ਹਾਈਕੋਰਟ ਦੀ ਸਖ਼ਤੀ ਤੋਂ ਬਾਅਦ ਐਕਸ਼ਨ ’ਚ ਦੀਨਾਨਗਰ ਨਗਰ ਕੌਂਸਲ, 750 ਆਵਾਰਾ ਕੁੱਤਿਆਂ ਦੀ ਹੋਵੇਗੀ ਨਸਬੰਦੀ
Monday, May 11, 2026 - 11:30 AM (IST)
ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ): ਜ਼ਿਲ੍ਹਾ ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਦੀਨਾਨਗਰ ਸ਼ਹਿਰ ਵਿੱਚ ਆਵਾਰਾ ਕੁੱਤਿਆਂ ਦੇ ਵੱਧ ਰਹੇ ਖਤਰੇ ਅਤੇ ਲੋਕਾਂ ’ਤੇ ਹੋ ਰਹੇ ਹਮਲਿਆਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਦੀਨਾਨਗਰ ਨਗਰ ਕੌਂਸਲ ਨੇ ਇੱਕ ਵੱਡਾ ਕਦਮ ਚੁੱਕਿਆ ਹੈ। ਮਾਣਯੋਗ ਹਾਈਕੋਰਟ ਦੇ ਸਖ਼ਤ ਰੁਖ਼ ਤੋਂ ਬਾਅਦ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਨਗਰ ਕੌਂਸਲ ਨੇ ਲਗਭਗ 12,37,500 ਰੁਪਏ ਦਾ ਟੈਂਡਰ ਜਾਰੀ ਕੀਤਾ ਹੈ ਅਤੇ ਸ਼ਹਿਰ ਵਿੱਚ ਲਗਭਗ 750 ਆਵਾਰਾ ਕੁੱਤਿਆਂ ਦੀ ਨਸਬੰਦੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਪੰਜਾਬ: 20 ਮਈ ਨੂੰ ਦੁਕਾਨਾਂ ਬੰਦ ਦੇ ਐਲਾਨ ਬਾਰੇ ਆ ਗਿਆ ਨਵਾਂ ਫੈਸਲਾ
ਜਾਣਕਾਰੀ ਅਨੁਸਾਰ ਟੈਂਡਰ ਪ੍ਰਾਪਤ ਕਰਨ ਵਾਲੀ ਸੰਸਥਾ, ਕੰਪਨੀ ਜਾਂ ਐਨਜੀਓ ਨੂੰ ਪਹਿਲਾਂ ਸ਼ਹਿਰ ਵਿੱਚ ਘੁੰਮ ਰਹੇ ਆਵਾਰਾ ਕੁੱਤਿਆਂ ਨੂੰ ਫੜਨਾ ਹੋਵੇਗਾ। ਇਸ ਤੋਂ ਬਾਅਦ ਨਸਬੰਦੀ ਦੀ ਕਾਰਵਾਈ ਸਿਖਲਾਈ ਪ੍ਰਾਪਤ ਵੈਟਰਨਰੀ ਡਾਕਟਰਾਂ ਦੀ ਨਿਗਰਾਨੀ ਹੇਠ ਕੀਤੀ ਜਾਵੇਗੀ। ਆਪ੍ਰੇਸ਼ਨ ਤੋਂ ਬਾਅਦ ਕੁੱਤਿਆਂ ਨੂੰ ਲਗਭਗ ਇੱਕ ਹਫ਼ਤੇ ਲਈ ਵਿਸ਼ੇਸ਼ ਦੇਖਭਾਲ ਹੇਠ ਰੱਖਿਆ ਜਾਵੇਗਾ ਤਾਂ ਜੋ ਉਨ੍ਹਾਂ ਦੀ ਸਿਹਤ ’ਤੇ ਕੋਈ ਮਾੜਾ ਪ੍ਰਭਾਵ ਨਾ ਪਵੇ। ਕੁੱਤਿਆਂ ਨੂੰ ਪੂਰੀ ਤਰ੍ਹਾਂ ਠੀਕ ਹੋਣ ਤੋਂ ਬਾਅਦ ਹੀ ਛੱਡਿਆ ਜਾਵੇਗਾ। ਟੈਂਡਰ ਦੇ ਅਨੁਸਾਰ ਸਬੰਧਤ ਸੰਸਥਾ ਨੂੰ ਭੁਗਤਾਨ ਤਾਂ ਹੀ ਕੀਤਾ ਜਾਵੇਗਾ ਜੇਕਰ ਪੂਰੀ ਪ੍ਰਕਿਰਿਆ ਨਿਰਧਾਰਤ ਨਿਯਮਾਂ ਅਤੇ ਜਾਨਵਰਾਂ ਦੀ ਭਲਾਈ ਨਾਲ ਸਬੰਧਤ ਮਾਪਦੰਡਾਂ ਅਨੁਸਾਰ ਪੂਰੀ ਕੀਤੀ ਜਾਂਦੀ ਹੈ। ਪ੍ਰਸ਼ਾਸਨ ਦਾ ਮੰਨਣਾ ਹੈ ਕਿ ਸਫਲ ਨਸਬੰਦੀ ਮੁਹਿੰਮ ਭਵਿੱਖ ਵਿੱਚ ਆਵਾਰਾ ਕੁੱਤਿਆਂ ਦੀ ਗਿਣਤੀ ਨੂੰ ਕਾਬੂ ਕਰਨ ਵਿੱਚ ਮਦਦਗਾਰ ਸਾਬਤ ਹੋਵੇਗੀ, ਜਿਸ ਨਾਲ ਸ਼ਹਿਰ ਵਾਸੀਆਂ ਨੂੰ ਲਗਾਤਾਰ ਵੱਧ ਰਹੇ ਖਤਰੇ ਤੋਂ ਰਾਹਤ ਮਿਲੇਗੀ।
ਇਹ ਵੀ ਪੜ੍ਹੋ- ਪੰਜਾਬੀਆਂ ਦੇ ਅਚਾਨਕ ਖੜਕਣ ਲੱਗੇ ਫੋਨ! 12 ਜ਼ਿਲ੍ਹਿਆਂ ਵੱਡੀ ਚਿਤਾਵਨੀ, ਅਗਲੇ 48 ਘੰਟੇ ਬੇਹੱਦ ਅਹਿਮ
ਧਿਆਨਯੋਗ ਹੈ ਕਿ ਆਵਾਰਾ ਕੁੱਤਿਆਂ ਦੀ ਵੱਧਦੀ ਗਿਣਤੀ ਲੰਬੇ ਸਮੇਂ ਤੋਂ ਦੀਨਾਨਗਰ ਦੇ ਲੋਕਾਂ ਲਈ ਇੱਕ ਗੰਭੀਰ ਸਮੱਸਿਆ ਬਣੀ ਹੋਈ ਹੈ। ਸ਼ਹਿਰ ਦੇ ਕਈ ਇਲਾਕਿਆਂ ਵਿੱਚ ਕੁੱਤਿਆਂ ਦੇ ਝੁੰਡ ਰਾਹਗੀਰਾਂ, ਬੱਚਿਆਂ ਅਤੇ ਬਜ਼ੁਰਗਾਂ ’ਤੇ ਹਮਲੇ ਕਰ ਰਹੇ ਹਨ। ਕਈ ਲੋਕ ਕੁੱਤਿਆਂ ਦੇ ਕੱਟਣ ਕਾਰਨ ਜ਼ਖ਼ਮੀ ਹੋ ਚੁੱਕੇ ਹਨ ਅਤੇ ਕੁਝ ਮਾਮਲਿਆਂ ਵਿੱਚ ਮੌਤਾਂ ਵੀ ਹੋਈਆਂ ਹਨ। ਸਥਾਨਕ ਲੋਕਾਂ ਨੇ ਨਗਰ ਕੌਂਸਲ ਦੇ ਇਸ ਉਪਰਾਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਉਹ ਲੰਬੇ ਸਮੇਂ ਤੋਂ ਇਸ ਸਮੱਸਿਆ ਤੋਂ ਪੀੜਤ ਹਨ ਅਤੇ ਪ੍ਰਸ਼ਾਸਨ ਦੇ ਇਸ ਕਦਮ ਨਾਲ ਰਾਹਤ ਦੀ ਉਮੀਦ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਇਸ ਮੁਹਿੰਮ ਨੂੰ ਸਹੀ ਢੰਗ ਨਾਲ ਲਾਗੂ ਕੀਤਾ ਗਿਆ ਤਾਂ ਸ਼ਹਿਰ ਨੂੰ ਭਵਿੱਖ ਵਿੱਚ ਆਵਾਰਾ ਕੁੱਤਿਆਂ ਦੇ ਵੱਧ ਰਹੇ ਖਤਰੇ ਤੋਂ ਕਾਫ਼ੀ ਹੱਦ ਤੱਕ ਮੁਕਤੀ ਮਿਲ ਸਕਦੀ ਹੈ। ਹੁਣ ਇਹ ਵੀ ਦੇਖਣਾ ਹੋਵੇਗਾ ਕਿ ਜ਼ਿਲ੍ਹੇ ਦੇ ਹੋਰ ਇਲਾਕਿਆਂ ਵਿੱਚ, ਜਿੱਥੇ ਆਵਾਰਾ ਕੁੱਤਿਆਂ ਦੀ ਵੱਧ ਰਹੀ ਗਿਣਤੀ ਕਾਰਨ ਲੋਕ ਡਰ ਦੇ ਸਾਏ ਹੇਠ ਜੀਵਨ ਬਿਤਾ ਰਹੇ ਹਨ, ਉੱਥੇ ਵੀ ਜ਼ਿਲ੍ਹਾ ਪ੍ਰਸ਼ਾਸਨ ਆਪਣੇ ਪੱਧਰ ’ਤੇ ਕੋਈ ਸਖ਼ਤ ਕਦਮ ਚੁੱਕਦਾ ਹੈ ਜਾਂ ਫਿਰ ਲੋਕਾਂ ਨੂੰ ਮੁੜ ਅਦਾਲਤਾਂ ਦੇ ਦਰਵਾਜ਼ੇ ਖੜਕਾਉਣ ਲਈ ਮਜ਼ਬੂਰ ਹੋਣਾ ਪਵੇਗਾ। ਆਉਣ ਵਾਲੇ ਦਿਨਾਂ ਵਿੱਚ ਇਹ ਦੇਖਣਾ ਦਿਲਚਸਪ ਹੋਵੇਗਾ।
ਇਹ ਵੀ ਪੜ੍ਹੋ- SGPC ਮਨਾਏਗੀ ਰਵਿਦਾਸ ਮਹਾਰਾਜ ਜੀ ਦੀ 650ਵੀਂ ਜਨਮ ਸ਼ਤਾਬਦੀ, 18 ਤੋਂ 20 ਫਰਵਰੀ ਨੂੰ ਹੋਣਗੇ ਵਿਸ਼ਾਲ ਸਮਾਗਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
