ਅੰਮ੍ਰਿਤਸਰ ਦੇ ਰਤਨ ਸਿੰਘ ਚੌਕ ਸਥਿਤ ਗੋਲਡਨ ਮੈਡੀਕੋਜ਼ ’ਤੇ ਜੀ. ਐੈੱਸ. ਟੀ ਵਿਭਾਗ ਦਾ ਛਾਪਾ
Friday, Dec 27, 2024 - 03:50 PM (IST)
ਅੰਮ੍ਰਿਤਸਰ (ਇੰਦਰਜੀਤ)-ਜੀ. ਐੱਸ. ਟੀ. ਵਿਭਾਗ ਅੰਮ੍ਰਿਤਸਰ ਵਲੋਂ ਰਤਨ ਸਿੰਘ ਚੌਕ ਦੇ ਗੋਲਡਨ ਮੈਡੀਕੋਜ਼ ’ਤੇ ਪੂਰੇ ਜ਼ੋਰਾਂ-ਸ਼ੋਰਾਂ ਨਾਲ ਛਾਪਾ ਮਾਰਿਆ। ਨਿਰੀਖਣ ਟੀਮ ਵਿੱਚ 3 ਈ. ਟੀ. ਓਜ਼ ਅਤੇ 3 ਇੰਸਪੈਕਟਰਾਂ ਸਮੇਤ 6 ਅਧਿਕਾਰੀ ਸ਼ਾਮਲ ਸਨ। ਵੀਰਵਾਰ ਦੁਪਹਿਰ 12 ਵਜੇ ਦੇ ਕਰੀਬ ਸਟੇਟ ਟੈਕਸ (ਜੀ. ਐੱਸ. ਟੀ.) ਅਧਿਕਾਰੀਆਂ ਦੀ ਟੀਮ ਸਥਾਨਕ ਰਤਨ ਸਿੰਘ ਚੌਕ ਸਥਿਤ ਮਸ਼ਹੂਰ ਦਵਾਈਆਂ ਦੀ ਦੁਕਾਨ ਗੋਲਡਨ ਮੈਡੀਕੋਜ਼ ’ਤੇ ਪਹੁੰਚੀ। ਇਸ ਦੌਰਾਨ ਜੀ. ਐੱਸ. ਟੀ. ਟੀਮ ਨੇ ਮੈਡੀਕਲ ਸਟੋਰ ਦੇ ਸਟਾਕ ਦੀ ਜਾਂਚ ਕੀਤੀ ਅਤੇ ਦਸਤਾਵੇਜ਼ਾਂ ਦੀ ਪੜਤਾਲ ਕੀਤੀ। ਲੰਬੀ ਚੱਲੀ ਇਸ ਚੈਕਿੰਗ ਦੌਰਾਨ ਕੁਝ ਹੋਰ ਪਤਾ ਨਹੀਂ ਲੱਗ ਸਕਿਆ ਪਰ ਦੇਰ ਸ਼ਾਮ ਸੂਚਨਾ ਮਿਲਣ ਤੱਕ ਚੈਕਿੰਗ ਜਾਰੀ ਸੀ। ਪਤਾ ਲੱਗਾ ਹੈ ਕਿ ਜੀ. ਐੱਸ. ਟੀ. ਅਧਿਕਾਰੀਆਂ ਨੇ ਇਸ ਜਾਂਚ ਦੌਰਾਨ ਉਕਤ ਫਰਮ ਦੇ ਕੁਝ ਦਸਤਾਵੇਜ਼ ਵੀ ਜ਼ਬਤ ਕੀਤੇ ਹਨ।
ਇਸ ਸਬੰਧੀ ਸਹਾਇਕ ਕਮਿਸ਼ਨਰ ਅੰਮ੍ਰਿਤਸਰ-1 ਮੈਡਮ ਪ੍ਰਗਤੀ ਸੇਠੀ (ਪੀ. ਸੀ. ਐੱਸ.) ਨੇ ਦੱਸਿਆ ਕਿ ਜੀ. ਐੱਸ. ਟੀ. ਵਿਭਾਗ ਦਾ ਇਹ ਆਮ ਨਿਰੀਖਣ ਹੈ, ਜਿਸ ਵਿੱਚ ਅਧਿਕਾਰੀਆਂ ਦੀ ਟੀਮ ਭੇਜੀ ਗਈ ਹੈ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਅਜੇ ਤੱਕ ਰਿਪੋਰਟ ਉਨ੍ਹਾਂ ਤੱਕ ਨਹੀਂ ਪਹੁੰਚੀ, ਉਸ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ। ਨਿਰੀਖਣ ਟੀਮ ਵਿਚ ਸਟੇਟ ਟੈਕਸ ਅਫਸਰ (ਐੱਸ. ਟੀ. ਓ) ਰਾਜਿੰਦਰ ਤੰਵਰ, ਐੱਸ. ਟੀ. ਓ ਲਖਵਿੰਦਰ ਸਿੰਘ, ਐੱਸ. ਟੀ. ਓ. ਨਰਿੰਦਰਪਾਲ ਕੌਰ, ਇੰਸਪੈਕਟਰ ਸਤਵੰਤ ਸਿੰਘ, ਇੰਸਪੈਕਟਰ ਜੰਗ ਬਹਾਦਰ, ਇੰਸਪੈਕਟਰ ਮਨਮੋਹਨ ਸ਼ਾਮਲ ਸਨ। ਇਸ ਦੌਰਾਨ ਵਿਭਾਗੀ ਸੂਤਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਜੀ. ਐੱਸ. ਟੀ ਵਿਭਾਗ ਵੱਲੋਂ ਕਈ ਵਪਾਰਕ ਅਦਾਰਿਆਂ ਦਾ ਨਿਰੀਖਣ ਕੀਤਾ ਜਾਵੇਗਾ।
ਐੱਫ. ਸੀ. ਟੀ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਹੋਈ ਸੀ ਅੰਮ੍ਰਿਤਸਰ ਬਾਰਡਰ ਰੇਂਜ ਦੀ ਮੀਟਿੰਗ : ਪਿਛਲੇ ਹਫ਼ਤੇ ਜੀ. ਐੱਸ. ਟੀ. ਹੈੱਡਕੁਆਰਟਰ ਅੰਮ੍ਰਿਤਸਰ ਵਿਖੇ ਵਿੱਤ ਕਮਿਸ਼ਨਰ ਕਰ ਕ੍ਰਿਸ਼ਨ ਕੁਮਾਰ (ਐੱਫ. ਸੀ. ਟੀ) ਦੀ ਅਗਵਾਈ ਹੇਠ ਜੀ. ਐੱਸ. ਟੀ. ਵਿਭਾਗ ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ, ਜਿਸ ਵਿੱਚ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲਿਆਂ ਦੇ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ।
ਇਸ ਮੌਕੇ ਡੀ. ਈ. ਟੀ. ਸੀ. ਮੈਡਮ ਰਾਜਵਿੰਦਰ ਕੌਰ, ਸਹਾਇਕ ਕਮਿਸ਼ਨਰ (ਏ. ਈ. ਟੀ. ਸੀ.) ਅੰਮ੍ਰਿਤਸਰ-1 ਪ੍ਰਗਤੀ ਸੇਠੀ, ਏ. ਈ. ਟੀ. ਸੀ. ਤਰਨਤਾਰਨ ਅੰਜਲੀ ਸਿੰਘ, ਏ. ਈ. ਟੀ. ਸੀ. ਗੁਰਦਾਸਪੁਰ ਸੁਪਨੰਦਨ ਦੀਪ ਕੌਰ, ਏ. ਈ. ਟੀ. ਸੀ. ਪਠਾਨਕੋਟ ਰਜ਼ਮਨਦੀਪ ਕੌਰ, ਏ. ਈ. ਟੀ. ਸੀ. ਮੋਬਾਈਲ ਵਿੰਗ ਮਹੇਸ਼ ਗੁਪਤਾ ਅਤੇ ਉਕਤ ਸਾਰੇ ਜ਼ਿਲਿਆਂ ਦੇ ਈ. ਟੀ. ਓਜ਼ ਅਤੇ ਇੰਸਪੈਕਟਰ ਹਾਜ਼ਰ ਸਨ। ਪਤਾ ਲੱਗਾ ਹੈ ਕਿ ਇਸ ਮੀਟਿੰਗ ਦੌਰਾਨ ਐੱਫ. ਸੀ. ਟੀ. ਕ੍ਰਿਸ਼ਨ ਕੁਮਾਰ ਨੇ ਅਧਿਕਾਰੀਆਂ ਨੂੰ ਜੀ. ਐੱਸ. ਟੀ ਮਾਲੀਆ ਵਧਾਉਣ ਦੀਆਂ ਹਦਾਇਤਾਂ ਦਿੱਤੀਆਂ। ਐੱਫ. ਸੀ. ਟੀ. ਨੇ ਕਿਹਾ ਕਿ ਕਿਸੇ ਨੂੰ ਵੀ ਟੈਕਸ ਤੋਂ ਬਚਣ ਲਈ ਢਿੱਲਾ ਨਹੀਂ ਛੱਡਿਆ ਜਾਵੇਗਾ।
ਅਧਿਕਾਰੀਆਂ ਨੂੰ ਨਿਯਮਿਤ ਤੌਰ ’ਤੇ ਫੀਲਡ ਵਿਚ ਆਉਣ, ਚੈਕਿੰਗ ਕਰਨ, ਬਕਾਇਆ ਟੈਕਸ ਵਸੂਲਣ, ਬਿਨਾਂ ਜੀ. ਐੱਸ. ਟੀ. ਨੰਬਰ ਤੋਂ ਕੰਮ ਕਰਨ ਵਾਲਿਆਂ ਨੂੰ ਰਜਿਸਟਰਡ ਕਰਨ, ਸਰਵਿਸ ਟੈਕਸ ਦੀ ਵਸੂਲੀ ਵਿੱਚ ਸਰਗਰਮ ਰਹਿਣ ਆਦਿ ਕਈ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ। ਇਹ ਮੀਟਿੰਗ ਡੀ. ਈ. ਟੀ. ਸੀ ਅੰਮ੍ਰਿਤਸਰ-ਜਲੰਧਰ ਰੇਂਜ ਮੈਡਮ ਰਾਜਵਿੰਦਰ ਕੌਰ ਦੇ ਦਫ਼ਤਰ ਵਿੱਚ 6 ਘੰਟੇ ਚੱਲੀ। ਮੀਟਿੰਗ ਤੋਂ ਬਾਅਦ ਇਨ੍ਹਾਂ ਚਾਰ-ਪੰਜ ਦਿਨਾਂ ਵਿੱਚ ਕੁਝ ਹੋਰ ਵਪਾਰਕ ਅਦਾਰਿਆਂ ’ਤੇ ਵੀ ਜੀ. ਐੱਸ. ਟੀ ਟੀਮਾਂ ਵੱਲੋਂ ਨਿਰੀਖਣ ਕਰਨ ਦੀ ਸੂਚਨਾ ਮਿਲੀ ਹੈ।