ਗੁਰਦਾਸਪੁਰ ਜ਼ਿਲ੍ਹੇ 'ਚ ਕੋਰੋਨਾ ਕਾਰਨ 2 ਹੋਰ ਲੋਕਾਂ ਦੀ ਮੌਤ, 171 ਦੀ ਰਿਪੋਰਟ ਪਾਜ਼ੇਟਿਵ
Thursday, Sep 10, 2020 - 12:45 AM (IST)

ਗੁਰਦਾਸਪੁਰ, (ਹਰਮਨ, ਜ. ਬ.)- ਜ਼ਿਲ੍ਹਾ ਗੁਰਦਾਸਪੁਰ ’ਚ ਕੋਰੋਨਾ ਵਾਇਰਸ ਨਾਲ ਅੱਜ 2 ਹੋਰ ਮਰੀਜ਼ਾਂ ਮੌਤ ਹੋਣ ਕਾਰਣ ਕੁੱਲ ਗਿਣਤੀ 71 ਹੋ ਗਈ ਹੈ ਜਦੋਂ ਕਿ 171 ਮਰੀਜ਼ਾਂ ਦੀਆਂ ਰਿਪੋਰਟਾਂ ਪਾਜ਼ੇਟਿਵ ਆਉਣ ਕਾਰਣ ਹੁਣ ਇਸ ਜ਼ਿਲ੍ਹੇ ’ਚ ਕੁਲ ਮਰੀਜ਼ਾਂ ਦੀ ਗਿਣਤੀ 3443 ਹੋ ਗਈ ਹੈ। ਸਿਵਲ ਸਰਜਨ ਨੇ ਦੱਸਿਆ ਕਿ 87,204 ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ ਜਾ ਚੁੱਕੇ ਹਨ, ਜਿਨ੍ਹਾਂ ’ਚੋਂ 83 ਹਜ਼ਾਰ 80 ਦੀਆਂ ਰਿਪੋਰਟਾਂ ਨੈਗੇਟਿਵ ਆਈਆਂ ਹਨ ਜਦੋਂ ਕਿ 774 ਦੇ ਨਤੀਜੇ ਆਉਣੇ ਬਾਕੀ ਹਨ। ਉਨ੍ਹਾਂ ਦੱਸਿਆ ਕਿ ਇਸ ਮੌਕੇ 2290 ਮਰੀਜ਼ ਇਸ ਵਾਇਰਸ ’ਤੇ ਫਤਿਹ ਹਾਸਲ ਕਰ ਚੁੱਕੇ ਹਨ ਅਤੇ ਇਸ ਮੌਕੇ ਜ਼ਿਲੇ ’ਚ 1082 ਐਕਟਿਵ ਮਰੀਜ਼ ਹਨ।
ਸਿਵਲ ਸਰਜਨ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਬੁਖਾਰ, ਖਾਂਸੀ, ਜੁਕਾਮ, ਸਾਹ ਚੜ੍ਹਨ ਆਦਿ ਵਰਗੇ ਲੱਛਣ ਦਿਖਾਈ ਦੇਣ ਦੀ ਸੂਰਤ ਵਿਚ ਕੋਰੋਨਾ ਟੈਸਟ ਜ਼ਰੂਰ ਕਰਵਾਉਣ। ਅੱਜ ਸਿਵਲ ਸਰਜਨ ਡਾ. ਕਿਸ਼ਨ ਚੰਦ, ਮਾਸ ਮੀਡੀਆ ਅਫਸਰ ਅਮਰਜੀਤ ਸਿੰਘ ਅਤੇ ਡਰਾਈਵਰ ਉਦਮ ਸਿੰਘ ਨੇ ਵੀ ਕੋਰੋਨਾ ਟੈਸਟ ਕਰਵਾਏ ਜਿਨ੍ਹਾਂ ਦੀਆਂ ਰਿਪੋਰਟਾਂ ਨੈਗੇਟਿਵ ਆਈਆ। ਸਿਵਲ ਸਰਜਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਕੋਰੋਨਾ ਟੈਸਟਿੰਗ ਕਾਰਗਰ ਹਥਿਆਰ ਹੈ ਅਤੇ ਬੀਮਾਰੀ ਦਾ ਸਮੇਂ ਸਿਰ ਪਤਾ ਲੱਗ ਜਾਣ ਕਾਰਣ ਪੀੜਤ ਦਾ ਇਲਾਜ ਸਮੇਂ ਸਿਰ ਕੀਤਾ ਜਾ ਸਕਦਾ ਹੈ। ਇਸ ਲਈ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਕੀਤੇ ਜਾ ਰਹੇ ਕੋਰੋਨਾ ਟੈਸਟਿੰਗ ਦੌਰਾਨ ਲੋਕਾਂ ਨੂੰ ਵੱਧ ਤੋਂ ਵੱਧ ਸਹਿਯੋਗ ਕਰਨਾ ਚਾਹੀਦਾ ਹੈ ਅਤੇ ਆਪਣਾ ਕੋਰੋਨਾ ਟੈਸਟ ਜ਼ਰੂਰ ਕਰਵਾਉਣਾ ਚਾਹੀਦਾ ਹੈ।