ਟੈਕਸ ਚੋਰੀ ’ਤੇ ਮੋਬਾਇਲ ਵਿੰਗ ਦੀ ਵੱਡੀ ਕਾਰਵਾਈ, ਜੀਰੇ ਤੇ ਰਿਫ਼ਾਇੰਡ ਦੇ ਟਰੱਕ ''ਤੇ ਵਸੂਲਿਆ ਲੱਖਾਂ ਰੁਪਏ ਜੁਰਮਾਨਾ
Sunday, May 07, 2023 - 04:36 PM (IST)

ਅੰਮ੍ਰਿਤਸਰ (ਇੰਦਰਜੀਤ)- ਟੈਕਸ ਚੋਰੀ ’ਤੇ ਵੱਡੀ ਕਾਰਵਾਈ ਕਰਦੇ ਹੋਏ ਆਬਕਾਰੀ ਅਤੇ ਕਰ ਵਿਭਾਗ ਦੇ ਮੋਬਾਇਲ ਵਿੰਗ ਨੇ ਜੀਰੇ ਦੇ ਟਰੱਕ ’ਤੇ 11.5 ਲੱਖ ਰੁਪਏ ਦਾ ਜੁਰਮਾਨਾ ਵਸੂਲਿਆ ਹੈ। ਹੈਰਾਨੀ ਦੀ ਗੱਲ ਹੈ ਕਿ ਕਿੰਨਾ ਜੀਰਾ ਵਿਕਦਾ ਹੈ ਕਿ ਇਕ ਖੇਪ ’ਤੇ ਇੰਨਾ ਵੱਡਾ ਜੁਰਮਾਨਾ ਲਾਇਆ ਗਿਆ ਹੈ, ਜਦੋਂਕਿ ਪਿਛਲੇ ਹਫ਼ਤੇ ਵੀ ਜੀਰੇ ਦੇ ਇਕ ਟਰੱਕ ’ਤੇ 17 ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ ਸੀ, ਜਦੋਂਕਿ ਇਹ ਦੂਜਾ ਟਰੱਕ ਹੈ, ਜਿਸ ’ਤੇ ਮੋਬਾਇਲ ਵਿੰਗ ਵੱਲੋਂ ਕਾਰਵਾਈ ਕੀਤੀ ਗਈ ਹੈ। ਇਸੇ ਦੌਰਾਨ ਮੋਬਾਇਲ ਵਿੰਗ ਨੂੰ ਸੂਚਨਾ ਮਿਲੀ ਸੀ ਕਿ ਗੁਜਰਾਤ ਤੋਂ ਜੀਰੇ ਦਾ ਭਰਿਆ ਇਕ ਟਰੱਕ ਅੰਮ੍ਰਿਤਸਰ ਵੱਲ ਆ ਰਿਹਾ ਹੈ, ਜਦੋਂਕਿ ਇਸ ਵਿਚ ਪਿਆ ਸਾਮਾਨ ਕਿਤੇ ਹੋਰ ਉਤਾਰਿਆ ਜਾਣਾ ਸੀ। ਪਤਾ ਲੱਗਾ ਹੈ ਕਿ ਜੀਰੇ ਦੇ ਇਸ ਟਰੱਕ ਨੂੰ ਕੋਲਡ ਸਟੋਰ ਦੀ ਆੜ ਵਿਚ ਲੁਕਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਸੀ।
ਇਹ ਵੀ ਪੜ੍ਹੋ- ਪੰਜਾਬ ਯੂਨੀਵਰਸਿਟੀ ਨੇ ਜਾਰੀ ਕੀਤੀ ਨਵੀਂ ਸਿੱਖਿਆ ਨੀਤੀ, ਹੁਣ BSC ਦੇ ਨਾਲ ਇਹ ਕੋਰਸ ਵੀ ਕਰ ਸਕਣਗੇ ਵਿਦਿਆਰਥੀ
ਸਹਾਇਕ ਕਮਿਸ਼ਨਰ ਮੋਬਾਇਲ ਵਿੰਗ ਮਹੇਸ਼ ਗੁਪਤਾ ਦੀਆਂ ਹਦਾਇਤਾਂ ’ਤੇ ਮੋਬਾਇਲ ਵਿੰਗ ਦੇ ਸੀਨੀਅਰ ਈ. ਟੀ. ਓ. ਕੁਲਬੀਰ ਸਿੰਘ ਦੀ ਅਗਵਾਈ ਹੇਠ ਟੀਮ ਸਮੇਤ ਕਾਰਵਾਈ ਕੀਤੀ ਗਈ ਤਾਂ ਟੀਮ ਨੇ ਗੁਜਰਾਤ ਤੋਂ ਆਏ ਜੀਰੇ ਦੇ ਟਰੱਕ ਨੂੰ ਘੇਰ ਲਿਆ। ਈ. ਟੀ. ਓ. ਕੁਲਬੀਰ ਸਿੰਘ ਨੇ ਜਦੋਂ ਸਾਮਾਨ ਦੀ ਜਾਂਚ ਕੀਤੀ ਤਾਂ ਭਾਰੀ ਟੈਕਸ ਚੋਰੀ ਹੋਣ ਦਾ ਖਦਸ਼ਾ ਪ੍ਰਗਟਾਇਆ ਗਿਆ। ਮੋਬਾਇਲ ਵਿੰਗ ਦੇ ਅਧਿਕਾਰੀ ਨੇ ਪੂਰੀ ਜਾਂਚ ਅਤੇ ਮੁਲਾਂਕਣ ਤੋਂ ਬਾਅਦ ਉਸ ’ਤੇ 8.10 ਲੱਖ ਰੁਪਏ ਦਾ ਜੁਰਮਾਨਾ ਤੈਅ ਕੀਤਾ।
ਹਰਿਆਣਾ ਤੋਂ ਪੰਜਾਬ ਪਹੁੰਚੇ ਰਿਫਾਇੰਡ ਦੇ ਟਰੱਕ ਨੂੰ ਘੇਰਿਆ
ਇਸੇ ਤਰ੍ਹਾਂ ਇਕ ਹੋਰ ਕਾਰਵਾਈ 'ਚ ਮੋਬਾਇਲ ਟੀਮ ਨੇ ਰਿਫਾਇੰਡ ਤੇਲ ਨਾਲ ਭਰੇ ਇਕ ਟਰੱਕ ਨੂੰ ਰੋਕਿਆ। ਦੱਸਿਆ ਜਾਂਦਾ ਹੈ ਕਿ ਇਹ ਮਾਲ ਹਰਿਆਣਾ ਤੋਂ ਪੰਜਾਬ ਆਇਆ ਸੀ ਅਤੇ ਤਰਨਤਾਰਨ ਇਲਾਕੇ ’ਚ ਇਸ ਦਾ ਪਤਾ ਲੱਗਾ ਸੀ। ਦਸਤਾਵੇਜ਼ਾਂ ਦੀ ਜਾਂਚ ਕਰਨ ’ਤੇ ਪਤਾ ਲੱਗਾ ਕਿ ਇਸ ਵਿਚ ਟਰੱਕ ’ਤੇ ਲੱਦੇ ਸਾਮਾਨ ਦੇ ਪੂਰੇ ਦਸਤਾਵੇਜ਼ ਨਹੀਂ ਸਨ। ਚੈਕਿੰਗ ਦੌਰਾਨ ਵਿਭਾਗ ਨੇ ਉਨ੍ਹਾਂ ਸੀਰੀਅਲਾਂ ਨੂੰ ਤਾਂ ਕਲੀਨ ਚਿੱਟ ਦੇ ਦਿੱਤੀ, ਜਿਨ੍ਹਾਂ ਵਿਚ ਈ-ਵੇਅ ਬਿੱਲ ਆਏ ਸਨ ਪਰ ਜਿਨ੍ਹਾਂ ਦੇ ਬਿੱਲ ਈ-ਵੇਅ ਨਹੀਂ ਸਨ, ਉਨ੍ਹਾਂ ’ਤੇ ਜੁਰਮਾਨਾ ਲਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਹਰਿਆਣਾ ਤੋਂ ਆਏ ਇਸ ਟਰੱਕ ਵਿਰੁੱਧ ਕਾਰਵਾਈ ਕਰਨ ਲਈ ਮੋਬਾਇਲ ਵਿੰਗ ਦੇ ਈ. ਟੀ. ਓ. ਪੰਡਿਤ ਰਮਨ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਟੀਮ ਬਣਾਈ ਗਈ। ਟੀਮ ਨੇ ਪੂਰੀ ਨਾਕਾਬੰਦੀ ਕਰ ਕੇ ਖਾਦ ਵਾਲੇ ਤੇਲ ਦੇ ਟਰੱਕ ਨੂੰ ਘੇਰ ਲਿਆ। ਬਰਾਮਦ ਹੋਏ ਟਰੱਕ ਨੂੰ ਮੋਬਾਇਲ ਵਿੰਗ ਦੇ ਹੈੱਡਕੁਆਰਟਰ ਵਿਖੇ ਲਿਆਂਦਾ ਗਿਆ, ਜਿੱਥੇ ਜਾਂਚ ਤੋਂ ਬਾਅਦ 3.40 ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ। ਸਹਾਇਕ ਕਮਿਸ਼ਨਰ ਮਹੇਸ਼ ਗੁਪਤਾ ਨੇ ਦੱਸਿਆ ਕਿ ਮੋਬਾਇਲ ਵਿੰਗ ਟੀਮਾਂ ਟੈਕਸ ਚੋਰੀ ਵਿਰੁੱਧ ਦਿਨ-ਰਾਤ ਕੰਮ ਕਰ ਰਹੀਆਂ ਹਨ।
ਇਹ ਵੀ ਪੜ੍ਹੋ- ਇਟਲੀ 'ਚ ਜਾਨ ਗੁਆਉਣ ਵਾਲੇ ਸੁਖਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਪਹੁੰਚੀ ਪਿੰਡ, ਧਾਹਾਂ ਮਾਰ ਰੋਇਆ ਪਰਿਵਾਰ
ਸਕ੍ਰੈਪ ਦੇ ਟਰੱਕ ਵੀ ਫੜੇ
ਮੋਬਾਇਲ ਵਿੰਗ ਨੇ ਹੁਣ ਟੈਕਸ ਚੋਰੀ ’ਤੇ ਸਖ਼ਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਜਿਸ ਤਹਿਤ ਮੋਬਾਇਲ ਟੀਮਾਂ ਨੇ ਤਿੰਨ ਤੋਂ ਚਾਰ ਮੋਬਾਇਲ ਵਿੰਗ ਵਾਲੇ ਟਰੱਕਾਂ ਨੂੰ ਘੇਰ ਲਿਆ ਹੈ, ਜਿਨ੍ਹਾਂ ’ਚ ਸਕ੍ਰੈਪ ਹੋਣ ਦਾ ਅੰਦਾਜ਼ਾ ਹੈ। ਇਸ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਇਸ ’ਤੇ ਕਿੰਨਾ ਜੁਰਮਾਨਾ ਲਾਇਆ ਜਾਵੇ। ਮੋਬਾਇਲ ਟੀਮਾਂ ਦਾ ਪੂਰਾ ਫੋਕਸ ਸਕ੍ਰੈਪ ਅਤੇ ਲੋਹੇ ’ਤੇ ਦਿੱਤਾ ਗਿਆ ਹੈ ਤਾਂ ਜੋ ਇਸ ’ਚ ਸਰਕਾਰ ਦਾ ਮਾਲੀਆ ਪ੍ਰਭਾਵਿਤ ਨਾ ਹੋਵੇ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।