ਗੁਰੂ ਨਗਰੀ ਨੂੰ ਪ੍ਰਦੂਸ਼ਣ ਮੁਕਤ ਕਰਨ ਦਾ ਵੱਡਾ ਉਪਰਾਲਾ, ਵਰਦਾਨ ਸਾਬਤ ਹੋ ਰਹੀ 'ਰਾਹੀ' ਸਕੀਮ
Wednesday, Sep 27, 2023 - 02:30 PM (IST)
ਅੰਮ੍ਰਿਤਸਰ (ਰਮਨ) : ਅੰਮ੍ਰਿਤਸਰ ਸਮਾਰਟ ਸਿਟੀ ਲਿਮਟਿਡ ਦੇ ਸੀ. ਈ. ਓ. ਅਤੇ ਨਗਰ ਨਿਗਮ ਕਮਿਸ਼ਨਰ ਰਾਹੁਲ ਨੇ ਦੱਸਿਆ ਕਿ 'ਰਾਹੀ' ਸਕੀਮ ਅਧੀਨ ਜਿਨ੍ਹਾਂ ਪੁਰਾਣੇ ਡੀਜ਼ਲ ਆਟੋ ਚਾਲਕਾਂ ਨੇ ਈ-ਆਟੋ ਲੈ ਲਏ ਹਨ, ਉਨ੍ਹਾਂ ਦੀ ਰੋਜ਼ਾਨਾ ਕਮਾਈ ਵਿਚ ਵਾਧਾ ਹੋ ਰਿਹਾ ਹੈ। ਇਸ ਦਾ ਕਾਰਨ ਹੈ ਕਿ ਪਹਿਲਾਂ ਇਹ ਡੀਜ਼ਲ ਆਟੋ ਚਾਲਕ ਰੋਜ਼ਾਨਾ 300-400 ਰੁਪਏ ਦਾ ਡੀਜ਼ਲ ਪਵਾਉਂਦੇ ਸਨ ਅਤੇ ਹਰ ਮਹੀਨੇ ਡੀਜ਼ਲ ਇੰਜਣ ਦੀ ਸਰਵਿਸ ’ਤੇ ਪੈਸਾ ਖਰਚਦੇ ਸਨ, ਜਿਸ ਨਾਲ ਉਨ੍ਹਾਂ ਦਾ ਹਰ ਮਹੀਨੇ ਤਕਰੀਬਨ 12000-15000 ਰੁਪਏ ਖਰਚ ਹੁੰਦਾ ਸੀ ਜੋ ਕਿ ਹੁਣ ਈ-ਆਟੋ ਚਾਲਕ ਦੀ ਮਹੀਨੇ ਦੀ ਬਚਤ ਵਜੋਂ ਉਸ ਦੇ ਪਰਿਵਾਰ ਲਈ ਕੰਮ ਆਉਂਦਾ ਹੈ ਅਤੇ ਇਸ ਦੇ ਨਾਲ ਹੀ ਰੋਜ਼ਾਨਾ ਦੀ ਕਮਾਈ ਵੀ ਵਧੀਆ ਹੁੰਦੀ ਹੈ।
ਇਹ ਵੀ ਪੜ੍ਹੋ : ਕੈਬਨਿਟ ਮੰਤਰੀ ਬਲਕਾਰ ਸਿੰਘ ਨੇ ਪਰਾਲੀ ਦਾ ਸਹੀ ਉਪਚਾਰ ਕਰਨ ਵਾਲੇ ਕਿਸਾਨਾਂ ਨੂੰ ਕੀਤਾ ਸਨਮਾਨਿਤ, ਕੀਤੀ ਇਹ ਅਪੀਲ
ਇਨ੍ਹਾਂ ਈ-ਆਟੋਜ਼ ਦੀ ਚਾਰਜਿੰਗ ਦਾ ਵੀ ਖ਼ਰਚਾ ਨਹੀ ਆਉਂਦਾ ਕਿਉਂਕਿ ਪੰਜਾਬ ਸਰਕਾਰ ਵਲੋਂ ਪਹਿਲਾਂ ਹੀ ਲੋਕਾਂ ਦੇ 300 ਯੂਨਿਟ ਤੱਕ ਬਿਜਲੀ ਦੇ ਬਿੱਲ ਜ਼ੀਰੋ ਕਰ ਦਿੱਤੇ ਗਏ ਹਨ। ਈ-ਆਟੋਜ਼ ਲੈਣ ਲਈ ਜੇਕਰ ਬੈਂਕ ਦਾ ਕਰਜ਼ਾ ਲੈਣਾ ਪੈਂਦਾ ਹੈ ਤਾਂ 'ਰਾਹੀ' ਸਕੀਮ ਅਧੀਨ ਉਹ ਵੀ ਜ਼ੀਰੋ ਡਾਊਨ ਪੇਮੈਂਟ ’ਤੇ ਮਿਲ ਜਾਂਦਾ ਹੈ, ਜਿਸ ਦੀ ਭਰਪਾਈ ਰੋਜ਼ਾਨਾ ਹੋਣ ਵਾਲੀ ਬਚਤ ਵਿਚੋਂ ਹੋ ਜਾਂਦੀ ਹੈ।
ਇਹ ਵੀ ਪੜ੍ਹੋ : ICP ਅਟਾਰੀ 'ਤੇ 11 ਸਾਲ ਬਾਅਦ ਵੀ ਨਹੀਂ ਲੱਗਿਆ ਟਰੱਕ ਸਕੈਨਰ, ਗ੍ਰਹਿ ਮੰਤਰੀ ਸ਼ਾਹ ਅੱਗੇ ਵਪਾਰੀ ਚੁੱਕਣਗੇ ਮੁੱਦਾ
ਨਗਰ ਨਿਗਮ ਕਮਿਸ਼ਨਰ ਰਾਹੁਲ ਨੇ ਇਹ ਵੀ ਦੱਸਿਆ ਕਿ ਸ਼ਹਿਰ ਵਿਚ 'ਰਾਹੀ' ਸਕੀਮ ਅਧੀਨ ਚੱਲ ਰਹੇ ਈ-ਆਟੋਜ਼ ਦੇ ਚਾਲਕਾਂ ਤੋਂ ਕੀਤੇ ਗਏ ਸਰਵੇਖਣ ਮੁਤਾਬਕ ਇਹ ਚਾਲਕ ਆਪਣੀ ਬਚਤ ਰਾਹੀ ਭਰਪੂਰ ਕਮਾਈ ਕਰ ਰਹੇ ਹਨ ਅਤੇ ਉਨ੍ਹਾਂ ਦੇ ਪਰਿਵਾਰ ਦੇ ਹਾਲਾਤ ਵੀ ਸੁਖਾਲੇ ਹੋ ਗਏ ਹਨ। ਈ-ਆਟੋ ਅਵਾਜ਼ ਰਹਿਤ ਅਤੇ ਧੂੰਆ ਰਹਿਤ ਹੋਣ ਕਰ ਕੇ ਚਾਲਕ ਦੀ ਸਿਹਤ ਵੀ ਠੀਕ ਰਹਿੰਦੀ ਹੈ ਅਤੇ ਸਵਾਰੀ ਨੂੰ ਵੀ ਸਫ਼ਰ ਦਾ ਆਨੰਦ ਆਉਂਦਾ ਹੈ। ਇਸ ਨਾਲ ਸ਼ਹਿਰ ਵੀ ਪ੍ਰਦੂਸ਼ਣ ਮੁਕਤ ਹੁੰਦਾ ਹੈ।
ਇਹ ਵੀ ਪੜ੍ਹੋ : ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਦੌਰਾਨ BJP ਪ੍ਰਧਾਨ ਸੁਨੀਲ ਜਾਖੜ ਨੇ ਚੁੱਕੇ ਇਹ ਮੁੱਦੇ
ਕਮਿਸ਼ਨਰ ਰਾਹੁਲ ਨੇ ਕਿਹਾ ਕਿ ਇਸ ਸਮੇਂ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਮੇਨ ਚੌਕਾਂ ਵਿਚ ਡੀਜ਼ਲ ਆਟੋਜ਼ ਦੀ ਗਿਣਤੀ ਜ਼ਿਆਦਾ ਹੋਣ ਕਰ ਕੇ ਵਾਤਾਵਰਣ ਪ੍ਰਦੂਸ਼ਿਤ ਹੋਇਆ ਰਹਿੰਦਾ ਹੈ ਅਤੇ ਸ਼ੋਰ-ਸ਼ਰਾਬਾ ਬਣਿਆ ਰਹਿੰਦਾ ਹੈ। ਇਸ ਦਾ ਸ਼ਹਿਰ ਵਿਚ ਆਉਣ ਵਾਲੇ ਯਾਤਰੀਆਂ, ਸੈਲਾਨੀਆਂ ਅਤੇ ਸ਼ਰਧਾਲੂਆਂ ਤੇ ਮਾੜਾ ਅਸਰ ਪੈਂਦਾ ਹੈ । ਉਨ੍ਹਾਂ ਨੇ ਸਾਰੇ ਡੀਜ਼ਲ ਆਟੋ ਚਾਲਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਸ਼ਹਿਰ ਦੇ ਵਾਤਾਵਰਣ ਨੂੰ ਪ੍ਰਦੂਸ਼ਣ ਮੁਕਤ ਅਤੇ ਸਾਫ਼-ਸੁਥਰਾ ਬਣਾਏ ਰੱਖਣ ਲਈ ਸਹਿਯੋਗੀ ਬਣਨ ਅਤੇ ਆਪਣੇ ਪੁਰਾਣੇ ਡੀਜ਼ਲ ਆਟੋਜ਼ ਨੂੰ 'ਰਾਹੀ' ਸਕੀਮ ਅਧੀਨ ਈ-ਆਟੋਜ਼ ਦੇ ਨਾਲ ਬਦਲ ਲੈਣ ਅਤੇ ਸਰਕਾਰ ਵੱਲੋ ਦਿੱਤੀਆਂ ਜਾ ਰਹੀਆਂ ਸਬਸਿਡੀਆਂ ਅਤੇ ਸਹੂਲਤਾਂ ਦਾ ਲਾਭ ਲੈਣ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8