ਬੇਹੱਦ ਨੁਕਸਾਨਦੇਹ ਹੋਣ ਦੇ ਬਾਵਜੂਦ ਲੋਕਾਂ ਦੀ ਜਾਣਕਾਰੀ ਤੋਂ ਦੂਰ ਹੈ ''ਵੀਟ ਐਲਰਜੀ''

09/14/2018 12:26:41 PM

ਗੁਰਦਾਸਪੁਰ (ਹਰਮਨਪ੍ਰੀਤ ਸਿੰਘ) : ਬੱਚਿਆਂ ਸਮੇਤ ਵੱਖ-ਵੱਖ ਉਮਰ ਦੇ ਲੋਕਾਂ 'ਚ 'ਵੀਟ ਐਲਰਜੀ' ਇਕ ਗੰਭੀਰ ਸਮੱਸਿਆ ਬਣਦੀ ਜਾ ਰਹੀ ਹੈ, ਜਿਸ ਨਾਲ ਨਾ ਸਿਰਫ਼ ਬੱਚਿਆਂ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਰੁਕ ਜਾਂਦਾ ਹੈ। ਸਗੋਂ ਇਸ ਦਾ ਸਹੀ ਸਮੇਂ 'ਤੇ ਇਲਾਜ ਨਾ ਹੋਣ ਕਾਰਨ ਇਹ ਕਈ ਹੋਰ ਸਰੀਰਕ ਵਕਾਰਾਂ ਅਤੇ ਗੰਭੀਰ ਬੀਮਾਰੀਆਂ ਦਾ ਕਾਰਨ ਬਣ ਜਾਂਦੀ ਹੈ। ਇਹ ਸਮੱਸਿਆ ਅਜਿਹੀ ਹੈ, ਜਿਸ ਬਾਰੇ ਅਨੇਕਾਂ ਲੋਕਾਂ ਨੂੰ ਸਮੇਂ ਸਿਰ ਪਤਾ ਨਹੀਂ ਲੱਗਦਾ ਅਤੇ ਪੀੜਤ ਮਰੀਜ਼ ਨੂੰ ਹੋਣ ਵਾਲੀਆਂ ਤਕਲੀਫਾਂ ਵੀ ਹੋਰ ਵੱਖ-ਵੱਖ ਬੀਮਾਰੀਆਂ ਦੇ ਲੱਛਣਾਂ ਵਾਂਗ ਹੁੰਦੀਆਂ ਹਨ, ਜਿਸ ਕਾਰਨ ਮਰੀਜ਼ ਲੰਬਾ ਸਮਾਂ ਹੋਰ ਬੀਮਾਰੀਆਂ ਦਾ ਇਲਾਜ ਕਰਵਾਉਣ 'ਚ ਹੀ ਬਤੀਤ ਕਰ ਦਿੰਦਾ ਹੈ। ਡਾਕਟਰਾਂ ਅਨੁਸਾਰ ਇਹ ਐਲਰਜੀ ਛੋਟੀ ਉਮਰ ਦੇ ਬੱਚਿਆਂ ਨੂੰ ਹੀ ਹੋਣੀ ਸ਼ੁਰੂ ਹੋ ਜਾਂਦੀ ਹੈ, ਜਿਸ ਦੇ ਕਈ ਕਾਰਨ ਹੁੰਦੇ ਹਨ। ਪਰ ਜ਼ਿਆਦਾਤਰ ਲੋਕ ਇਸ ਨੂੰ ਜ਼ਿਆਦਾ ਗੰਭੀਰਤਾ ਨਾਲ ਨਹੀਂ ਲੈਂਦੇ ਅਤੇ ਨਾ ਹੀ ਇਸ ਦਾ ਟੈਸਟ ਕਰਵਾਉਂਦੇ ਹਨ। 

ਵੀਟ ਐਲਰਜੀ ਹੋਣ ਦੇ ਕਾਰਨ
ਗੁਰਦਾਸਪੁਰ ਨਾਲ ਸਬੰਧਤ ਮੈਡੀਕਲ ਅਫ਼ਸਰ ਹੋਮੀਓਪੈਥੀ ਡਾ. ਅਮਰਿੰਦਰ ਸਿੰਘ ਕਲੇਰ ਨੇ ਦੱਸਿਆ ਕਿ ਵੀਟ ਐਲਰਜੀ ਹੋਣ ਦਾ ਸਭ ਤੋਂ ਵੱਡਾ ਕਾਰਨ ਸਰੀਰ 'ਚ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਦਾ ਘਟਨਾ ਹੈ। ਖ਼ਾਸ ਤੌਰ 'ਤੇ ਆਂਤੜੀਆਂ 'ਚ ਇਹ ਸਮਰਥਾ ਬਹੁਤ ਘਟ ਜਾਂਦੀ ਹੈ ਅਤੇ ਨਤੀਜੇ ਵਜੋਂ ਸਰੀਰ 'ਚ ਪ੍ਰੋਟੀਨ ਦਾ ਸੰਤੁਲਨ ਡਗਮਗਾ ਜਾਂਦਾ ਹੈ। ਅਜਿਹੀ ਸਥਿਤੀ 'ਚ ਜਦੋਂ ਮਰੀਜ਼ ਕਣਕ ਤੋਂ ਬਣੀ ਕੋਈ ਵੀ ਚੀਜ਼ ਕਿਸੇ ਵੀ ਰੂਪ 'ਚ ਖਾਂਦਾ ਹੈ ਤਾਂ ਊਸ ਨੂੰ ਕਈ ਬੀਮਾਰੀਆਂ ਅਤੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਿਉਂਕਿ ਕਣਕ 'ਚ ਗਲੂਟੀਨ ਪ੍ਰੋਟੀਨ ਸਮੇਤ ਹੋਰ ਕਈ ਤੱਤ ਹੁੰਦੇ ਹਨ। ਆਮ ਤੌਰ 'ਤੇ ਇਹ ਸਮੱਸਿਆ ਖ਼ਾਨਦਾਨੀ ਹੁੰਦੀ ਹੈ ਜੋ ਇਸ ਬੀਮਾਰੀ ਤੋਂ ਪੀੜਤ ਮਾਤਾ-ਪਿਤਾ ਦੀ ਔਲਾਦ ਨੂੰ ਹੋਣ ਦੀ ਸੰਭਾਵਨਾ ਬਹੁਤ ਵੱਧ ਜਾਂਦੀ ਹੈ। ਇਸ ਕਾਰਨ ਛੋਟੀ ਉਮਰ ਦੇ ਬੱਚੇ ਹੀ ਇਸ ਤੋਂ ਜ਼ਿਆਦਾ ਪੀੜਤ ਹੁੰਦੇ ਹਨ। ਇਸ ਤੋਂ ਇਲਾਵਾ ਬੱਚਿਆਂ ਅਤੇ ਵੱਡੀ ਉਮਰ ਦੇ ਲੋਕਾਂ 'ਚ ਵੱਖ-ਵੱਖ ਕਾਰਨਾਂ ਕਰ ਕੇ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਘਟਨ ਕਾਰਨ ਵੀ ਵੀਟ ਐਲਰਜੀ ਸ਼ੁਰੂ ਹੋ ਜਾਂਦੀ ਹੈ। 

ਵੀਟ ਐਲਰਜੀ ਦੇ ਲੱਛਣ
ਡਾ. ਕਲੇਰ ਨੇ ਦੱਸਿਆ ਕਿ ਜੇਕਰ ਬੱਚੇ ਨੂੰ ਇਹ ਐਲਰਜੀ ਹੋਵੇ ਤਾਂ ਉਸ ਦਾ ਸਰੀਰਕ ਵਿਕਾਸ ਰੁਕ ਜਾਂਦਾ ਹੈ ਅਤੇ ਕੁਝ ਸਮੇਂ ਬਾਅਦ ਉਹ ਦਿਮਾਗੀ ਤੌਰ 'ਤੇ ਹੋਰ ਬੱਚਿਆਂ ਦੇ ਮੁਕਾਬਲੇ ਕਮਜ਼ੋਰ ਹੋ ਜਾਂਦਾ ਹੈ। ਇਸੇ ਤਰ੍ਹਾਂ ਬੱਚੇ ਦਾ ਪੇਟ ਅਤੇ ਪਾਚਣ ਸ਼ਕਤੀ ਇੰਨੀ ਪ੍ਰਭਾਵਿਤ ਹੋ ਜਾਂਦੀ ਹੈ ਕਿ ਕਈ ਬੱਚਿਆਂ ਨੂੰ ਕਬਜ਼ ਰਹਿੰਦੀ ਹੈ ਅਤੇ ਕਈਆਂ ਨੂੰ ਟੱਟੀਆਂ ਲੱਗ ਜਾਂਦੀਆਂ ਹਨ। ਪੇਟ 'ਚ  ਦਰਦ ਰਹਿੰਦਾ ਹੈ ਅਤੇ ਛਪਾਕੀ ਵੀ ਨਿਕਲ ਆਉਂਦੀ ਹੈ। ਬੱਚਾ ਖਾਣਾ ਬਹੁਤ ਖਾਂਦਾ ਹੈ ਪਰ ਇਸ ਦੇ ਬਾਵਜੂਦ ਵੀ ਉਸ ਦਾ ਭਾਰ ਨਹੀਂ ਵੱਧਦਾ। ਕਈ ਮਰੀਜ਼ਾਂ ਨੂੰ ਸਾਹ ਦੀ ਸਮੱਸਿਆ ਅਤੇ ਛਾਤੀ 'ਚ ਇਨਫੈਕਸ਼ਨ ਹੋਣ ਦੀਆਂ ਸੰਭਾਵਨਾਵਾਂ ਜ਼ਿਆਦਾ ਵੱਧ ਜਾਂਦੀਆਂ ਹਨ। ਇਸੇ ਤਰ੍ਹਾਂ ਕਈ ਵਾਰ ਸਰੀਰ 'ਤੇ ਨਿਸ਼ਾਨ ਵੀ ਪੈ ਜਾਂਦੇ ਹਨ। 

ਇਸ ਬੀਮਾਰੀ ਤੋਂ ਬਚਣ ਲਈ ਸਭ ਤੋਂ ਪਹਿਲਾਂ ਮਰੀਜ਼ ਨੂੰ ਕਣਕ ਤੋਂ ਬਣੀ ਹਰੇਕ ਚੀਜ਼ ਦੀ ਵਰਤੋਂ ਨਾ ਕਰਨ ਲਈ ਕਿਹਾ ਜਾਂਦਾ ਹੈ ਤਾਂ ਜੋ ਇਸ ਦੇ ਨੁਕਸਾਨ ਨੂੰ ਰੋਕਿਆ ਜਾ ਸਕੇ। ਆਮ ਤੌਰ 'ਤੇ ਅੰਗਰੇਜ਼ੀ ਦਵਾਈਆਂ ਨਾਲ ਸਿਰਫ਼ ਇਸ ਦੇ ਅਸਰ ਨੂੰ ਕੁਝ ਘਟਾਇਆ ਜਾ ਸਕਦਾ ਹੈ ਪਰ ਮਰੀਜ਼ ਨੂੰ ਪੂਰੀ ਤਰ੍ਹਾਂ ਠੀਕ ਨਹੀਂ ਕੀਤਾ ਜਾ ਸਕਦਾ। ਦੂਸਰੇ ਪਾਸੇ ਅਜਿਹੇ ਮਰੀਜ਼ਾਂ ਲਈ ਸਭ ਤੋਂ ਵੱਡੀ ਰਾਹਤ ਵਾਲੀ ਗੱਲ ਇਹ ਹੈ ਕਿ ਹੋਮੀਓਪੈਥੀ ਦਵਾਈਆਂ ਨਾਲ ਮਰੀਜ਼ ਦੇ ਸਰੀਰ 'ਚ ਬੀਮਾਰੀਆਂ ਨਾਲ ਲੜਨ ਦੀ ਸਮਰਥਾ ਵਧਾ ਕੇ ਇਸ ਸਮੱਸਿਆ ਤੋਂ ਛੁਟਕਾਰਾ ਦਿਵਾਇਆ ਜਾ ਸਕਦਾ ਹੈ।
 


Related News