ਬੇਅਦਬੀਆਂ ਸਮੇਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਉਂ ਨਹੀਂ ਦਿੱਤਾ ਅਸਤੀਫ਼ਾ: ਭਾਈ ਅਜਨਾਲਾ

Friday, Oct 18, 2024 - 04:58 PM (IST)

ਅਜਨਾਲਾ(ਗੁਰਜੰਟ)-ਗੁਰਮਤ ਵਿਦਿਆਲਿਆ ਦਮਦਮੀ ਟਕਸਾਲ ਅਜਨਾਲਾ ਦੇ ਮੁਖੀ ਭਾਈ ਅਮਰੀਕ ਸਿੰਘ ਅਜਨਾਲਾ ਨੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਵਿਚਕਾਰ ਚੱਲ ਰਹੀ ਸ਼ਬਦੀ ਜੰਗ 'ਤੇ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ ਔਰੰਗਜ਼ੇਬ ਦੇ ਨਕਸ਼ੇ ਕਦਮਾਂ 'ਤੇ ਚਲਦਿਆਂ ਸਿੱਖੀ ਸਰੂਪ 'ਚ ਰਹਿ ਕੇ ਪ੍ਰਕਾਸ਼ ਸਿੰਘ ਬਾਦਲ ਨੇ 1978 ਦੀ ਵਿਸਾਖੀ ਤੋਂ ਲੈ ਕੇ ਮਰਦੇ ਦਮ ਤੱਕ ਅਨੇਕਾਂ ਪਾਪ ਕੀਤੇ ਅਤੇ ਜਿਸ ਤਰ੍ਹਾਂ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰ ਦੇ ਬੱਚਿਆਂ ਵਿੱਚ ਜੰਗ ਛੜੀ ਸੀ ਉਸੇ ਤਰ੍ਹਾਂ ਪ੍ਰਕਾਸ਼ ਸਿੰਘ ਬਾਦਲ ਦੀ ਮੌਤ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚਕਾਰ ਜੰਗ ਛਿੜੀ ਹੈ, ਜਿਸ ਦੇ ਚਲਦਿਆਂ ਬੀਤੀ ਰਾਤ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਗਲਾ ਭਰ ਕੇ ਵੈਰਾਗ ਵਿੱਚ ਆ ਕੇ ਕੁਝ ਗੱਲਾਂ ਕਹੀਆਂ ਸਨ।

ਇਹ ਵੀ ਪੜ੍ਹੋ-  ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਮਿਲਣ ਮਗਰੋਂ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਐਲਾਨ

ਉਨ੍ਹਾਂ ਕਿਹਾ ਅਸੀਂ ਇਸ ਗੱਲ 'ਤੇ ਕਿੰਤੂ ਕਰਦੇ ਹਾਂ ਕਿ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜ ਕੇ ਗਲੀਆਂ ਵਿੱਚ ਖਿਲਾਰੇ ਗਏ, ਸਿਰਸੇ ਵਾਲੇ ਚੋਰਾਂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਕਰਕੇ ਗੰਦੇ ਨਾਲੇ ਵਿੱਚ ਸੁੱਟਿਆ, ਪਾਥੀਆਂ ਦੇ ਗੀਰੇ ਵਿੱਚ ਰੱਖਿਆ ਅਤੇ ਬਾਥਰੂਮ ਵਿੱਚ ਰੱਖ ਕੇ ਬੇਅਦਬੀ ਕੀਤੀ ਤਾਂ ਉਸ ਵੇਲੇ ਕੋਈ ਵੈਰਾਗ ਨਹੀਂ ਆਇਆ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਜਿਸ ਸਮੇਂ ਬੇਅਦਬੀਆਂ ਹੋਈਆਂ ਉਸ ਵਕਤ ਅਸਤੀਫ਼ਾ ਦੇਣ ਦਾ ਯਾਦ ਨਹੀਂ ਆਇਆ, ਜਦੋਂ ਕਿ ਉਸ ਵਕਤ ਸਾਡੇ ਪੰਜ ਤਖ਼ਤ ਸਾਹਿਬਾਨਾਂ ਦੇ ਜਥੇਦਾਰਾਂ 'ਚੋਂ ਕੋਈ ਵੀ ਬੇਅਦਬੀ ਵਾਲੀ ਘਟਨਾ 'ਤੇ ਨਹੀਂ ਬੋਲਿਆ  ਸੀ , ਪਰ ਅੱਜ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਆਪਣਾ ਅਸਤੀਫ਼ਾ ਦੇਣਾ ਵੀ ਯਾਦ ਆ ਗਿਆ ਤੇ ਬਾਕੀ ਜਥੇਦਾਰਾਂ ਨੂੰ ਵੀ ਉਸ ਦੀ ਹਮਾਇਤ ਵਿੱਚ ਖੜਨਾ ਵੀ ਆ ਗਿਆ।

ਇਹ ਵੀ ਪੜ੍ਹੋ- ਪੰਜਾਬ ਸਰਕਾਰ ਵੱਲੋਂ ਭਲਕੇ ਇਸ ਜ਼ਿਲ੍ਹੇ 'ਚ ਛੁੱਟੀ ਦਾ ਐਲਾਨ

 ਉਨ੍ਹਾਂ ਸਮੁੱਚੀ ਸਿੱਖ ਸੰਗਤ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਡੇ ਵੱਡ ਵਡੇਰਿਆਂ ਨੇ ਕੁਰਬਾਨੀਆਂ ਦੇ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਧਾਰਮਿਕ ਅਤੇ ਰਾਜਨੀਤਿਕ ਜਥੇਬੰਦੀਆਂ ਖੜੀਆਂ ਕੀਤੀਆਂ ਸਨ, ਪਰ ਸਾਡੀਆਂ ਕੁਝ ਗਲਤੀਆਂ ਕਾਰਨ ਪ੍ਰਕਾਸ਼ ਸਿੰਘ ਬਾਦਲ ਅਤੇ ਉਸ ਦੇ ਪਰਿਵਾਰ ਨੇ ਇਹਨਾਂ ਦੋਵੇਂ ਜਥੇਬੰਦੀਆਂ 'ਤੇ ਕਬਜ਼ਾ ਕੀਤਾ ਹੋਇਆ। ਇਸ ਲਈ ਆਓ ਸਾਰੀ ਕੌਮ ਇਕੱਤਰ ਹੋ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਇਹਨਾਂ ਤੋਂ ਆਜ਼ਾਦ ਕਰਵਾਈਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News