ਗੋਸਵਾਮੀ ਸ਼੍ਰੀ ਗੁਰੂ ਨਾਭਾ ਦਾਸ ਮਹਾ ਸਮਿਤੀ ਦੀ ਮੀਟਿੰਗ ''ਚ ਨੌਜਵਾਨਾਂ ਵੱਲੋਂ ਇੱਟਾਂ-ਰੋੜਿਆਂ ਨਾਲ ਹਮਲਾ, 8 ਲੋਕ ਜ਼ਖ਼ਮੀ

Tuesday, Mar 05, 2024 - 03:08 PM (IST)

ਗੋਸਵਾਮੀ ਸ਼੍ਰੀ ਗੁਰੂ ਨਾਭਾ ਦਾਸ ਮਹਾ ਸਮਿਤੀ ਦੀ ਮੀਟਿੰਗ ''ਚ ਨੌਜਵਾਨਾਂ ਵੱਲੋਂ ਇੱਟਾਂ-ਰੋੜਿਆਂ ਨਾਲ ਹਮਲਾ, 8 ਲੋਕ ਜ਼ਖ਼ਮੀ

ਗੁਰਦਾਸਪੁਰ (ਵਿਨੋਦ)-ਗੁਰਦਾਸਪੁਰ ਦੇ ਇਸਲਾਮਾਬਾਦ ਮੁਹੱਲੇ ’ਚ ਬੀਤੀ ਰਾਤ ਹੋ ਰਹੀ ਗੋਸਵਾਮੀ ਸ਼੍ਰੀ ਗੁਰੂ ਨਾਭਾ ਦਾਸ ਮਹਾ ਸਮਿਤੀ ਪੰਜਾਬ ਦੀ ਮੀਟਿੰਗ ਦੌਰਾਨ ਕੁਝ ਨੌਜਵਾਨਾਂ ਵੱਲੋਂ ਇੱਟਾਂ, ਰੋੜਿਆਂ ਨਾਲ ਹਮਲਾ ਕਰਨ ਦੇ ਚੱਲਦੇ ਜਿਥੇ ਤਿੰਨ ਔਰਤਾਂ ਸਮੇਤ 8 ਲੋਕ ਮਾਮੂਲੀ ਜ਼ਖ਼ਮੀ ਹੋ ਗਏ, ਉਥੇ ਦੂਜੀ ਪਾਰਟੀ ਦੇ 2 ਭਰਾਵਾਂ ਦੇ ਜਖ਼ਮੀ ਹੋਣ ’ਤੇ ਉਨ੍ਹਾਂ ਨੂੰ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ। ਦੋਵਾਂ ਪਾਰਟੀਆਂ ਨੇ ਇਕ ਦੂਜੇ ’ਤੇ ਪਹਿਲਾ ਹਮਲਾ ਕਰਨ ਦੇ ਦੋਸ਼ ਵੀ ਲਗਾਏ ਅਤੇ ਸਿਟੀ ਪੁਲਸ ਨੂੰ ਸ਼ਿਕਾਇਤ ਵੀ ਦਿੱਤੀ।

ਇਹ ਵੀ ਪੜ੍ਹੋ : Punjab Budget 2024: ਪੰਜਾਬ ਨੂੰ ਇੱਕ ਵੱਡਾ ਸੈਰ ਸਪਾਟਾ ਸਥਾਨ ਬਣਾਉਣ ਲਈ ਕੀਤੇ ਅਹਿਮ ਐਲਾਨ

ਇਸ ਸਬੰਧੀ ਗੋਸਵਾਮੀ ਸ਼੍ਰੀ ਗੁਰੂ ਨਾਭਾ ਦਾਸ ਮਹਾ ਸਮਿਤੀ ਪੰਜਾਬ ਦੇ ਜ਼ਿਲਾ ਪ੍ਰਧਾਨ ਰਮੇਸ਼ ਕੁਮਾਰ ਨੇ ਦੱਸਿਆ ਕਿ ਬੀਤੀ ਸ਼ਾਮ ਮੁਹੱਲੇ ’ਚ 7 ਅਪ੍ਰੈਲ ਨੂੰ ਸ਼ਹਿਰ ਵਿਚ ਕੱਢੀ ਜਾ ਰਹੀ ਸ਼੍ਰੀ ਗੁਰੂ ਨਾਭਾ ਦਾਸ ਦੀ ਸ਼ੋਭਾ ਯਾਤਰਾ ਸਬੰਧੀ ਮੀਟਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਮੁਹੱਲੇ ਦੇ ਰਹਿਣ ਵਾਲੇ 10-15 ਮੁੰਡਿਆਂ ਨੇ ਇੱਟਾਂ, ਰੋੜਿਆਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਰੌਸ਼ਨ ਲਾਲ ਦੇ ਇੱਟ ਵੱਜਣ ਦੇ ਕਾਰਨ ਜਿੱਥੇ ਉਸ ਦੇ ਦੰਦ ਟੁੱਟ ਗਏ, ਉੱਥੇ ਸਾਜਨ, ਕੀਮਤੀ ਲਾਲ, ਰਾਜ ਕੁਮਾਰ, ਮੋਹਿਤ, ਸ਼ਸੀ ਬਾਲਾ, ਪੂਜਾ, ਸੰਧਿਆ ਆਦਿ ਦੇ ਹੱਥਾਂ, ਬਾਹਾਂ, ਲੱਤਾਂ ਮਾਮੂਲੀ ਜ਼ਖ਼ਮੀ ਹੋ ਗਏ।

ਇਹ ਵੀ ਪੜ੍ਹੋ : Punjab Budget 2024 : NRI's ਲਈ ਪੰਜਾਬ ਦੇ ਬਜਟ 'ਚ ਜਾਣੋ ਕੀ ਰਿਹਾ ਖ਼ਾਸ

ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੁਲਸ ਨੂੰ ਸੂਚਿਤ ਕੀਤਾ ਗਿਆ ਪਰ ਪੁਲਸ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ। ਜਦੋਂ ਅਸੀਂ ਜ਼ਖ਼ਮੀਆਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਉਣ ਲਈ ਗਏ ਤਾਂ ਉਥੇ ਵੀ ਉਕਤ ਨੌਜਵਾਨਾਂ ਨੇ ਸਾਡੇ ’ਤੇ ਹਮਲਾ ਕਰ ਦਿੱਤਾ। ਉਕਤ ਨੌਜਵਾਨਾਂ ਦੁਆਰਾ ਸਾਡਾ ਈ-ਰਿਕਸ਼ਾ ਵੀ ਤੋੜ ਦਿੱਤਾ ਗਿਆ, ਜੋ ਹਸਪਤਾਲ ਵਿਚ ਪਿਆ ਹੋਇਆ ਹੈ।

ਗੋਸਵਾਮੀ ਸ਼੍ਰੀ ਗੁਰੂ ਨਾਭਾ ਦਾਸ ਮਹਾ ਸਮਿਤੀ ਨੇ ਕਾਰਵਾਈ ਨਾ ਹੋਣ ’ਤੇ ਸੰਘਰਸ਼ ਦੀ ਦਿੱਤੀ ਚਿਤਾਵਨੀ

ਗੋਸਵਾਮੀ ਸ਼੍ਰੀ ਗੁਰੂ ਨਾਭਾ ਦਾਸ ਮਹਾ ਸਮਿਤੀ ਪੰਜਾਬ ਦੇ ਜ਼ਿਲਾ ਪ੍ਰਧਾਨ ਰਮੇਸ਼ ਕੁਮਾਰ ਕਾਲੀਆ ਸਮੇਤ ਸਮੂਹ ਮੁਹੱਲਾ ਵਾਸੀਆਂ ਨੇ ਦੱਸਿਆ ਕਿ ਜ਼ਿਲਾ ਪੁਲਸ ਮੁਖੀ ਗੁਰਦਾਸਪੁਰ ਨੂੰ ਮਿਲ ਕੇ ਉਕਤ ਮੁਲਜ਼ਮਾਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ ਹੈ। ਜੇਕਰ ਪੁਲਸ ਵੱਲੋਂ ਕਾਰਵਾਈ ਨਹੀਂ ਗਈ ਤਾਂ ਸਮੂਹ ਮਹਾਸ਼ਾ ਬਰਾਦਰੀ ਵੱਲੋਂ ਪੁਲਸ ਦੇ ਖਿਲਾਫ ਧਰਨਾ ਦਿੱਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਸਮੂਹ ਜ਼ਿਲਾ ਪੁਲਸ ਪ੍ਰਸ਼ਾਸਨ ਦੀ ਹੋਵੇਗੀ।

ਇਹ ਵੀ ਪੜ੍ਹੋ : Punjab Budget 2024 : ਸਿਹਤ ਸੇਵਾਵਾਂ ਅਤੇ ਸਿਹਤ ਬੀਮਾ ਯੋਜਨਾ ਲਈ ਬਜਟ 'ਚ ਹੋਏ ਇਹ ਵੱਡੇ ਐਲਾਨ

ਕੀ ਕਹਿਣਾ ਦੂਜੀ ਧਿਰ ਦਾ

ਦੂਜੇ ਪਾਸੇ ਹਸਪਤਾਲ ਵਿਚ ਦਾਖ਼ਲ ਨੀਰਜ ਪੁੱਤਰ ਰਾਜ ਕੁਮਾਰ ਵਾਸੀ ਇਸਲਾਮਾਬਾਦ ਮੁਹੱਲਾ ਗੁਰਦਾਸਪੁਰ ਨੇ ਦੱਸਿਆ ਕਿ ਉਸ ਦੇ ਨਾਲ ਮੁਹੱਲੇ ਦੇ ਰਹਿਣ ਵਾਲੇ ਇਕ ਨੌਜਵਾਨ ਨਾਲ ਪੁਰਾਣੀ ਰੰਜਿਸ਼ ਚੱਲਦੀ ਹੈ। ਬੀਤੀ ਰਾਤ ਵੀ ਉਕਤ ਨੌਜਵਾਨ ਨੇ ਮੀਟਿੰਗ ਦੌਰਾਨ ਸ਼ਰਾਬ ਪੀਤੀ ਹੋਈ ਸੀ। ਜਦ ਮੈਂ ਆਪਣੇ ਘਰ ਜਾ ਰਿਹਾ ਸੀ ਤਾਂ ਉਕਤ ਨੌਜਵਾਨ ਨੇ ਆਪਣੇ ਸਾਥੀਆਂ ਸਮੇਤ ਮੇਰੇ ’ਤੇ ਹਮਲਾ ਕਰ ਦਿੱਤਾ। ਜਦੋਂ ਮੈਨੂੰ ਬਚਾਉਣ ਲਈ ਮੇਰਾ ਭਰਾ ਨੰਨੂ ਅੱਗੇ ਆਇਆ ਤਾਂ ਉਨ੍ਹਾਂ ਨੇ ਉਸ ’ਤੇ ਵੀ ਹਮਲਾ ਕਰ ਕੇ ਜ਼ਖ਼ਮੀ ਕਰ ਦਿੱਤਾ। ਇਸ ਤੋਂ ਇਲਾਵਾ ਜਦੋਂ ਅਸੀਂ ਹਸਪਤਾਲ ਵਿਚ ਦਾਖ਼ਲ ਹੋਣ ਲਈ ਆਏ ਤਾਂ ਇਨ੍ਹਾਂ ਲੋਕਾਂ ਨੇ ਹਸਪਤਾਲ ਵਿਚ ਸਾਡੇ ’ਤੇ ਹਮਲਾ ਕੀਤਾ। ਦੂਜੇ ਪਾਸੇ ਇਨ੍ਹਾਂ ਦੋਵਾਂ ਪਾਰਟੀਆਂ ਵੱਲੋਂ ਸਿਟੀ ਪੁਲਸ ਗੁਰਦਾਸਪੁਰ ਨੂੰ ਸ਼ਿਕਾਇਤ ਦਿੱਤੀ ਗਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News