ਅੰਮ੍ਰਿਤਸਰ ਵਿਖੇ ਨਸ਼ਾ ਤਸਕਰ ਦੀ ਜਾਇਦਾਦ ਨੂੰ ਢਾਹਿਆ
Friday, Jun 12, 2026 - 04:36 PM (IST)
ਅੰਮ੍ਰਿਤਸਰ (ਰਮਨ)- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਨਸ਼ਾ ਤਸਕਰੀ ਵਿਰੁੱਧ ਜਾਰੀ ਕਾਰਵਾਈ 'ਚ ਨਗਰ ਨਿਗਮ ਅੰਮ੍ਰਿਤਸਰ ਨੇ ਅੱਜ ਫਕੀਰ ਸਿੰਘ ਕਲੋਨੀ, ਅੰਨਗੜ੍ਹ, ਅੰਮ੍ਰਿਤਸਰ ਵਿਖੇ ਸਥਿਤ ਇੱਕ ਜਾਣੇ-ਪਛਾਣੇ ਨਸ਼ਾ ਤਸਕਰ ਦੀ ਗੈਰ-ਕਾਨੂੰਨੀ ਤੌਰ 'ਤੇ ਪ੍ਰਾਪਤ ਕੀਤੀ ਜਾਇਦਾਦ ਨੂੰ ਢਾਹ ਦਿੱਤਾ। ਢਾਹੀ ਗਈ ਜਾਇਦਾਦ ਸੁਖਦੇਵ ਸਿੰਘ ਉਰਫ਼ ਆਕਾਸ਼ ਪੁੱਤਰ ਦਿਲਬਾਗ ਸਿੰਘ ਵਾਸੀ ਫਕੀਰ ਸਿੰਘ ਕਲੋਨੀ, ਅੰਨਗੜ੍ਹ, ਅੰਮ੍ਰਿਤਸਰ ਦੀ ਸੀ। ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਕਈ ਮਹੱਤਵਪੂਰਨ ਸਫਲਤਾਵਾਂ ਹਾਸਲ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਅੰਤਰਰਾਸ਼ਟਰੀ ਸਰਹੱਦ ਪਾਰੋਂ ਡਰੋਨਾਂ ਰਾਹੀਂ ਭਾਰਤੀ ਖੇਤਰ ਵਿੱਚ ਭੇਜੇ ਜਾ ਰਹੇ ਨਸ਼ਿਆਂ ਦੇ ਕਈ ਵੱਡੇ ਜ਼ਖੀਰੇ ਬਰਾਮਦ ਕੀਤੇ ਗਏ ਹਨ ਅਤੇ ਇਸ ਗੈਰ-ਕਾਨੂੰਨੀ ਕਾਰੋਬਾਰ ਨਾਲ ਜੁੜੇ ਕਈ ਤਸਕਰਾਂ ਨੂੰ ਕਾਬੂ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਸ੍ਰੀ ਦਰਬਾਰ ਸਾਹਿਬ ਕੰਪਲੈਕਸ 'ਚ ਬੇਅਦਬੀ ਦੀ ਕੋਸ਼ਿਸ਼ ਕਰਨ ਦੇ ਮਾਮਲੇ 'ਚ ACP ਸੁਰਿੰਦਰ ਸਿੰਘ ਦਾ ਵੱਡਾ ਬਿਆਨ
ਇਸ ਮੌਕੇ ਡੀਸੀਪੀ ਵਿਜੇ ਆਲਮ , ਡੀਸੀਪੀ ਵਿਸ਼ਾਲਜੀਤ ਸਿੰਘ, ਏਡੀਸੀਪੀ ਸੁਰਿੰਦਰ ਸਿੰਘ, ਇੰਸਪੈਕਟਰ ਮਨਜੀਤ ਕੌਰ ਅਤੇ ਹੋਰ ਪੁਲਿਸ ਅਧਿਕਾਰੀ ਵੀ ਮੌਜੂਦ ਸਨ। ਪੁਲਸ ਕਮਿਸ਼ਨਰ ਨੇ ਦੱਸਿਆ ਕਿ ਨਗਰ ਨਿਗਮ ਅੰਮ੍ਰਿਤਸਰ ਵੱਲੋਂ ਕੀਤੀ ਜਾ ਰਹੀ ਇਹ 25ਵੀਂ ਡੈਮੋਲਿਸ਼ਨ ਕਾਰਵਾਈ ਹੈ, ਜਿਸ ਲਈ ਪੁਲਸ ਫੋਰਸ ਦੀ ਮੰਗ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਉਹ ਖੁਦ ਮੌਕੇ 'ਤੇ ਇਸ ਲਈ ਪਹੁੰਚੇ ਹਨ ਤਾਂ ਜੋ ਲੋਕਾਂ ਤੱਕ ਇੱਕ ਸਪੱਸ਼ਟ ਅਤੇ ਸਖ਼ਤ ਸੰਦੇਸ਼ ਪਹੁੰਚ ਸਕੇ ਕਿ ਨਸ਼ਿਆਂ ਨਾਲ ਜੁੜੇ ਅਪਰਾਧਾਂ ਪ੍ਰਤੀ ਸਰਕਾਰ ਅਤੇ ਪੁਲਸ ਦੀ ਜ਼ੀਰੋ ਟੋਲਰੈਂਸ ਨੀਤੀ ਹੈ।
ਇਹ ਵੀ ਪੜ੍ਹੋ- ਕਾਕਰੋਚ ਜਨਤਾ ਪਾਰਟੀ ਦਾ ਭਲਕੇ ਅੰਮ੍ਰਿਤਸਰ 'ਚ ਪ੍ਰਦਰਸ਼ਨ, ਪੰਜਾਬ ਆਵੇਗਾ ਅਭਿਜੀਤ ਦੀਪਕੇ
ਭੁੱਲਰ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਨਸ਼ਿਆਂ ਦੀ ਕਾਲੀ ਕਮਾਈ ਨਾਲ ਘਰ ਜਾਂ ਹੋਰ ਸੰਪਤੀ ਬਣਾਉਂਦਾ ਹੈ ਤਾਂ ਕਾਨੂੰਨ ਉਸ ਨੂੰ ਬਖ਼ਸ਼ੇਗਾ ਨਹੀਂ। ਅਜਿਹੀ ਸੰਪਤੀ ਆਖ਼ਿਰਕਾਰ ਕਾਨੂੰਨੀ ਕਾਰਵਾਈ ਦੀ ਜ਼ਦ ਵਿੱਚ ਆ ਜਾਂਦੀ ਹੈ। ਉਨ੍ਹਾਂ ਕਿਹਾ ਕਿ ਲੋਕ ਅਕਸਰ ਦੇਖਦੇ ਹਨ ਕਿ ਕੁਝ ਵਿਅਕਤੀ ਥੋੜ੍ਹੇ ਸਮੇਂ ਵਿੱਚ ਹੀ ਅਚਾਨਕ ਅਮੀਰ ਬਣ ਜਾਂਦੇ ਹਨ, ਪਰ ਜਦੋਂ ਅਜਿਹੀ ਗੈਰ-ਕਾਨੂੰਨੀ ਕਮਾਈ ਨਾਲ ਬਣੀ ਜਾਇਦਾਦ ਨੂੰ ਢਾਹਿਆ ਜਾਂਦਾ ਹੈ ਤਾਂ ਇਸ ਦਾ ਸਮਾਜ ਅਤੇ ਖ਼ਾਸ ਕਰਕੇ ਨੌਜਵਾਨਾਂ ਉੱਤੇ ਡੂੰਘਾ ਪ੍ਰਭਾਵ ਪੈਂਦਾ ਹੈ।ਪੁਲਸ ਕਮਿਸ਼ਨਰ ਨੇ ਦੱਸਿਆ ਕਿ ਜਿਸ ਵਿਅਕਤੀ ਦੀ ਸੰਪਤੀ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ, ਉਹ ਇੱਕ ਸੁਖਦੇਵ ਸਿੰਘ ਆਦਤੀ ਅਪਰਾਧੀ ਹੈ। ਉਸ ਖ਼ਿਲਾਫ਼ ਸਾਲ 2020 ਤੋਂ ਲੈ ਕੇ 2026 ਤੱਕ ਐਨਡੀਪੀਐਸ ਐਕਟ ਤਹਿਤ ਛੇ ਮਾਮਲੇ ਦਰਜ ਹਨ ਅਤੇ ਵੱਖ-ਵੱਖ ਮਾਮਲਿਆਂ ਵਿੱਚ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਵੀ ਹੋ ਚੁੱਕੀ ਹੈ। ਪੁਲਸ ਵੱਲੋਂ ਉਸ ਖ਼ਿਲਾਫ਼ ਪ੍ਰੀਵੈਂਟਿਵ ਐਕਸ਼ਨ ਵੀ ਲਿਆ ਗਿਆ ਸੀ, ਪਰ ਇਸ ਦੇ ਬਾਵਜੂਦ ਉਹ ਨਸ਼ਾ ਤਸਕਰੀ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਰਿਹਾ। ਉਨ੍ਹਾਂ ਕਿਹਾ ਕਿ ਅਜਿਹੀਆਂ ਕਾਰਵਾਈਆਂ ਦਾ ਮਕਸਦ ਕੇਵਲ ਅਪਰਾਧੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨਾ ਹੀ ਨਹੀਂ, ਸਗੋਂ ਸਮਾਜ ਵਿੱਚ ਇੱਕ ਮਿਸਾਲ ਕਾਇਮ ਕਰਨਾ ਵੀ ਹੈ, ਤਾਂ ਜੋ ਨੌਜਵਾਨ ਨਸ਼ਿਆਂ ਦੇ ਰਾਹ ਤੋਂ ਦੂਰ ਰਹਿਣ ਅਤੇ ਕਾਨੂੰਨ ਦਾ ਸਤਿਕਾਰ ਕਰਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
