ਰੇਤਾਂ-ਬੱਜਰੀ ਦੀ ਕਾਲਾ ਬਾਜ਼ਾਰੀ ਨੂੰ ਕੰਟਰੋਲ ਕਰਨ ’ਚ ਮਾਨ ਸਰਕਾਰ ਫ਼ੇਲ੍ਹ : ਕਾ. ਸ਼ਿਵ ਕੁਮਾਰ
Sunday, Nov 13, 2022 - 06:10 PM (IST)

ਗੁਰਦਾਸਪੁਰ (ਵਿਨੋਦ)- ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ. ਐੱਮ. ਪੀ. ਆਈ.) ਦੀ ਮੀਟਿੰਗ ਜ਼ਿਲ੍ਹਾ ਦਫ਼ਤਰ ਸ਼ਹੀਦ ਬਲਜੀਤ ਸਿੰਘ ਫ਼ਜਲਾਬਾਦ ਯਾਦਗਾਰ ਭਵਨ ਜੇਲ੍ਹ ਰੋਡ ਰੁਲੀਆ ਰਾਮ ਕਾਲੋਨੀ ਗੁਰਦਾਸਪੁਰ ਵਿਖੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਸ਼ਿਵ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ। ਉਨ੍ਹਾਂ ਕਿਹਾ ਕਿ ਰੇਤਾਂ-ਬੱਜਰੀ ਦੀ ਕਾਲਾ ਬਾਜ਼ਾਰੀ ਨੂੰ ਕੰਟਰੋਲ ਕਰਨ ’ਚ ਭਗਵੰਤ ਮਾਨ ਸਰਕਾਰ ਦੇ ਫੇਲ੍ਹ ਹੋਣ ਕਰਕੇ ਵੱਡੀ ਗਿਣਤੀ ’ਚ ਲੋਕਾਂ ਨੂੰ ਰੋਜ਼ਗਾਰ ਤੋਂ ਵਾਂਝਿਆਂ ਕਰ ਦਿੱਤਾ ਹੈ ਅਤੇ ਲਾਅ ਐਂਡ ਆਰਡਰ ਦੀ ਸਥਿਤੀ ’ਤੇ ਵੀ ਪੰਜਾਬ ਸਰਕਾਰ ਪੂਰੀ ਤਰ੍ਹਾਂ ਅਸਫ਼ਲ ਹੈ। ਹਰੇਕ ਵਿਅਕਤੀ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ ਅਤੇ ਸਰਕਾਰ ਝੂਠੇ ਭਰੋਸੇ ਦੇ ਕੇ ਦਿਨ ਕੱਟੀ ਕਰ ਰਹੀ ਹੈ।
ਇਹ ਵੀ ਪੜ੍ਹੋ- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ 26 ਨਵੰਬਰ ਨੂੰ ਗਵਰਨਰ ਹਾਊਸ ਵੱਲ ਮਾਰਚ ਕਰਨਗੇ ਕਿਸਾਨ
ਮੀਟਿੰਗ ’ਚ ਸ਼ਾਮਲ ਪਾਰਟੀ ਦੀ ਕੇਂਦਰੀ ਕਮੇਟੀ ਦੇ ਮੈਂਬਰ ਕਾਮਰੇਡ ਰਘੁਬੀਰ ਸਿੰਘ ਪਕੀਵਾਂ, ਜ਼ਿਲ੍ਹਾ ਸਕੱਤਰ ਕਾਮਰੇਡ ਨੱਥਾ ਸਿੰਘ ਢਡਵਾਲ, ਸ਼ਿਵ ਕੁਮਾਰ ਅਤੇ ਹੋਰ ਸਾਥੀਆਂ ਨੇ ਦੱਸਿਆ ਕਿ ਆਰ. ਐੱਮ. ਪੀ. ਆਈ. ਦੀ ਕੇਂਦਰੀ ਕਮੇਟੀ ਵੱਲੋਂ ਮਹਿੰਗਾਈ ਤੇ ਬੇਰੋਜ਼ਗਾਰੀ ਵਿਰੁੱਧ ਅਤੇ ਮੋਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੇ ਫ਼ਿਰਕੂ ਫ਼ਾਸ਼ੀ ਹਮਲਿਆਂ ਖਿਲਾਫ਼ ਘੋਲ ਤਿੱਖੇ ਕਰਨ ਦਾ ਫ਼ੈਸਲਾ ਕੀਤਾ ਹੈ। ਲੋਕਰਾਜ ਧਰਮ ਨਿਰਪੱਖਤਾ ਤੇ ਜਮਹੂਰੀਅਤ ਦੀਆਂ ਮੁੱਦਈ ਧਿਰਾਂ ਦਾ ਸਾਂਝਾ ਮੁਹਾਜ ਉਸਾਰਨ ਦੇ ਸਿਰਤੋੜ ਯਤਨ ਕਰਨ ਦਾ ਫੈਸਲਾ ਲਿਆ ਹੈ।
ਆਗੂਆਂ ਨੇ ਕਿਹਾ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਸਾਥੀ ਸ਼ਹੀਦਾਂ ਦਾ ਸ਼ਹੀਦੀ ਦਿਹਾੜਾ 16 ਨਵੰਬਰ 2022 ਨੂੰ ਦੇਸ਼ ਭਗਤ ਯਾਦਗਾਰ ਬਾਬਾ ਜਵਾਲਾ ਸਿੰਘ ਠੱਠੀਆਂ ਆਡੀਟੋਰੀਅਮ ਜਲੰਧਰ ਵਿਖੇ ਮਹਿੰਗਾਈ ਤੇ ਬੇਰੁਜ਼ਗਾਰੀ ਵਿਰੁੱਧ ਪੰਜਾਬ ਦੇ ਮੁੱਖ ਮਸਲੇ ਚੰਡੀਗੜ੍ਹ ਪੰਜਾਬ ਦੇ ਹਵਾਲੇ ਕੀਤੇ ਜਾਣ, ਪੰਜਾਬੀ ਬੋਲਦੇ ਇਲਾਕੇ ਪੰਜਾਬ ’ਚ ਸ਼ਾਮਲ ਕੀਤੇ ਜਾਣ, ਦਰਿਆਈ ਪਾਣੀਆਂ ਦੀ ਨਿਆਪੂਰਨ ਵੰਡ ਕੀਤੇ ਜਾਣ, ਪੰਜਾਬੀ ਮਾਂ ਬੋਲੀ ਨੂੰ ਸਨਮਾਨ ਸਹਿਤ ਲਾਗੂ ਕਰਾਉਣ, ਜਮਹੂਰੀ ਹੱਕਾਂ ਤੇ ਡਾਕੇ ਮਾਰਨੇ ਬੰਦ ਕੀਤੇ ਜਾਣ ਦੀਆਂ ਮੰਗਾਂ ਪੂਰੀਆਂ ਕਰਾਉਣ ਜਮਹੂਰੀ ਲੀਹਾਂ ਤੇ ਸੰਘਰਸ਼ ਛੇੜਨ ਲਈ ਆਰ.ਐੱਮ.ਪੀ.ਆਈ ਵਲੋਂ ਸੂਬਾਈ ਕੰਨਵੈਨਸ਼ਨ ਵਿਚ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।
ਇਹ ਵੀ ਪੜ੍ਹੋ- ਪੰਜਾਬੀ ਗਾਇਕ ਗੁਰਦਾਸ ਮਾਨ ਦੀ 'ਸਟਾਰ ਨਾਈਟ' ’ਚ ਹੋਇਆ ਹੰਗਾਮਾ, ਲੋਕਾਂ ਨੇ ਲਗਾਏ ਗੰਭੀਰ ਇਲਜ਼ਾਮ
ਇਸ ਮੌਕੇ ਅਵਤਾਰ ਸਿੰਘ, ਠਾਕੁਰ ਧਿਆਨ ਸਿੰਘ, ਕਾਮਰੇਡ ਅਜੀਤ ਸਿੰਘ ਸਿਧਵਾਂ, ਜਸਵੰਤ ਸਿੰਘ ਸੰਧੂ, ਮੱਖਣ ਸਿੰਘ ਕੁਹਾੜ, ਮਾਸਟਰ ਸੁਭਾਸ਼ ਸ਼ਰਮਾ, ਸੰਤੋਖ ਸਿੰਘ ਔਲਖ, ਸ਼ਮਸ਼ੇਰ ਸਿੰਘ ਨਵਾਂ ਪਿੰਡ, ਹਰਜੀਤ ਸਿੰਘ ਕਾਹਲੋਂ, ਗੁਰਦਿਆਲ ਸਿੰਘ ਸੋਹਲ, ਅਜੀਤ ਸਿੰਘ ਹੁੰਦਲ, ਬਲਵੰਤ ਸਿੰਘ ਘੋਹ ਅਤੇ ਹੋਰ ਸਾਥੀਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ।