ਰੋਜ਼ੀ-ਰੋਟੀ ਕਮਾਉਣ ਕੁਵੈਤ ਗਏ ਨੌਜਵਾਨ ਦੀ ਹੋਈ ਅਚਾਨਕ ਮੌਤ

Wednesday, Dec 12, 2018 - 05:57 PM (IST)

ਰੋਜ਼ੀ-ਰੋਟੀ ਕਮਾਉਣ ਕੁਵੈਤ ਗਏ ਨੌਜਵਾਨ ਦੀ ਹੋਈ ਅਚਾਨਕ ਮੌਤ

ਨੌਸ਼ਹਿਰਾ ਮੱਝਾ ਸਿੰਘ/ਬਟਾਲਾ (ਗੋਰਾਇਆ) - ਵਿਦੇਸ਼ ਰੋਜ਼ੀ-ਰੋਟੀ ਕਮਾਉਣ ਗਏ ਪਿੰਡ ਅਠਵਾਲ ਦੇ ਨੌਜਵਾਨ ਦੀ ਬੀਤੇ ਦਿਨੀਂ ਅਚਾਨਕ ਮੌਤ ਹੋ ਗਈ ਸੀ, ਜਿਸ ਦੀ ਮ੍ਰਿਤਕ ਦੇਹ ਪਿੰਡ ਅਠਵਾਲ ਪੁੱਜਣ 'ਤੇ ਸੋਗ ਦੀ ਲਹਿਰ ਫੈਲ ਗਈ। ਜਾਣਕਾਰੀ ਮੁਤਾਬਕ ਮ੍ਰਿਤਕ ਸਤਨਾਮ ਸਿੰਘ (40) ਪੁੱਤਰ ਕਰਤਾਰ ਸਿੰਘ ਰੋਜ਼ੀ-ਰੋਟੀ ਕਮਾਉਣ ਖਾਤਰ ਵਿਦੇਸ਼ ਦੇ ਸ਼ਹਿਰ ਮਹਾਂ ਬੁੱਲਾ ਵਿਖੇ ਯੂਰਪੀਅਨ 3ਸੀ.ਸੀ. ਕੰਪਨੀ 'ਚ ਬੀਤੇ 8 ਸਾਲਾਂ ਤੋਂ ਬਤੌਰ ਲੱਕੜ ਮਿਸਤਰੀ ਵਜੋਂ ਕੰਮ ਕਰ ਰਿਹਾ ਸੀ। ਉਸ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਹ ਆਪਣੀ ਇਕਲੌਤੀ ਭੈਣ ਦੀ ਅਚਾਨਕ ਮੌਤ ਹੋਣ ਜਾਣ ਕਰਕੇ 15 ਦਿਨਾਂ ਦੀ ਛੁੱਟੀ ਲੈ ਕੇ ਆਇਆ ਸੀ, ਜਿਸ ਤੋਂ ਬਾਅਦ ਉਹ ਵਾਪਸ ਕੁਵੈਤ ਚਲਾ ਗਿਆ ਸੀ। 

ਪਿੰਡ ਅਠਵਾਲ ਦੇ ਹੀ ਇਕ ਹੋਰ ਵਸਨੀਕ ਜਗਦੀਸ ਕੁਮਾਰ ਨੇ ਦੱਸਿਆ ਕਿ ਉਹ ਵੀ ਕਿਸੇ ਸ਼ਹਿਰ 'ਚ ਕਿਸੇ ਹੋਰ ਕੰਪਨੀ 'ਚ ਕੰਮ ਕਰਦਾ ਹੈ ਅਤੇ ਪਤਾ ਲੱਗਣ 'ਤੇ ਉਹ ਮ੍ਰਿਤਕ ਸਤਨਾਮ ਸਿੰਘ ਦੀ ਕੰਪਨੀ 'ਚ ਪੁੱਜਾ। ਕੰਪਨੀ ਦੇ ਅਧਿਕਾਰੀਆਂ ਨੇ ਉਸ ਨੂੰ ਦੱਸਿਆ ਕਿ ਬੀਤੇ 10 ਦਿਨ ਪਹਿਲਾਂ ਉਸ ਦੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ ਸੀ। ਕੰਪਨੀ ਵਲੋਂ ਕਾਗਜ਼ੀ ਕਾਰਵਾਈ ਮੁਕੰਮਲ ਕਰਨ ਉਪਰੰਤ ਬੀਤੇ ਦਿਨ ਉਸ ਦੀ ਮ੍ਰਿਤਕ ਦੇਹ ਕੰਪਨੀ ਵਲੋਂ ਹਵਾਈ ਜਹਾਜ਼ ਦੁਆਰਾ ਕੁਵੈਤ ਤੋਂ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਸ੍ਰੀ ਅੰਮ੍ਰਿਤਸਰ ਸਵੇਰੇ ਤੜਕੇ 2 ਵਜੇ ਭੇਜੀ ਗਈ ਸੀ। ਸਵੇਰੇ ਜਿਉਂ ਹੀ ਮ੍ਰਿਤਕ ਦੀ ਦੇਹ ਉਸ ਦੇ ਜੱਦੀ ਪਿੰਡ ਅਠਵਾਲ ਪੁੱਜੀ ਤਾਂ ਸਾਰੇ ਪਿੰਡ ਦਾ ਮਾਹੌਲ ਗਮਗੀਨ ਹੋ ਗਿਆ। ਮ੍ਰਿਤਕ ਸਤਨਾਮ ਸਿੰਘ ਦਾ ਬਾਅਦ ਦੁਪਹਿਰ ਪਿੰਡ ਅਠਵਾਲ ਦੇ ਸ਼ਮਸ਼ਾਨਘਾਟ 'ਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਮ੍ਰਿਤਕ ਆਪਣੇ ਪਿੱਛੇ ਪਤਨੀ ਮਨਜੀਤ ਕੌਰ ਤੇ 2 ਧੀਆਂ ਛੱਡ ਗਿਆ ਹੈ।


author

rajwinder kaur

Content Editor

Related News