟੀ ਖਾਣੀ ਮੁਹਤਾਜ ਹੋਈ ਪਈ ਹੈ।

400-500 ’ਚ ਮਿਲਣ ਵਾਲਾ ਗੈਸ ਸਿਲੰਡਰ ਅੱਜ 1105 ’ਤੇ ਪੁੱਜਾ
ਮੋਦੀ ਸਰਕਾਰ ਤੋਂ ਪਹਿਲਾਂ ਗੈਸ ਸਿਲੰਡਰ ਜਿਹੜਾ 400-500 ’ਚ ਲੋਕਾਂ ਨੂੰ ਮਿਲਦਾ ਸੀ, ਹੁਣ ਗੈਸ ਸਿਲੰਡਰ ਅੱਜ ਲੋਕਾਂ ਨੂੰ 1105 ’ਚ ਮਿਲ ਰਿਹਾ ਹੈ, ਜਿਸ ਕਾਰਨ ਗੈਸ ਸਿਲੰਡਰ ਦੀ ਕੀਮਤ ਨੇ ਲੋਕਾਂ ਦਾ ਕਚੂੰਮਰ ਕੱਢ ਕੇ ਰੱਖ ਦਿੱਤਾ ਹੈ। ਅੱਜ ਦੇ ਦਿਨ 1105 ’ਚ ਗੈਸ ਸਿਲੰਡਰ ਭਰਵਾਉਣਾ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਿਆ ਹੈ।

ਰਸੋਈ ਵਿਚ ਵਰਤਣ ਵਾਲੀ ਹਰ ਚੀਜ਼ ਮਹਿੰਗੀ।
ਜੇਕਰ ਵੇਖਿਆ ਜਾਵੇ ਤਾਂ ਰਸੋਈ ਵਿਚ ਵਰਤਣ ਵਾਲੀ ਹਰ ਚੀਜ ਘਿਓ, ਸਰੋਂ ਦਾ ਤੇਲ, ਮਿਰਚ, ਮਸਾਲਾਂ, ਦਾਲਾਂ, ਸਬਜ਼ੀਆਂ, ਪਿਲਾਜ਼, ਟਮਾਟਰ, ਪੱਤੀ, ਖੰਡ ਆਦਿ ਸਭ ਮਹਿੰਗੀਆਂ ਹਨ। ਇਸ ਤੋਂ ਇਲਾਵਾ ਸਾਬਣ, ਸਰਫ ਹਰ ਇਕ ਚੀਜ਼ ਮਹਿੰਗੀ ਹੈ। ਰਸੋਈ ’ਚ ਅਤੇ ਘਰ ’ਚ ਵਰਤਣ ਵਾਲਾ ਸਾਮਾਨ ਜਿੱਥੇ ਪਹਿਲਾਂ ਹੀ ਕਾਫੀ ਮਹਿੰਗਾ ਹੋ ਗਿਆ ਹੈ, ਉੱਥੇ ਹੁਣ ਗੈਸ ਸਿਲੰਡਰਾਂ ਦੀਆਂ ਕੀਮਤਾਂ ਨੇ ਲੋਕਾਂ ਨੂੰ ਰੁਲਾ ਕੇ ਰੱਖ ਦਿੱਤਾ ਹੈ।

ਮਹਿੰਗਾਈ ਦਾ ਅਸਰ ਸਭ ਤੋਂ ਜ਼ਿਆਦਾ ਗਰੀਬਾਂ ’ਤੇ ਪੈਂਦਾ ਹੈ।
ਹੁਣ ਤੱਕ ਜਿੰਨੀਆਂ ਵੀ ਸਰਕਾਰਾਂ ਵੱਲੋਂ ਤਬਦੀਲੀਆਂ ਲਿਆਂਦੀਆਂ ਹਨ,ਉਸ ਦਾ ਜ਼ਿਆਦਾਤਰ ਅਸਰ ਗਰੀਬ ਬੇਸਹਾਰਾਂ ਲੋਕਾਂ ’ਤੇ ਹੀ ਪਿਆ ਹੈ। ਕਦੇ ਗਰੀਬਾਂ ਨੂੰ ਆਲੂ, ਗੰਢਿਆਂ ਦੀ ਕੀਮਤ ਮਾਰ ਦਿੰਦੀ ਹੈ ਅਤੇ ਕਦੇ ਗੈਸ ਸਿਲੰਡਰ ਭਰਨ ਦੀ ਕੀਮਤ ਗਰੀਬਾਂ ਦੇ ਦਿਲ ਨੂੰ ਠੇਸ ਪਹੁੰਚਾਉਂਦੀ ਹੈ। ਜੇਕਰ ਇਸ ਤਰਾਂ ਹੀ ਗੈਸ ਸਿਲੰਡਰ ਜਾਂ ਹੋਰ ਚੀਜ਼ਾਂ ’ਚ ਵਾਧਾ ਹੁੰਦਾ ਗਿਆ ਤਾਂ ਗਰੀਬੀ ਨਹੀਂ, ਸਗੋਂ ਗਰੀਬ ਹੀ ਖ਼ਤਮ ਹੋ ਜਾਵੇਗਾ।

ਗਰੀਬ ਪਰਿਵਾਰ ਰੋਟੀ ਖਾਣ ਤੋਂ ਵੀ ਔਖੇ ਹੋਏ।
ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਗਰੀਬ ਆਪਣੀਆਂ ਹੋਰ ਲੋੜਾਂ ਪੂਰੇ ਕਰਨ ਤੋਂ ਅਸਮਰਥ ਹੋ ਚੁੱਕੇ ਹਨ। ਹੁਣ ਉਨ੍ਹਾਂ ਨੂੰ ਰੋਟੀ ਖਾਣੀ ਵੀ ਔਖੀ ਹੋ ਗਈ ਹੈ, ਕਿਉਂਕਿ ਹਰ ਚੀਜ਼ ਦੇ ਰੇਟ ਦੁੱਗਣੇ, ਚੌਗੁਣੇ ਹੋ ਗਏ ਹਨ। ਚਾਹੇ ਉਹ ਗੈਸ ਸਿਲੰਡਰ ਹੋਵੇ ਜਾਂ ਖਾਣ ਵਾਲੀਆਂ ਚੀਜ਼ਾਂ। ਹਰ ਚੀਜ਼ ਦੇ ਰੇਟ ਆਸਮਾਨ ਨੂੰ ਛੂਹ ਰਹੇ ਹਨ।

ਕੇਂਦਰ ਅਤੇ ਸੂਬਾਂ ਸਰਕਾਰਾਂ ਨੂੰ ਮਹਿੰਗਾਈ ਤੇ ਨੱਥ ਪਾਉਣ ਦੀ ਲੋੜ
ਜੇਕਰ ਕੇਂਦਰ ਅਤੇ ਸੂਬਾ ਸਰਕਾਰਾਂ ਨੇ ਆਏ ਦਿਨ ਵੱਧ ਰਹੀ ਮਹਿੰਗਾਈ ਮਹਿੰਗਾਈ ’ਤੇ ਰੋਕ ਨਾ ਲਗਾਈ ਅਤੇ ਲੋਕ ਭੁੱਖਮਰੀ ਦਾ ਸਿਕਾਰ ਹੋ ਕੇ ਰਹਿ ਜਾਣਗੇ। ਇਸ ਕਾਰਨ ਜਿੱਥੇ ਨੌਜਵਾਨ ਨਸ਼ੇ ਦੀ ਗ੍ਰਿਫਤ ’ਚ ਆਉਣਗੇ, ਉੱਥੇ ਚੋਰੀਆਂ ,ਲੁੱਟਖੋਹ ਵਰਗੀਆਂ ਵਾਰਦਾਤਾਂ ਵੀ ਹੋਣ ਦੀਆਂ ਘਟਨਾਵਾਂ ਹੋਣਗੀਆਂ। ਇਸ ਲਈ ਕੇਂਦਰ ਅਤੇ ਸੂਬਾਂ ਸਰਕਾਰਾਂ ਨੂੰ ਵੱਧ ਰਹੀ ਮਹਿੰਗਾਈ ’ਤੇ ਰੋਕ ਕੇ ਲਗਾ ਕੇ ਲੋਕਾਂ ਨੂੰ ਰਾਹਤ ਦੇਣੀ ਚਾਹੀਦੀ ਹੈ।


rajwinder kaur

Content Editor

Related News