ਦੋ ਘਰਾਂ ''ਚ ਸੱਥਰ ਵਿਛਾਉਣ ਵਾਲਾ 14 ਦਿਨ ਬਾਅਦ ਵੀ ਪੁਲਸ ਦੀ ਪਹੁੰਚ ਤੋਂ ਬਾਹਰ
Wednesday, Nov 13, 2024 - 01:00 PM (IST)
ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ) : ਪਿਛਲੇ ਦਿਨੀ ਇਕ ਤੇਜ਼ ਰਫਤਾਰ ਕਰੇਟਾ ਚਾਲਕ ਵੱਲੋਂ ਪਿੰਡ ਰਾਮਪੁਰ ਨੇੜੇ ਦੋ ਔਰਤਾਂ ਸਮੇਤ ਇਕ ਛੋਟੀ ਬੱਚੀ ਨੂੰ ਆਪਣੀ ਲਪੇਟ ਵਿਚ ਲੈ ਲਿਆ ਸੀ ਜਿਸ ਕਾਰਨ ਤਿੰਨਾਂ ਦੀ ਮੌਤ ਹੋ ਗਈ ਸੀ ਅਤੇ ਬਹਿਰਾਮਪੁਰ ਪੁਲਸ ਵੱਲੋਂ ਮੌਕੇ 'ਤੇ ਪਹੁੰਚ ਕੇ ਕਰੇਟਾ ਗੱਡੀ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਚਾਲਕ ਖ਼ਿਲਾਫ ਮਾਮਲਾ ਦਰਜ ਕਰ ਲਿਆ ਗਿਆ। ਅੱਜ ਕਰੀਬ 14 ਦਿਨ ਬੀਤ ਜਾਣ ਦੇ ਪਿੱਛੋਂ ਵੀ ਕਰੇਟਾ ਚਾਲਕ ਪੁਲਸ ਦੀ ਗ੍ਰਿਫਤ ਤੋਂ ਬਾਹਰ ਦੱਸਿਆ ਜਾ ਰਿਹਾ ਹੈ ਜਿਸ ਦੇ ਰੋਸ ਵੱਲੋਂ ਸਮੂਹ ਪਰਿਵਾਰਿਕ ਮੈਂਬਰਾਂ ਅਤੇ ਇਲਾਕਾ ਵਾਸੀਆਂ ਨੇ ਇਕੱਠੇ ਹੋ ਕੇ ਬਹਿਰਾਮਪੁਰ ਥਾਣੇ ਦੇ ਸਾਹਮਣੇ ਮੇਨ ਚੌਂਕ ਵਿਚ ਧਰਨਾ ਲਗਾ ਦਿੱਤਾ। ਇਸ ਮੌਕੇ ਪਰਿਵਾਰਿਕ ਮੈਂਬਰ ਅਤੇ ਇਲਾਕਾ ਨਿਵਾਸੀਆਂ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਕਰੇਟਾ ਚਾਲਕ ਵੱਲੋਂ 30 ਅਕਤੂਬਰ ਨੂੰ ਇਕ ਗਰਭਪਤੀ ਔਰਤ ਸਮੇਤ ਇਕ ਬਜ਼ੁਰਗ ਮਹਿਲਾ ਅਤੇ ਇਕ ਬੱਚੀ ਨੂੰ ਆਪਣੀ ਲਪੇਟ ਵਿਚ ਲੈ ਲਿਆ ਸੀ ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਸੀ ਪਰ ਪੁਲਸ ਵੱਲੋਂ ਮਾਮਲਾ ਤਾਂ ਦਰਜ ਕਰ ਲਿਆ ਗਿਆ ਪਰ 14 ਦਿਨ ਬੀਤਣ ਦੇ ਪਿੱਛੋਂ ਵੀ ਅਜੇ ਤੱਕ ਕਰੇਟਾ ਚਾਲਕ ਪੁਲਸ ਦੀ ਗ੍ਰਿਫਤਾਰ ਤੋਂ ਬਾਹਰ ਹੈ।
ਉਧਰ ਇਸ ਸਬੰਧੀ ਜਦੋਂ ਥਾਣਾ ਮੁਖੀ ਬਹਿਰਾਮਪੁਰ ਓਂਕਾਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਜਾਂਚ ਪੜਤਾਲ ਕਰਨ ਉਪਰੰਤ ਕਰੇਟਾ ਚਲਾਕ ਰਾਹੁਲ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਅਮੀਰਪੁਰ ਕਾਲੋਨੀ ਪਠਾਨਕੋਟ ਖ਼ਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਉਸ ਦੀ ਗ੍ਰਿਫਤਾਰ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਪਰ ਅਜੇ ਉਹ ਫਰਾਰ ਦੱਸਿਆ ਜਾ ਰਿਹਾ ਹੈ। ਆਉਣ ਵਾਲੇ ਦਿਨਾਂ ਵਿਚ ਇਹ ਵੇਖਣਾ ਹੋਵੇਗਾ ਕਿ ਪੁਲਸ ਕਿੰਨੇ ਸਮੇਂ ਵਿਚ ਇਸ ਕਰੇਟਾ ਚਾਲਕ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਪ੍ਰਾਪਤ ਕਰਦੀ ਹੈ।