SGPC ਦੀਆਂ ਚੋਣਾਂ ਲਈ ਆਉਣ ਵਾਲੇ ਫ਼ੈਸਲੇ ’ਚ ਕੋਈ ਤਬਦੀਲੀ ਨਾ ਕਰਨਾ, ਅਕਾਲੀ ਦਲ ਲਈ ਵਰਦਾਨ ਸਾਬਿਤ ਹੋਵੇਗਾ

Sunday, Nov 05, 2023 - 02:49 PM (IST)

SGPC ਦੀਆਂ ਚੋਣਾਂ ਲਈ ਆਉਣ ਵਾਲੇ ਫ਼ੈਸਲੇ ’ਚ ਕੋਈ ਤਬਦੀਲੀ ਨਾ ਕਰਨਾ, ਅਕਾਲੀ ਦਲ ਲਈ ਵਰਦਾਨ ਸਾਬਿਤ ਹੋਵੇਗਾ

ਅੰਮ੍ਰਿਤਸਰ (ਦੀਪਕ)- ਦਰਅਸਲ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਕਿਸੇ ਵੀ ਪਾਰਟੀ ਜਾਂ ਵਿਅਕਤੀ ਨੂੰ ਜਦੋਂ ਲੋਕ ਖੁੱਲ੍ਹ ਕੇ ਚੁਣੇ ਹੋਏ ਵਿਅਕਤੀ ਬਾਰੇ ਚਿੰਤਾਵਾਂ ਕਰਦੇ ਹਨ ਤਾਂ ਉਸ ਨੂੰ ਬਦਲਣ ਬਾਰੇ ਸੋਚਣ ਦੀ ਲੋੜ ਹੁੰਦੀ ਹੈ। ਮੌਜੂਦਾ ਸਮੇਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੀ ਸਿਆਸੀ ਸਥਿਤੀ ਅਤੇ ਆਉਣ ਵਾਲੀਆਂ ਨਵੀਆਂ ਚੁਣੌਤੀਆਂ ਦੇ ਮੱਦੇਨਜ਼ਰ 8 ਨਵੰਬਰ ਨੂੰ ਹੋਣ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਦੀ ਚੋਣ ਲਈ ਆਪਣੇ ਅਗਲੇ ਫ਼ੈਸਲੇ ’ਚ ਕੋਈ ਤਬਦੀਲੀ ਨਾ ਕਰਨਾ ਸ਼੍ਰੋਮਣੀ ਅਕਾਲੀ ਦਲ ਲਈ ਵਰਦਾਨ ਸਾਬਿਤ ਹੋ ਸਕਦਾ ਹੈ।

ਉਂਝ ਗਿਰਗਿਟ ਵਾਂਗ ਸਿਆਸੀ ਆਗੂਆਂ ਦੀ ਬਦਲਦੀ ਸੋਚ ਜਾਂ ਸਿਆਸੀ ਦਬਾਅ ਹੇਠ ਕੋਈ ਵੀ ਫ਼ੈਸਲਾ ਲੈਣਾ ਜਾਂ ਆਪਣੀ ਪਾਰਟੀ ਦੇ ਭਵਿੱਖ ਅਤੇ ਚੁਣੌਤੀਆਂ ਨੂੰ ਦੇਖਦਿਆਂ ਗ਼ਲਤ ਫ਼ੈਸਲਾ ਲੈਣਾ ਘਾਤਕ ਸਿੱਧ ਹੋ ਸਕਦਾ ਹੈ। ਭਾਵੇਂ ਅਕਾਲੀ ਦਲ ਦੇ ਪ੍ਰਧਾਨ ਦੇ ਇਸ ਲਿਫਾਫੇ ’ਚੋਂ ਅਹੁਦੇ ਲਈ 8 ਨਵੰਬਰ ਨੂੰ ਕਿਸ ਦੀ ਕਿਸਮਤ ’ਤੇ ਮੋਹਰ ਲੱਗਦੀ ਹੈ। ਇਹ ਫ਼ੈਸਲਾ ਹਰ ਸਾਲ ਹਮੇਸ਼ਾ ਅਨਿਸ਼ਚਿਤਤਾ ਦਾ ਵਿਸ਼ਾ ਬਣਿਆ ਰਹਿੰਦਾ ਹੈ ਪਰ ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਸਥਿਤੀ ਅਤੇ ਅੰਦਰੂਨੀ ਸਥਿਤੀ ਨੂੰ ਦੇਖਦੇ ਹੋਏ ਇਸ ਵਾਰ ਉਮੀਦ ਕੀਤੀ ਜਾ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਕਿਸੇ ਬਦਲਾਅ ਦਾ ਫੈਸਲਾ ਲਵੇਗਾ। ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਹਮੇਸ਼ਾ ਇਸ ਗੱਲ ਦਾ ਗਵਾਹ ਰਿਹਾ ਹੈ ਕਿ ਪਾਰਟੀ ਦੇ ਪਿਤਾਮਾ ਸਵ. ਪ੍ਰਕਾਸ਼ ਸਿੰਘ ਬਾਦਲ ਨੇ ਜੋ ਵੀ ਫ਼ੈਸਲਾ ਲਿਆ, ਉਹ ਹਮੇਸ਼ਾ ਉਨ੍ਹਾਂ ਦੀਆਂ ਉਮੀਦਾਂ ’ਤੇ ਖਰਾ ਉਤਰਿਆ ਸੀ।

ਕਾਬਿਲੇਗੌਰ ਹੈ ਕਿ ਸ਼ੁਰੂ ’ਚ ਹੀ ਐਡਵੋਕੇਟ ਧਾਮੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਐਲਾਨ ਕਰਨ ਦਾ ਫ਼ੈਸਲਾ ਹੁਣ ਤੱਕ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਲਈ ਵਰਦਾਨ ਸਾਬਿਤ ਹੋ ਰਿਹਾ ਹੈ ਕਿਉਂਕਿ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀ ਸੋਚ ਅਤੇ ਦੂਰਅੰਦੇਸ਼ੀ ਹਮੇਸ਼ਾ ਸਹੀ ਸਾਬਿਤ ਹੋਈ ਹੈ, ਜੋ ਕਿ ਮੌਜੂਦਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੋਲ ਉਨ੍ਹਾਂ ਦੇ ਬਰਾਬਰ ਨਹੀਂ ਹੈ।

ਇਸ ਵਾਰ ਤੀਸਰੀ ਵਾਰ ਪ੍ਰਧਾਨ ਦੇ ਅਹੁਦੇ ਲਈ ਚੋਣ ਲੜ ਰਹੇ ਮੌਜੂਦਾ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਪਿਛਲੇ ਦੋ ਸਾਲਾਂ ਦੇ ਕਾਰਜਕਾਲ ’ਤੇ ਨਜ਼ਰ ਮਾਰੀਏ ਤਾਂ ਐਡਵੋਕੇਟ ਧਾਮੀ ਨੇ ਸਿੱਖ ਪੰਥ ਦੀ ਮਰਿਆਦਾ ਨੂੰ ਕਾਇਮ ਰੱਖਦੇ ਹੋਏ ਈਮਾਨਦਾਰੀ ਅਤੇ ਦਲੇਰੀ ਨਾਲ ਅਮਲ ਕਰਦੇ ਹੋਏ ਕਮੇਟੀ ਦੀ ਵਿੱਦਿਆ ਅਤੇ ਮੈਡੀਕਲ ਪੱਧਰ ਦਾ ਵਿਕਾਸ ਕਰਨ ’ਚ ਕੋਈ ਕਸਰ ਨਹੀਂ ਛੱਡੀ। ਸਹੀ ਸੋਚ ਅਨੁਸਾਰ ਉਨ੍ਹਾਂ ਦੀ ਅਗਵਾਈ ਹੇਠ ਕਮੇਟੀ ਵਜੋਂ ਕੰਮ ਕਰ ਰਹੀ ਸ਼ਲਾਘਾਯੋਗ ਟੀਮ ਵੀ ਉਨ੍ਹਾਂ ਦੀ ਸੋਚ ਅਨੁਸਾਰ ਹੀ ਕੰਮ ਕਰ ਰਹੀ ਹੈ। ਇਸ ਲਈ ਇਹ ਵੀ ਸ਼ਲਾਘਾਯੋਗ ਕਦਮ ਹੈ, ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਭਵਿੱਖ ਲਈ ਵਰਦਾਨ ਸਾਬਿਤ ਹੋ ਰਿਹਾ ਹੈ। ਭਾਵੇਂ ਐਡਵੋਕੇਟ ਧਾਮੀ ਉਹ ਕੰਮ ਨਹੀਂ ਕਰ ਸਕੇ, ਜੋ ਸ਼੍ਰੋਮਣੀ ਅਕਾਲੀ ਦਲ ਤੋਂ ਨਾਰਾਜ਼ ਚੱਲ ਰਹੀ ਕਮੇਟੀ ਦੇ ਸਾਬਕਾ ਪ੍ਰਧਾਨ ਹੁਣ ਅਕਾਲੀ ਆਗੂ ਬੀਬੀ ਜਗੀਰ ਕੌਰ ਕਰਦੇ ਸਨ। ਬੀਬੀ ਜਗੀਰ ਕੌਰ ਦੀ ਸੋਚ ਅਤੇ ਕਾਰਗੁਜ਼ਾਰੀ ’ਚ ਧਾਮੀ ਦੇ ਮੁਕਾਬਲੇ ਬਹੁਤ ਅੰਤਰ ਹੈ।

 ਇਹ ਵੀ ਪੜ੍ਹੋ- ਸ਼ਰਾਬ ਦੇ ਘੁੱਟ ਪਿੱਛੇ ਭਤੀਜੇ ਨੇ ਗਲ ਘੁੱਟ ਕੇ ਮਾਰਿਆ ਤਾਇਆ, ਘਰ 'ਚ ਪਿਆ ਚੀਕ ਚਿਹਾੜਾ

ਪ੍ਰਧਾਨ ਧਾਮੀ ਨੂੰ ਪ੍ਰਸ਼ਾਸਨਿਕ ਕੰਮਾਂ ਨੂੰ ਸਖਤੀ ਨਾਲ ਅਨੁਸ਼ਾਸਨ ਤਹਿਤ ਲਾਗੂ ਕਰਨ ਦੀ ਲੋੜ

ਇਹ ਕਿਹਾ ਜਾਵੇ ਕਿ ਸ਼੍ਰੋਮਣੀ ਅਕਾਲੀ ਦਲ ਨੇ ਵਿਰੋਧੀ ਧਿਰ ਨੂੰ ਚੁੱਪ ਕਰਵਾਉਣ ਅਤੇ ਸ਼ਾਂਤ ਕਰਨ ਲਈ ਬੀਬੀ ਜਗੀਰ ਕੌਰ ਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾਇਆ ਹੈ ਤਾਂ ਇਹ ਸੂਰਜ ’ਤੇ ਥੁੱਕਣ ਵਾਂਗ ਹੋਵੇਗਾ। ਅੱਜ ਤੱਕ ਐਡਵੋਕੇਟ ਧਾਮੀ ਨੇ ਕਦੇ ਵੀ ਕਿਸੇ ਮੀਡੀਆ ਵਾਲੇ ਦੀ ਚਾਪਲੂਸੀ ਨਹੀਂ ਕੀਤੀ ਕਿਉਂਕਿ ਅਜਿਹੇ ਸੱਚੇ, ਈਮਾਨਦਾਰ ਅਤੇ ਧਾਰਮਿਕ ਵਿਅਕਤੀ ਨੂੰ ਕਿਸੇ ਸਿਫ਼ਾਰਿਸ਼ ਦੀ ਲੋੜ ਨਹੀਂ ਹੁੰਦੀ ਪਰ ਫਿਰ ਵੀ ਮੌਜੂਦਾ ਸਿਆਸੀ ਦੌਰ ਦੇ ਮੱਦੇਨਜ਼ਰ ਐਡਵੋਕੇਟ ਧਾਮੀ ਵੱਲੋਂ ਕਿਸੇ ਵੀ ਧਰਮ ਸਬੰਧੀ ਵਿਤਕਰੇ ਦੀ ਨੀਤੀ ਛੱਡ ਕੇ ਸਰਬੱਤ ਦੀ ਭਲਾਈ ਦੇ ਕੰਮਾਂ ਨੂੰ ਅਪਣਾਉਂਦੇ ਹੋਏ ਅਨੁਸ਼ਾਸਨ ਤਹਿਤ ਸਖਤੀ ਨਾਲ ਲਾਗੂ ਕਰਨ ਲਈ ਕਿਹਾ ਗਿਆ ਹੈ। ਉਦਾਹਰਣ ਵਜੋਂ ਛੋਟੇ-ਛੋਟੇ ਮੁੱਦਿਆਂ ’ਤੇ ਨਿੰਦਾ ਦੇ ਬਿਆਨ ਦੇਣ ਵਿਚ ਆਪਣਾ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ।

ਸ਼੍ਰੋਅਦ ਤੇ ਐੱਸ. ਜੀ. ਪੀ. ਸੀ. ਨੂੰ ਹੁਣ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਲਿਜਾਣ ਦੀ ਲੋੜ

ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਲਿਜਾਣ ਦੀ ਬਹੁਤ ਲੋੜ ਹੈ। ਮਿਸਾਲ ਵਜੋਂ ਸੁਲਤਾਨਵਿੰਡ ਗੇਟ ਰਾਹੀਂ ਨਵੀਂ ਵਿਕਾਸ ਯੋਜਨਾ ਅਤੇ ਗਲਿਆਰਾ ਯੋਜਨਾ ਨੂੰ ਅਮਲੀ ਜਾਮਾ ਪਹਿਨਾਉਣ ਲਈ ਪ੍ਰੇਰਿਤ ਕੀਤਾ ਜਾਵੇ ਤਾਂ ਜੋ ਆਉਣ ਵਾਲੇ ਸਮੇਂ ’ਚ ਸੰਗਤਾਂ ਦੀ ਵੱਧ ਰਹੀ ਭੀੜ ਤੋਂ ਲੋਕਾਂ ਨੂੰ ਰਾਹਤ ਮਿਲ ਸਕੇ। ਸ਼ਹਿਰ ਦੇ ਵਿਚਕਾਰ ਸਥਿਤ ਬੱਸ ਸਟੈਂਡ ਨੂੰ ਬਾਈਪਾਸ ਵੱਲ ਤਬਦੀਲ ਕਰਨ ਅਤੇ ਇਸ ਬੱਸ ਅੱਡੇ ’ਤੇ ਹਰਿਮੰਦਰ ਸਾਹਿਬ ਲਈ ਨਵੀਂ ਪਾਰਕਿੰਗ ਦਾ ਪ੍ਰਬੰਧ ਕਰਨ ਤੋਂ ਇਲਾਵਾ ਸੰਗਤ ਲਈ ਬੱਸ ਸਟੈਂਡ ਦੇ ਉੱਪਰ 200 ਕਮਰਿਆਂ ਵਾਲੀ ਸਰਾਂ ਬਣਾਉਣਾ ਉਨ੍ਹਾਂ ਦੀ ਤਰਜੀਹ ਹੋਣੀ ਚਾਹੀਦੀ ਹੈ ਕਿਉਂਕਿ ਉਪਰੋਕਤ ਦੋਵੇਂ ਕਾਰਜ ਮਰਹੂਮ ਅਕਾਲੀ ਆਗੂ ਪ੍ਰਕਾਸ਼ ਸਿੰਘ ਬਾਦਲ ਦੀ ਸੋਚ ਦੇ ਉੱਦਮ ਨਾਲ ਨੇਪਰੇ ਚਾੜ੍ਹੇ ਜਾਣੇ ਸਨ।

 ਇਹ ਵੀ ਪੜ੍ਹੋ- ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਦੇ ਲੰਗਰ 'ਚ ਬਣਨਗੀਆਂ ਭਾਰਤੀ ਸਬਜ਼ੀਆਂ, ਕੇਂਦਰ ਦੀ ਵੱਡੀ ਪਹਿਲਕਦਮੀ

ਸ਼੍ਰੋਮਣੀ  ਅਕਾਲੀ ਦਲ ਦਾ ਭਾਜਪਾ ਨਾਲ ਸਮਝੌਤਾ ਦੋਵਾਂ ਪਾਰਟੀਆਂ ਲਈ ਹੋਵੇਗਾ ਫਾਇਦੇਮੰਦ

ਆਗਾਮੀ ਲੋਕ ਸਭਾ ਚੋਣਾਂ ਤੋਂ ਇਲਾਵਾ ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਗਾਮੀ ਆਮ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਭਾਜਪਾ ਨਾਲ ਗਠਜੋੜ ਹੋ ਜਾਂਦਾ ਹੈ ਤਾਂ ਤਾਜ਼ਾ ਸਿਆਸੀ ਸਥਿਤੀ ਅਨੁਸਾਰ ਇਹ ਸਮਝੌਤਾ ਦੋਵਾਂ ਧਿਰਾਂ ਲਈ ਲਾਹੇਵੰਦ ਹੋਵੇਗਾ। ਭਾਵ ਇਸ ਸਮਝੌਤੇ ਦੇ ਲਾਗੂ ਹੋਣ ਨਾਲ ਦੋਵੇਂ ਪਾਰਟੀਆਂ ਉਗਰਵਾਦੀ ਤਾਕਤਾਂ ਨੂੰ ਕਮਜ਼ੋਰ ਕਰਨ ’ਚ ਕਾਮਯਾਬ ਹੋ ਜਾਣਗੇ ਪਰ ਇਸ ਲਈ ਭਾਜਪਾ ਦੇ ਕੇਂਦਰੀ ਆਗੂਆਂ ਦੀ ਸੋਚ ਨੂੰ ਝਟਕਾ ਲੱਗ ਸਕਦਾ ਹੈ। ਜੇਕਰ ਭਾਜਪਾ ਇਕੱਲਿਆਂ ਹੀ ਚੋਣਾਂ ਲੜ ਕੇ ਸੱਤਾ ਦੇ ਗਲਿਆਰਿਆਂ ਤੱਕ ਪਹੁੰਚਣ ਬਾਰੇ ਸੋਚੇ ਤਾਂ ਇਹ ਹੰਕਾਰੀ ਫੈਸਲਾ ਭਾਜਪਾ ਨੂੰ ਪੰਜਾਬ ਦੀ ਸਿਆਸਤ ’ਚ ਹੀਰੋ ਤੋਂ ਜ਼ੀਰੋ ਕਰ ਸਕਦਾ ਹੈ। ਸਮਝੌਤੇ ਨਾਲ ਅਕਾਲੀ ਦਲ ਅਤੇ ਭਾਜਪਾ ਸੂਬੇ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਸਫਲਤਾ ਦੀ ਨੀਂਹ ਰੱਖ ਸਕਦੇ ਹਨ ਕਿਉਂਕਿ ਭਾਜਪਾ ਵੱਲੋਂ ਇਕੱਲੇ ਚੋਣਾਂ ਲੜਨਾ ਪੰਜਾਬ ਦਾ ਮੌਜੂਦਾ ਸਿਆਸੀ ਹਾਲਾਤ ਕਟੀ ਹੋਈ ਪਤੰਗ ਵਾਂਗ ਸਾਬਿਤ ਹੋ ਸਕਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News