ਲਗਾਤਾਰ ਮਿਲ ਰਹੀਆਂ ਸ਼ਿਕਾਇਤਾਂ ਮਗਰੋਂ ਮਿਲੀ ਸਫ਼ਲਤਾ, ਖੇਤਾਂ ''ਚੋਂ ਬਰਾਮਦ ਹੋਇਆ ਪਾਕਿਸਤਾਨੀ ਡਰੋਨ
Sunday, Nov 03, 2024 - 07:05 PM (IST)
ਬਮਿਆਲ/ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)- ਭਾਰਤ-ਪਾਕਿਸਤਾਨ ਸਰਹੱਦੀ ਖੇਤਰ ਦੇ ਬਮਿਆਲ ਸੈਕਟਰ ਵਿੱਚ ਪਿਛਲੇ ਕੁਝ ਮਹੀਨਿਆਂ ਤੋਂ ਲਗਾਤਾਰ ਪਾਕਿਸਤਾਨ ਵੱਲੋਂ ਭਾਰਤ ਵਿੱਚ ਡਰੋਨ ਭੇਜਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਸਨ, ਜਿਸ ਦੇ ਚਲਦੇ ਕਈ ਵਾਰ ਲੋਕਾਂ ਨੇ ਡਰੋਨ ਦੇਖੇ ਜਾਣ ਦੀ ਸੂਚਨਾ ਪੰਜਾਬ ਪੁਲਸ ਨੂੰ ਦਿੱਤੀ ਹੈ। ਇਸ ਮਗਰੋਂ ਪੰਜਾਬ ਪੁਲਸ ਉਸ ਖੇਤਰ ਵਿੱਚ ਤਲਾਸ਼ੀ ਅਭਿਆਨ ਚਲਾਉਂਦੀ ਰਹੀ ਹੈ, ਪਰੰਤੂ ਹਾਲੇ ਤੱਕ ਕਿਸੇ ਵੀ ਤਰ੍ਹਾਂ ਦੀ ਸਫ਼ਲਤਾ ਪੰਜਾਬ ਪੁਲਸ ਨੂੰ ਹਾਸਲ ਨਹੀਂ ਹੋਈ ਸੀ।
ਇਹ ਵੀ ਪੜ੍ਹੋ- ਫ਼ਿਲਮ ਦੇਖਣ ਗਏ ਸੀ ਡਾਕਟਰ ਸਾਬ੍ਹ, ਪਿੱਛੋਂ ਘਰ 'ਚ ਪੈ ਗਿਆ 'ਸੀਨ'
ਪਰ ਇਸ ਦੌਰਾਨ ਐਤਵਾਰ ਦੇ ਦਿਨ ਦੁਪਹਿਰ ਵੇਲੇ ਭਾਰਤ-ਪਾਕਿਸਤਾਨ ਸਰਹੱਦ ਦੇ ਬਮਿਆਲ ਸੈਕਟਰ ਅਧੀਨ ਆਉਂਦੇ ਪਿੰਡ ਅਖਵਾੜਾ ਵਿਖੇ ਕਿਰਪਾਲ ਸਿੰਘ ਨਾਂ ਦੇ ਕਿਸਾਨ ਨੂੰ ਆਪਣੇ ਖੇਤ ਦੇ ਵਿੱਚ ਇੱਕ ਡਰੋਨ ਮਿਲਿਆ, ਜਿਸ ਦੀ ਸੂਚਨਾ ਉਸ ਨੇ ਤੁਰੰਤ ਆਪਣੇ ਸਰਪੰਚ ਕਾਬਲ ਸਿੰਘ ਨੂੰ ਦਿੱਤੀ ਅਤੇ ਉਸ ਤੋਂ ਬਾਅਦ ਸਮੂਹਿਕ ਤੌਰ 'ਤੇ ਲੋਕਾਂ ਵੱਲੋਂ ਨਜ਼ਦੀਕੀ ਬੀ.ਐੱਸ.ਐੱਫ. ਨੂੰ ਇਸ ਡਰੋਨ ਦੀ ਸੂਚਨਾ ਦਿੱਤੀ ਗਈ। ਬੀ.ਐੱਸ.ਐੱਫ. ਨੇ ਮੌਕੇ 'ਤੇ ਪਹੁੰਚ ਕੇ ਇਸ ਡਰੋਨ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਅਤੇ ਤੁਰੰਤ ਪੰਜਾਬ ਪੁਲਸ ਨੂੰ ਸੂਚਿਤ ਕਰ ਦਿੱਤਾ। ਪੰਜਾਬ ਪੁਲਸ ਨੇ ਆਪਣੇ ਐੱਸ.ਓ.ਜੀ. ਕਮਾਂਡੋ ਅਤੇ ਬੀ.ਐੱਸ.ਐੱਫ. ਦੇ ਨਾਲ ਮਿਲ ਕੇ ਇੱਕ ਵੱਡਾ ਸਰਚ ਆਪਰੇਸ਼ਨ ਵੀ ਚਲਾਇਆ। ਡਰੋਨ ਤੋਂ ਇਲਾਵਾ ਹਾਲੇ ਤੱਕ ਕੋਈ ਵੀ ਹੋਰ ਵਸਤੂ ਪ੍ਰਾਪਤ ਹੋਣ ਦਾ ਸਮਾਚਾਰ ਪ੍ਰਾਪਤ ਨਹੀਂ ਹੋਇਆ।
ਜ਼ਿਕਰਯੋਗ ਹੈ ਕਿ ਬਮਿਆਲ ਸੈਕਟਰ ਅਧੀਨ ਆਉਂਦਾ ਪਿੰਡ ਅਖਵਾੜਾ, ਜੋ ਕਿ ਭਾਰਤ-ਪਾਕਿ ਸਰਹੱਦ ਤੋਂ ਲਗਭਗ 2 ਕਿਲੋਮੀਟਰ ਦੀ ਦੂਰੀ 'ਤੇ ਹੈ ਅਤੇ ਇਸ ਦੇ ਨਾਲ ਹੀ ਲਗਭਗ ਡੇਢ ਕਿਲੋਮੀਟਰ ਦੂਰੀ 'ਤੇ ਬੀ.ਓ.ਪੀ. ਪਹਾੜੀਪੁਰ ਹੈ। ਇਸ ਵਿਸ਼ੇ 'ਤੇ ਪਿੰਡ ਦੇ ਸਰਪੰਚ ਕਾਬਲ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਕਿਸਾਨ ਜੋ ਕਿ ਅਖਵਾੜਾ ਪਿੰਡ ਦਾ ਰਹਿਣ ਵਾਲਾ ਹੈ, ਉਸ ਦੇ ਕਮਾਦ ਦੇ ਖੇਤ ਵਿੱਚ ਉਸ ਨੂੰ ਆਪਣੇ ਕੰਮ ਕਰਨ ਦੌਰਾਨ ਇਹ ਡਰੋਨ ਮਿਲਿਆ ਹੈ, ਜਿਸ ਦੇ ਚਲਦੇ ਉਨ੍ਹਾਂ ਨੇ ਬੀ.ਐੱਸ.ਐੱਫ. ਨੂੰ ਅਤੇ ਪੰਜਾਬ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ। ਇਸ ਮਗਰੋਂ ਸੁਰੱਖਿਆ ਏਜੰਸੀਆਂ ਨੇ ਇਲਾਕੇ 'ਚ ਲਗਾਤਾਰ ਸਰਚ ਆਪਰੇਸ਼ਨ ਚਲਾਇਆ।
ਇਹ ਵੀ ਪੜ੍ਹੋ- ਨਵਜੋਤ ਕੌਰ ਸਿੱਧੂ ਨੇ ਭਾਜਪਾ ਆਗੂ ਤਰਨਜੀਤ ਸਿੰਘ ਸੰਧੂ ਨਾਲ ਕੀਤੀ ਮੁਲਾਕਾਤ, ਛਿੜੀ ਨਵੀਂ ਸਿਆਸੀ ਚਰਚਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e