ਸਰਹੱਦੀ ਇਲਾਕੇ ਦੇ ਮੰਦਿਰ ''ਚ ਲੱਗੀ ਭਿਆਨਕ ਅੱਗ, LED ਤੇ AC ਸੜ ਕੇ ਹੋਏ ਸੁਆਹ
Friday, Aug 30, 2024 - 11:34 PM (IST)
ਦੋਰਾਂਗਲਾ/ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)- ਸਰਹੱਦੀ ਕਸਬਾ ਦੋਰਾਂਗਲਾ ਦੇ ਮੇਨ ਬਜ਼ਾਰ 'ਚ ਸਥਿਤ ਕਾਲੀ ਮਾਤਾ ਦੇ ਮੰਦਰ ਦੇ ਨਾਲ-ਨਾਲ ਮਹਾਜਨ ਭਾਈਚਾਰੇ ਦੇ ਦੇਵ ਸਥਾਨ ਮੰਦਰ ਬਾਬਾ ਸਹਿਜ ਨਾਥ ਜੀ ਦਰਬਾਰ ਵਿਚ ਭਿਆਨਕ ਅੱਗ ਲੱਗਣ ਦੀ ਖ਼ਬਰ ਪ੍ਰਾਪਤ ਹੋਈ ਹੈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਪਰ ਅੱਗ ਇੰਨੀ ਭਿਆਨਕ ਸੀ ਕਿ ਆਸ-ਪਾਸ ਦੇ ਘਰਾਂ ਦੇ ਲੋਕ ਵੀ ਡਰ ਗਏ।
ਮੰਦਰ ਗਲੀ ਦੇ ਅੰਦਰ ਹੋਣ ਕਾਰਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਉੱਥੇ ਨਹੀਂ ਪਹੁੰਚ ਸਕੀਆਂ। ਮੰਦਰ ’ਚ ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਮੰਦਰ ਕੰਪਲੈਕਸ ਦੇ ਪੁਜਾਰੀ ਨੇ ਬਾਕੀ ਲੋਕਾਂ ਨੂੰ ਸੂਚਨਾ ਦਿੱਤੀ। ਆਸ-ਪਾਸ ਦੇ ਨੌਜਵਾਨ ਵੱਡੀ ਗਿਣਤੀ ਵਿੱਚ ਇਕੱਠੇ ਹੋ ਗਏ ਅਤੇ ਲੋਕਾਂ ਦੇ ਸਹਿਯੋਗ ਨਾਲ ਘਰਾਂ ਵਿੱਚੋਂ ਬਾਲਟੀਆਂ ਅਤੇ ਪਾਣੀ ਦੀਆਂ ਪਾਈਪਾਂ ਦੀ ਮਦਦ ਨਾਲ ਕਰੀਬ ਤਿੰਨ ਘੰਟੇ ਬਾਅਦ ਮੰਦਰ ਵਿੱਚ ਲੱਗੀ ਭਿਆਨਕ ਅੱਗ ’ਤੇ ਕਾਬੂ ਪਾਇਆ ਗਿਆ।
ਜਾਣਕਾਰੀ ਮੁਤਾਬਕ ਅੱਗ ਇੰਨੀ ਭਿਆਨਕ ਸੀ ਕਿ ਜ਼ੋਰਦਾਰ ਧਮਾਕਾ ਹੋ ਗਿਆ, ਜਿਸ ਤੋਂ ਬਾਅਦ ਆਸ-ਪਾਸ ਦੇ ਘਰਾਂ ਦੇ ਲੋਕ ਵੀ ਡਰ ਗਏ। ਪੁਲਸ ਨੇ ਵੀ ਮੌਕੇ 'ਤੇ ਪਹੁੰਚ ਕੇ ਬਿਜਲੀ ਸਪਲਾਈ ਬੰਦ ਕਰਵਾਈ, ਜਿਸ ਕਾਰਨ ਮੰਦਰ ’ਚ ਮੌਜੂਦ ਨੌਜਵਾਨਾਂ ਨੇ ਬੜੀ ਮੁਸ਼ਕਲ ਨਾਲ ਅੱਗ 'ਤੇ ਕਾਬੂ ਪਾਇਆ। ਅੱਗ ਇੰਨੀ ਭਿਆਨਕ ਸੀ ਕਿ ਮੰਦਰ ਦੇ ਵਿੱਚ ਲੱਗੇ ਐੱਲ.ਈ.ਡੀ. ਅਤੇ ਏਅਰ ਕੰਡੀਸ਼ਨਰਾਂ ਸਣੇ ਮੰਦਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ।
ਇਸ ਦੌਰਾਨ ਜਿੱਥੇ ਮੰਦਿਰ ਦੇ ਵਿਹੜੇ ’ਚ ਅੱਗ ਲੱਗੀ ਸੀ, ਉੱਥੇ ਬਾਬਾ ਸਹਿਜ ਨਾਥ ਜੀ ਦੀ ਮੂਰਤੀ ਤੱਕ ਅੱਗ ਦੀ ਲਾਟ ਨਹੀਂ ਪਹੁੰਚੀ। ਦੱਸਿਆ ਜਾ ਰਿਹਾ ਹੈ ਕਿ ਜਦੋਂ ਤੱਕ ਗੁਰਦਾਸਪੁਰ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਇੱਥੇ ਪੁੱਜੀਆਂ, ਉਦੋਂ ਤੱਕ ਨੌਜਵਾਨਾਂ ਨੇ ਕਾਫੀ ਹੱਦ ਤੱਕ ਅੱਗ ’ਤੇ ਕਾਬੂ ਪਾ ਲਿਆ ਸੀ।
ਇਸ ਘਟਨਾ ਦੀ ਸੂਚਨਾ ਮਿਲਣ ’ਤੇ ਆਮ ਆਦਮੀ ਪਾਰਟੀ ਦੀਨਾਨਗਰ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਆਪਣੇ ਪਾਰਟੀ ਵਰਕਰਾਂ ਸਮੇਤ ਮੰਦਰ ਪਹੁੰਚੇ ਅਤੇ ਘਟਨਾ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਮੰਦਰ ਦੀ ਇਮਾਰਤ ਨੂੰ ਅੱਗ ਲੱਗਣ ਕਾਰਨ ਕਾਫੀ ਨੁਕਸਾਨ ਹੋਇਆ ਹੈ ਅਤੇ ਮੈਂ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕਰਾਂਗਾ। ਜੋ ਵੀ ਮਦਦ ਕੀਤੀ ਜਾ ਸਕਦੀ ਹੈ, ਉਹ ਜ਼ਰੂਰ ਕੀਤੀ ਜਾਵੇਗੀ। ਇਸ ਮੌਕੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e