ਭੜਕਾਊ ਗੀਤਾਂ ਕਾਰਨ ਪੰਜਾਬ ’ਚ ਵਧ ਰਿਹੈ ‘ਗੈਂਗਵਾਰ’, ਗਾਇਕਾਂ ਵਲੋਂ ਸ਼ਰੇਆਮ ਹਥਿਆਰਾਂ ਦੀ ਕੀਤੀ ਜਾਂਦੀ ਨੁਮਾਇਸ਼

Monday, Apr 29, 2024 - 06:25 PM (IST)

ਮਜੀਠਾ/ਕੱਥੂਨੰਗਲ (ਸਰਬਜੀਤ)-‘ਪੰਜਾਬ’ ਜੋ ਕਦੇ ਆਪਣੇ ਹੀ ਪੰਜਾਬੀ ਅਮੀਰ ਸੱਭਿਆਚਾਰ ਤੇ ਵਿਰਸੇ ਨਾਲ ਭਰਪੂਰ ਹੁੰਦਾ ਸੀ, ਨੂੰ ਲੱਗਦਾ ਹੈ ਕਿ ਕਿਸੇ ਚੰਦਰੇ ਦੀ ਨਜ਼ਰ ਲੱਗ ਗਈ ਹੋਵੇ ਕਿਉਂਕਿ ਅਜੋਕੇ ਦੌਰ ਵਿਚ ਜਿਥੇ ਪਹਿਲਾਂ ਹੀ ਸਾਡੀ ਨੌਜਵਾਨ ਪੀੜ੍ਹੀ ‘ਨੰਗੇਜ਼’ ਨੂੰ ਤਰਜ਼ੀਹ ਦਿੰਦੀ ਹੋਈ, ਜਿਥੇ ਪੱਛਮੀ ਸੱਭਿਅਤਾ ਦੇ ਵਹਾਅ ’ਚ ਵਹੀ ਤੁਰੀ ਜਾ ਰਹੀ ਹੈ, ਉਥੇ ਨਾਲ ਹੀ ਹੁਣ ਰਹਿੰਦੀ ਖੂਹਿਦੀ ਕਸਰ ਪੰਜਾਬ ਦੇ ਨਵੇਂ ਉੱਭਰ ਰਹੇ ਅਤੇ ਉੱਭਰ ਚੁੱਕੇ ਗਾਇਕਾਂ ਨੇ ਕੱਢ ਕੇ ਰੱਖ ਦਿੱਤੀ ਹੈ ਕਿਉਂਕਿ ਇਹ ਗਾਇਕ ਜਿਥੇ ਆਪਣੇ ਸ਼ੂਟਿੰਗਾਂ ਦੌਰਾਨ ਸ਼ਰੇਆਮ ਹਥਿਆਰਾਂ ਦੀ ਨੁਮਾਇਸ਼ ਕਰਦੇ ਅਕਸਰ ਗੀਤਾਂ ਵਿਚ ਦਿਖਾਈ ਦਿੰਦੇ ਹਨ, ਉਥੇ ਨਾਲ ਹੀ ਇਨ੍ਹਾਂ ਵਲੋਂ ਹਥਿਆਰਾਂ ਨੂੰ ਲੈ ਕੇ ਗਾਏ ਜਾਂਦੇ ਭੜਕਾਊ ਗੀਤਾਂ ਨੂੰ ਦੇਖ ਕੇ ਜਿਥੇ ਅਜੋਕੀ ਸਾਡੀ ਨੌਜਵਾਨ ਪੀੜ੍ਹੀ ਜੋ ਕਿ ਆਪਣੇ ਹੀ ਪੰਜਾਬੀ ਕਲਚਰ ਤੋਂ ਦੂਰ ਹੁੰਦੀ ਜਾ ਰਹੀ ਹੈ, ਦੀ ਤ੍ਰਾਸਦੀ ਹੁਣ ਇਹ ਹੋ ਗਈ ਹੈ ਕਿ ਇਸ ਵੇਲੇ ਪੰਜਾਬ ’ਚ ਦਿਨੋਂ-ਦਿਨ ‘ਗੈਂਗਸਟਰਾਂ’ ਦੀ ਗਿਣਤੀ ਵਧਦੀ ਜਾ ਰਹੀ ਹੈ, ਜਿਸ ਨਾਲ ‘ਗੈਂਗਵਾਰ’ ਦੀਆਂ ਘਟਨਾਵਾਂ ਵਿਚ ਵਾਧਾ ਹੋਣਾ ਸੁਭਾਵਿਕ ਹੋਣ ਦੀਆਂ ਕਥਿਤ ਚਰਚਾਵਾਂ ਹਨ।

ਇਹ ਵੀ ਪੜ੍ਹੋ-  ਭਿਆਨਕ ਹਾਦਸੇ ਨੇ ਦੋ ਘਰਾਂ 'ਚ ਵਿਛਾਏ ਸਥੱਰ, ਨੌਜਵਾਨ ਗ੍ਰੰਥੀ ਸਮੇਤ ਦੋ ਦੀ ਮੌਕੇ 'ਤੇ ਮੌਤ

ਇਥੇ ਇਹ ਜ਼ਿਕਰ ਕਰਨਾ ਬਣਦਾ ਹੈ ਤਰ੍ਹਾਂ ਨਾਲ ਸੂਬੇ ਅੰਦਰ ਇੰਨ੍ਹੀਂ ਗੈਂਗਵਾਰ, ਕਤਲੋਗਾਰਤ, ਲੁੱਟਾਂ-ਖੋਹਾਂ, ਡਰੱਗ ਸਮਗਲਿੰਗ, ਨਸ਼ਾ ਸਮੱਗਲਿੰਗ, ਅਗਵਾ ਕਾਂਡ, ਗੋਲੀਕਾਂਡ, ਫਿਰੋਤੀ ਅਤੇ ਡਕੈਤੀ ਆਦਿ ਵਰਗੀਆਂ ਵਾਰਦਾਤਾਂ ਵਿਚ ਪ੍ਰਸ਼ਾਸ਼ਨ ਦੀ ਨਾਲਾਇਕੀ ਕਾਰਨ ਵਾਧਾ ਹੋ ਰਿਹਾ ਹੈ, ਉਹ ਜੱਗ ਜ਼ਾਹਿਰ ਹੈ ਅਤੇ ਕਿਸੇ ਤੋਂ ਵੀ ਲੁਕਿਆ ਨਹੀਂ। ਇਸ ਸਭ ਦੇ ਮੱਦੇਨਜ਼ਰ ਜੇਕਰ ਇਹ ਕਹਿ ਲਿਆ ਜਾਵੇ ਕਿ ਇਸ ਵੇਲੇ ਪੰਜਾਬ ਵਿਚ ਅਮਨ-ਕਾਨੂੰਨ ਦੀ ਸਥਿਤੀ ਆਊਟ ਆਫ ਕੰਟਰੋਲ ਹੋ ਚੁੱਕੀ ਹੈ  ਕਿਉਂਕਿ ਸੂਬੇ ਦੇ ਮਾਝਾ, ਮਾਲਵਾ ਤੇ ਦੁਆਬਾ ਇਲਾਕੇ ’ਚ ਗੈਂਗਵਾਰ, ਗੋਲੀਕਾਂਡ ਅਤੇ ਕਤਲੋਗਾਰਤ ਦੀਆਂ ਵਾਰਦਾਤਾਂ ਅਕਸਰ ਅਖਬਾਰਾਂ ਦੀਆਂ ਸੁਰਖੀਆਂ ਵਿਚ ਪੜ੍ਹਨ ਦੇ ਨਾਲ-ਨਾਲ ਸੋਸ਼ਲ ਮੀਡੀਆ ’ਤੇ ਵੀ ਸੁਣਨ ਨੂੰ ਮਿਲ ਰਹੀਆਂ ਹਨ। ਇਥੇ ਇਹ ਗੱਲ ਵੀ ਨਹੀਂ ਝੁਠਲਾਈ ਜਾ ਸਕਦੀ ਕਿ ਇਨ੍ਹਾਂ ਭਿਆਨਕ ਵਾਰਦਾਤਾਂ ਦਾ ਨਤੀਜਾ ਹਮੇਸ਼ਾ ਸਮਾਜ ਨੂੰ ਮੌਤ ਦੇ ਰੂਪ ਵਿਚ ਹੀ ਮਿਲਿਆ ਹੈ ਕਿਉਂਕਿ ਜੇਕਰ ਕਿਤੇ ਦੋ ਗੈਂਗਸਟਰਾਂ ’ਚ ਆਪਸੀ ਦੁਸ਼ਮਣੀ ਕਾਰਨ ਗੈਂਗਵਾਰ ਹੁੰਦੀ ਹੈ ਤਾਂ ਹੋ ਸਕਦਾ ਹੈ ਕਿ ਦੋਵੇਂ ਗੈਂਗਸਟਰ ਮਾਰੇ ਜਾਣ ਜਾਂ ਫਿਰ ਇਕ ਗੈਂਗਸਟਰ ਨੂੰ ਮੌਤ ਦੇ ਘਾਟ ਉਤਾਰ ਕੇ ਦੂਜਾ ਗੈਂਗਸਟਰ ਮੌਕੇ ਤੋਂ ਫਰਾਰ ਹੋ ਜਾਵੇ। ਇਸ ਸਭ ਦੇ ਪਿੱਛੇ ਜੇਕਰ ਗੀਤਾਂ ਦੀ ਵੀਡੀਓ ’ਚ ਹੁੰਦੀ ਅਸਲੇ ਦੀ ਨੁਮਾਇਸ਼ ਨੂੰ ਜ਼ਿੰਮੇਵਾਰ ਠਹਿਰਾਅ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ ਕਿਉਂਕਿ ਪਿਛਲੀਆਂ ਸਰਕਾਰਾਂ ਸਮੇਂ ਬਹੁਤ ਸਾਰੇ ਲੋਕਾਂ, ਨੌਜਵਾਨਾਂ ਤੇ ਹੋਰਨਾਂ ਦੇ ਅਸਲਾ ਲਾਈਸੈਂਸ ਬਣਾਏ ਗਏ, ਜਿਸ ਕਰ ਕੇ ਅੱਜ ਹਰ ਕਿਸੇ ਦੇ ਡੱਬ ਵਿਚ ਅਸਲਾ ਪਾ ਕੇ ਰੱਖਣ ਦੀਆਂ ਕਥਿਤ ਚਰਚਾਂਵਾਂ ਨੇ ਵੀ ਜ਼ੋਰ ਫੜਿਆ ਹੋਇਆ ਹੈ।

ਇਹ ਵੀ ਪੜ੍ਹੋ-  ਪਾਕਿਸਤਾਨ ’ਚ ਫਿਰੌਤੀ ਨਾ ਦੇਣ ’ਤੇ ਅਗਵਾਕਾਰਾਂ ਨੇ 13 ਸਾਲਾ ਮੁੰਡੇ ਦਾ ਕੀਤਾ ਕਤਲ

ਓਧਰ ਦੂਜੇ ਪਾਸੇ ਗੀਤ ਗਾਉਣ ਵੇਲੇ ਕੁਝ ਗਾਇਕਾਂ ਵਲੋਂ ਸੂਬੇ ਦੀ ਜਵਾਨੀ ਨੂੰ ਭੜਕਾਉਣ ਜਾਂ ਫਿਰ ਉਨ੍ਹਾਂ ਅੰਦਰ ਦਲੇਰੀ ਪੈਦਾ ਕਰਨ ਦੇ ਮਨਸੂਬੇ ਨਾਲ ਗਾਏ ਜਾਂਦੇ ਭੜਕਾਊ ਗੀਤਾਂ ਵਿਚ ਵਰਤੇ ਜਾਂਦੇ ਹਥਿਆਰ ਕਿਸ ਵਲੋਂ ਮੁਹੱਈਆ ਕਰਵਾਏ ਜਾਂਦੇ ਹਨ, ਇਸ ਬਾਰੇ ਵੀ ਮੌਜੂਦਾ ਪੰਜਾਬ ਸਰਕਾਰ ਨੂੰ ਘੋਖ ਕਰਨ ਦੀ ਲੋੜ ਹੈ ਕਿਉਂਕਿ ਭੜਕਾਊ ਗੀਤਾਂ ਦੇ ਕਾਰਨ ਅੱਜ ਪੰਜਾਬ ਦੇ ਜ਼ਿਆਦਾਤਰ ਨੌਜਵਾਨ ਵਰਗ ਵਲੋਂ ਬੇਰੋਜ਼ਗਾਰ ਹੋਣ ਕਰ ਕੇ ਕਿਸੇ ਤਰ੍ਹਾਂ ਦੀ ਅਪਰਾਧਿਕ ਗਤੀਵਿਧੀ ਨੂੰ ਅੰਜਾਮ ਦੇਣ ਤੋਂ ਰਤੀ ਭਰੀ ਵੀ ਗੁਰੇਜ਼ ਨਾ ਕੀਤੇ ਜਾਣ ਦੀਆਂ ਕਥਿਤ ਚਰਚਾਵਾਂ ਸੁਣਨ ਨੂੰ ਮਿਲ ਰਹੀਆਂ ਹਨ।

ਇਹ ਵੀ ਪੜ੍ਹੋ- ਹਾਈਵੋਲਟੇਜ ਤਾਰਾਂ ਦੀ ਲਪੇਟ 'ਚ ਆਉਣ ਕਾਰਨ ਨੌਜਵਾਨ ਦੀ ਮੌਤ, ਛੇ ਮਹੀਨੇ ਦੇ ਬੱਚੇ ਦਾ ਪਿਓ ਸੀ ਮ੍ਰਿਤਕ

ਇਸ ਲਈ ਮੁਖ ਮੰਤਰੀ ਭਗਵੰਤ ਸਿੰਘ ਮਾਨ ਜੋ ਕਿ ਖੁਦ ਹੀ ਇਕ ਸਮਝਦਾਰ, ਸੂਝਵਾਨ ਤੇ ਘਾਗ ਸਿਆਸਦਾਨ ਹਨ, ਨੂੰ ਵੀ ਚਾਹੀਦਾ ਹੈ ਕਿ ਉਹ ਸੂਬੇ ਵਿਚ ਵਧਣ ਵਾਲੀਆਂ ਅਜਿਹੀਆਂ ਖੌਫਨਾਕ ਘਟਨਾਵਾਂ ਜੋ ਲੋਕਾਂ ਦੇ ਦਿਲਾਂ ਨੂੰ ‘ਦਹਿਲਾ’ ਦਿੰਦੀਆਂ ਹਨ, ’ਤੇ ਮੁਕੰਮਲ ਰੋਕ ਲਗਾਉਣ ਦੇ ਨਾਲ-ਨਾਲ ਪੰਜਾਬੀ ਗਾਇਕਾਂ ਨੂੰ ਵੀ ਭੜਕਾਊ ਗੀਤ ਗਾਉਣ ਤੇ ਬੈਂਨ ਲਗਾਇਆ ਜਾਵੇ।

ਇਹ ਵੀ ਪੜ੍ਹੋ-  ਕਰਿਆਣੇ ਦੀ ਦੁਕਾਨ 'ਚ ਲੱਗੀ ਅੱਗ ਨੇ ਮਚਾਈ ਤਬਾਹੀ, ਦੁਕਾਨ ਮਾਲਕ ਦੀ ਹੋਈ ਮੌਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Shivani Bassan

Content Editor

Related News