10ਵੀਂ ਜਮਾਤ ਦਾ ਫਰਜ਼ੀ ਸਰਟੀਫਿਕੇਟ ਫੜੇ ਜਾਣ ’ਤੇ ਪਾਵਰਕਾਮ ਦਾ ALM ਮੁਅੱਤਲ

06/21/2022 7:24:29 PM

ਅੰਮ੍ਰਿਤਸਰ (ਰਮਨ)- ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਸਿਟੀ ਸਰਕਲ ਅੰਮ੍ਰਿਤਸਰ ਹਕੀਮਾ ਗੇਟ ਸਬ ਡਵੀਜ਼ਨ ਵਿਚ ਤਾਇਨਾਤ ਏ. ਐੱਲ. ਐੱਮ. ਵਲੋਂ 10ਵੀਂ ਜਮਾਤ ਦਾ ਜਾਅਲੀ ਸਰਟੀਫਿਕੇਟ ਦੇ ਕੇ ਨੌਕਰੀ ਹਾਸਲ ਕੀਤੀ ਸੀ। ਉਕਤ ਮੁਲਾਜ਼ਮ ਸ਼ਹਿਰ ਦੇ ਇਕ ਵੱਡੇ ਆਗੂ ਦਾ ਖਾਸ ਵਿਅਕਤੀ ਸੀ, ਜਿਸ ਤੋਂ ਉਹ ਆਪਣੀ ਮਰਜ਼ੀ ਦੀ ਥਾਂ ’ਤੇ ਡਿਊਟੀ ਲਗਵਾਉੁਂਦਾ ਸੀ। ਸਿਟੀ ਸਰਕਲ ਵਲੋਂ ਕਰਮਚਾਰੀਆਂ ਦੇ ਸਰਟੀਫਿਕੇਟ ਚੈਕ ਕਰਵਾਏ ਜਾ ਰਹੇ ਸਨ, ਜਿਸ ਵਿਚ ਹਕੀਮਾਂ ਗੇਟ ਸਬ ਡਵੀਜ਼ਨ ਵਿਚ ਤਾਇਨਾਤ ਜਸਪ੍ਰੀਤ ਸਿੰਘ ਨਾਮਕ ਏ. ਐੱਲ. ਐੱਮ. ਦਾ 10ਵੀਂ ਦਾ ਸਰਟੀਫਿਕੇਟ ਜਾਅਲੀ ਪਾਇਆ ਗਿਆ।

ਇਸ ਨੂੰ ਲੈ ਕੇ ਵਿਭਾਗ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਸ ਨੂੰ ਮੁਅੱਤਲ ਕਰ ਦਿੱਤਾ ਅਤੇ ਉਸ ਖ਼ਿਲਾਫ਼ ਪੁਲਸ ਕਮਿਸ਼ਨਰ ਨੂੰ ਕੇਸ ਦਰਜ ਕਰਨ ਲਈ ਇਕ ਪੱਤਰ ਵੀ ਲਿਖਿਆ ਗਿਆ। ਪੰਜਾਬ ਸਰਕਾਰ ਵਲੋਂ ਪਿਛਲੇ ਦਿਨੀਂ ਹੁਕਮ ਜਾਰੀ ਕੀਤੇ ਸਨ ਕਿ ਕਈ ਲੋਕ ਜੋ ਪਿਛਲੀਆਂ ਸਰਕਾਰਾ ਵਿਚ ਆਗੂਆਂ ਦੇ ਚਹੇਤੇ ਸਨ ਅਤੇ ਫਰਜ਼ੀ ਸਰਟੀਫਿਕੇਟ ਲਾ ਕੇ ਨੌਕਰੀਆਂ ਕਰ ਰਹੇ ਹਨ, ਉਨ੍ਹਾਂ ਖਿਲਾਫ ਕਾਰਵਾਈ ਹੋਵੇਗੀ। ਉਨ੍ਹਾਂ ਆਦੇਸ਼ਾਂ ਅਨੁਸਾਰ ਦਸਤਾਵੇਜ਼ਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ, ਜਿਸ ਵਿਚ ਇਹ ਏ. ਐੱਲ. ਐੱਮ. ਫੜਿਆ ਗਿਆ। ਸਰਕਾਰ ਦੇ ਹੁਕਮਾਂ ਤੋਂ ਬਾਅਦ ਵਿਭਾਗ ਚੈਕਿੰਗ ਲਈ ਜੁਟਿਆ ਹੋਇਆ ਹੈ।

ਇੰਜੀ. ਗਗਨਦੀਪ ਸਿੰਘ, ਐਕਸੀਅਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਕਿਹਾ ਕਿ ਹਕੀਮਾ ਗੇਟ ਸਬ ਡਵੀਜ਼ਨ ਵਿਖੇ ਤਾਇਨਾਤ ਏ. ਐੱਲ. ਐੱਮ. ਜਸਪ੍ਰੀਤ ਦਾ 10ਵੀਂ ਦਾ ਸਰਟੀਫਿਕੇਟ ਜਾਅਲੀ ਪਾਇਆ ਗਿਆ ਹੈ, ਜਿਸ ਕਾਰਨ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਲਈ ਪੁਲਸ ਕਮਿਸ਼ਨਰ ਨੂੰ ਲਿਖਤੀ ਤੌਰ ’ਤੇ ਪੱਤਰ ਵੀ ਭੇਜਿਆ ਗਿਆ ਹੈ, ਜਦੋਂਕਿ ਪਾਵਰਕਾਮ ਦੇ ਉੱਚ ਅਧਿਕਾਰੀਆਂ ਨੂੰ ਇਸ ਸਬੰਧੀ ਜਾਣੂ ਕਰਵਾ ਦਿੱਤਾ ਗਿਆ ਹੈ।


rajwinder kaur

Content Editor

Related News