ਅੰਮ੍ਰਿਤਸਰ: 3 ਨਗਰ ਕੌਂਸਲਾਂ ਤੇ 1 ਨਗਰ ਪੰਚਾਇਤ ਦੀ ਚੋਣ ਸ਼ਾਂਤੀ ਨਾਲ ਮੁਕੰਮਲ

Tuesday, May 26, 2026 - 09:37 PM (IST)

ਅੰਮ੍ਰਿਤਸਰ: 3 ਨਗਰ ਕੌਂਸਲਾਂ ਤੇ 1 ਨਗਰ ਪੰਚਾਇਤ ਦੀ ਚੋਣ ਸ਼ਾਂਤੀ ਨਾਲ ਮੁਕੰਮਲ

ਅੰਮ੍ਰਿਤਸਰ (ਨੀਰਜ) - ਅੰਮ੍ਰਿਤਸਰ ਦੀਆਂ 3 ਨਗਰ ਕੌਂਸਲਾਂ ਜੰਡਿਆਲਾ ਗੁਰੂ ਮਜੀਠਾ, ਰਮਦਾਸ ਅਤੇ 1 ਨਗਰ ਪੰਚਾਇਤ ਰਈਆ ਦੀ ਆਮ ਚੋਣ ਅੱਜ ਪੂਰੀ ਤਰ੍ਹਾਂ ਅਮਨ-ਸ਼ਾਂਤੀ ਨਾਲ ਮੁਕੰਮਲ ਹੋ ਗਈ ਹੈ। ਤੇਜ਼ ਗਰਮੀ ਦੇ ਬਾਵਜੂਦ ਵੀ ਇਨ੍ਹਾਂ ਨਗਰ ਕੌਂਸਲਾਂ ਅਤੇ ਨਗਰ ਪੰਚਾਇਤ ਦੇ ਵੋਟਰਾਂ ਨੇ ਪੂਰੇ ਉਤਸ਼ਾਹ ਦੇ ਨਾਲ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ।

ਜ਼ਿਲਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਨੇ ਦੱਸਿਆ ਕਿ ਜ਼ਿਲਾ ਅੰਮ੍ਰਿਤਸਰ ਅਧੀਨ 3 ਨਗਰ ਕੌਂਸਲਾਂ ਜੰਡਿਆਲਾ ਗੁਰੂ, ਮਜੀਠਾ, ਰਮਦਾਸ ਅਤੇ 1 ਨਗਰ ਪੰਚਾਇਤ ਰਈਆ ਵਿਚ ਅੱਜ ਸਵੇਰੇ 8 ਵਜੇ ਵੋਟਾਂ ਪੈਣ ਦੀ ਪ੍ਰੀਕ੍ਰਿਆ ਸ਼ੁਰੂ ਹੋਈ ਸੀ, ਜੋ ਸ਼ਾਮ 5 ਵਜੇ ਤੱਕ ਨਿਰਵਿਘਨ ਚੱਲੀ। ਇਸ ਦੌਰਾਨ ਇਨ੍ਹਾਂ 3 ਨਗਰ ਕੌਂਸਲਾਂ ਅਤੇ ਇਕ ਨਗਰ ਪੰਚਾਇਤ ਵਿਚ ਵੋਟਾਂ ਪੈਣ ਦੀ ਕੁੱਲ 63.5 ਫ਼ੀਸਦੀ ਰਹੀ ਹੈ।

ਨਗਰ ਕੌਂਸਲ ਅਤੇ ਨਗਰ ਪੰਚਾਇਤ ਵਾਈਜ ਪਈਆਂ ਵੋਟਾਂ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਗਰ ਕੌਂਸਲ ਜੰਡਿਆਲਾ ਗੁਰੂ ਵਿਚ ਕੁੱਲ 57.08 ਫ਼ੀਸਦੀ ਵੋਟਾਂ ਪਈਆਂ ਹਨ। ਇਸ ਤੋਂ ਇਲਾਵਾ ਨਗਰ ਕੌਂਸਲ ਮਜੀਠਾ ਵਿਚ 62 ਫ਼ੀਸਦੀ ਅਤੇ ਨਗਰ ਕੌਂਸਲ ਰਮਦਾਸ ਵਿਚ 77.33 ਫ਼ੀਸਦੀ ਵੋਟਰਾਂ ਨੇ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਨਗਰ ਪੰਚਾਇਤ ਰਈਆ ਵਿਚ ਕੁੱਲ 53.06 ਪੋਲਿੰਗ ਫ਼ੀਸਦੀ ਰਹੀ ਹੈ। ਵੋਟਾਂ ਦੇ ਬੈਲਟ ਬਕਸਿਆਂ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਰੱਖਿਆ ਜਾਵੇਗਾ ਅਤੇ 29 ਮਈ 2026 ਨੂੰ ਨਿਰਧਾਰਿਤ ਗਿਣਤੀ ਸਥਾਨਾਂ ਉੱਪਰ ਵੋਟਾਂ ਦੀ ਗਿਣਤੀ ਹੋਵੇਗੀ ਅਤੇ ਨਤੀਜੇ ਐਲਾਨੇ ਜਾਣਗੇ।

ਡੀ. ਸੀ. ਨੇ ਦੱਸਿਆ ਕਿ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲਾ ਪ੍ਰਸ਼ਾਸਨ ਵੱਲੋਂ ਸਾਰੇ ਪੋਲਿੰਗ ਸਟੇਸ਼ਨਾਂ ਉੱਪਰ ਵੋਟਰਾਂ ਦੀ ਸਹੂਲਤ ਲਈ ਛਾਂ-ਪਾਣੀ ਅਤੇ ਹੋਰ ਲੋੜੀਂਦੇ ਪ੍ਰਬੰਧ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਏਨੀਂ ਗਰਮੀ ਦੇ ਬਾਵਜੂਦ ਵੀ ਵੋਟਰਾਂ ਨੇ ਪੂਰੇ ਉਤਸ਼ਾਹ ਨਾਲ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਹੈ, ਜਿਸ ਲਈ ਉਹ ਸਮੂਹ ਵੋਟਰਾਂ ਦੇ ਧੰਨਵਾਦੀ ਹਨ। ਇਸ ਦੇ ਨਾਲ ਹੀ ਉਨ੍ਹਾਂ ਸਮੂਹ ਉਮੀਦਵਾਰਾਂ ਅਤੇ ਰਾਜਨੀਤਿਕ ਦਲਾਂ ਦਾ ਵੀ ਚੋਣ ਪ੍ਰੀਕ੍ਰਿਆ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜਨ ’ਚ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਚੋਣਾਂ ਨੂੰ ਪੂਰੀ ਤਰ੍ਹਾਂ ਅਮਨ-ਸ਼ਾਂਤੀ ਦੇ ਮਹੌਲ ਵਿਚ ਅਜ਼ਾਦਾਨਾਂ, ਨਿਰਪੱਖ ਅਤੇ ਤਰੁੱਟੀ ਰਹਿਤ ਮੁਕੰਮਲ ਕਰਨ ਲਈ ਸਮੂਹ ਚੋਣ ਅਮਲੇ, ਸੁਰੱਖਿਆ ਅਮਲੇ ਦਾ ਵੀ ਧੰਨਵਾਦ ਕੀਤਾ।


author

Inder Prajapati

Content Editor

Related News