ਕਾਦੀਆਂ ’ਚ ਭਾਰੀ ਗੜੇਮਾਰੀ ਅਤੇ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਦਵਾਈ ਰਾਹਤ
Thursday, May 22, 2025 - 11:21 AM (IST)

ਕਾਦੀਆਂ (ਜ਼ੀਸ਼ਾਨ): ਦੇਰ ਸ਼ਾਮ ਨੂੰ ਪਏ ਭਾਰੀ ਮੀਂਹ ਅਤੇ ਤੇਜ਼ ਗੜੇਮਾਰੀ ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਵਾਈ, ਉੱਥੇ ਹੀ ਮੌਸਮ ’ਚ ਵੀ ਤਬਦੀਲੀ ਆਈ, ਜਿਸਦੇ ਚਲਦਿਆਂ ਗਰਮੀ ’ਚ ਲੋਕਾਂ ਨੇ ਸਰਦੀ ਵਾਲਾ ਮੌਸਮ ਮਹਿਸੂਸ ਕੀਤਾ। ਦੱਸਣਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਅੱਤ ਦੀ ਪੈ ਰਹੀ ਗਰਮੀ ਦੇ ਕਾਰਨ ਜਨਜੀਵਨ ਬਹੁਤ ਹੀ ਪ੍ਰਭਾਵਿਤ ਸੀ ਅਤੇ ਖੇਤੀਬਾੜੀ ਨਾਲ ਸਬੰਧਤ ਲੋਕਾਂ ਨੇ ਦੱਸਿਆ ਕਿ ਇਸ ਮੀਂਹ ਅਤੇ ਗੜੇਮਾਰੀ ਦੇ ਨਾਲ ਜਿੱਥੇ ਫਸਲਾਂ ਅਤੇ ਸਬਜ਼ੀਆਂ ਨੂੰ ਵੀ ਬਹੁਤ ਫਾਇਦਾ ਹੋਵੇਗਾ, ਉੱਥੇ ਹੀ ਲੋਕਾਂ ਨੂੰ ਇਸ ਗੜੇਮਾਰੀ ਅਤੇ ਮੀਂਹ ਦੇ ਨਾਲ ਗਰਮੀ ਤੋਂ ਰਾਹਤ ਮਿਲੀ ਹੈ।
ਇਸ ਸਬੰਧੀ ਇਲਾਕੇ ਦੇ ਕੁਝ ਮੋਹਤਬਰਾਂ ਵਿਅਕਤੀਆਂ ’ਚ ਮਨਿੰਦਰ ਸਿੰਘ ਸੰਧੂ, ਜਸਵੰਤ ਸਿੰਘ ਸੰਧੂ, ਡਾ. ਮੋਹਨ ਲਾਲ, ਗੁਰਪ੍ਰੀਤ ਸਿੰਘ, ਅਵਤਾਰ ਸਿੰਘ, ਬਲਕਾਰ ਸਿੰਘ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਭਾਰੀ ਗਰਮੀ ਪੈ ਰਹੀ ਸੀ, ਜਿਸ ਕਾਰਨ ਲੋਕਾਂ ਦਾ ਜਿਉਣਾ ਮੁਸ਼ਕਿਲ ਹੋਇਆ ਪਿਆ ਸੀ, ਜਿਸ ’ਚ ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਦਾ ਬਹੁਤ ਬੁਰਾ ਹਾਲ ਸੀ ਪਰ ਦੇਰ ਸ਼ਾਮ ਪਏ ਮੀਂਹ ਅਤੇ ਭਾਰੀ ਗੜੇਮਾਰੀ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਵਾਈ ਹੈ।