ਸਿਵਲ ਸਰਜਨ ਨੇ ਜ਼ਿਲ੍ਹੇ ਦੇ SMO ਨੂੰ 2 ਦਿਨਾਂ ’ਚ ਯੂਟੇਲਾਈਜ਼ੇਸ਼ਨ ਸਰਟੀਫਿਕੇਟ ਪੇਸ਼ ਕਰਨ ਦੇ ਜਾਰੀ ਕੀਤੇ ਹੁਕਮ
Saturday, Jul 29, 2023 - 01:06 PM (IST)

ਤਰਨਤਾਰਨ (ਰਮਨ)-‘‘ਖ਼ਸਤਾ ਹਾਲਤ ਨਸ਼ਾ ਛੁਡਾਊ ਸੈਂਟਰ ਦੀ ਮੁਰੰਮਤ ਲਈ ਖ਼ਰਚੀ ਲੱਖਾਂ ਦੀ ਰਾਸ਼ੀ ਨੇ ਖੜ੍ਹੇ ਕੀਤੇ ਸਵਾਲ’’ ਸਿਰਲੇਖ ਹੇਠ ਬੀਤੇ ਕੱਲ੍ਹ ਜਗਬਾਣੀ ਦੇ ਪਹਿਲੇ ਸਫ਼ੇ ’ਤੇ ਪ੍ਰਮੁੱਖਤਾ ਦੇ ਆਧਾਰ ਉੱਪਰ ਪ੍ਰਕਾਸ਼ਿਤ ਕੀਤੀ ਗਈ ਖ਼ਬਰ ਨੇ ਆਪਣਾ ਅਸਰ ਵਿਖਾਉਂਦੇ ਹੋਏ ਇਸ ਮਾਮਲੇ ਦੀ ਜਾਂਚ ਸ਼ੁਰੂ ਕਰਵਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਸ ਖ਼ਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਸਿਵਲ ਸਰਜਨ ਦੇ ਹੁਕਮਾਂ ਤਹਿਤ ਜ਼ਿਲ੍ਹਾ ਮੈਡੀਕਲ ਕਮਿਸ਼ਨਰ ਵਲੋਂ ਜ਼ਿਲ੍ਹੇ ਭਰ ਦੇ ਸੀਨੀਅਰ ਮੈਡੀਕਲ ਅਫ਼ਸਰਾਂ ਪਾਸੋਂ ਵੱਖ-ਵੱਖ ਨਸ਼ਾ ਛੁਡਾਊ ਸੈਂਟਰ, ਓਟ ਸੈਂਟਰਾਂ ਅਤੇ ਮੁੜ ਵਸੇਬਾ ਕੇਂਦਰਾਂ ਉੱਪਰ ਖ਼ਰਚ ਕੀਤੀ ਗਈ ਰਾਸ਼ੀ ਸਬੰਧੀ 2 ਦਿਨਾਂ ਅੰਦਰ ਯੂਟੇਲਾਈਜੇਸ਼ਨ ਸਰਟੀਫਿਕੇਟ ਪੇਸ਼ ਕਰਨ ਸਬੰਧੀ ਪੱਤਰ ਜਾਰੀ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਹੜ੍ਹ ਕਾਰਨ ਟੁੱਟਿਆ ਜਲੰਧਰ ਦੇ ਪਿੰਡ ਵਾਸੀਆਂ ਦਾ ਧੀਆਂ ਨੂੰ ਵਿਆਉਣ ਦਾ ਸੁਫ਼ਨਾ
ਸਰਹੱਦੀ ਜ਼ਿਲ੍ਹਾ ਤਰਨਤਾਰਨ ਅਧੀਨ ਆਉਂਦੇ ਨਸ਼ਾ ਛੁਡਾਊ ਸੈਂਟਰਾਂ, ਮੁੜ ਵਸੇਬਾ ਕੇਂਦਰਾਂ ਅਤੇ ਓਟ ਸੈਂਟਰਾਂ ਦੀ ਮੁਰੰਮਤ ਸਬੰਧੀ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਫਾਇਨਾਂਸ ਡਾਇਰੈਕਟਰ ਵਲੋਂ ਸੂਬੇ ਭਰ ਦੇ ਦਿੱਤੀ ਮੈਡੀਕਲ ਕਮਿਸ਼ਨਰਾਂ ਨੂੰ ਕਰੀਬ ਇਕ ਸਾਲ ਪਹਿਲਾਂ ਜੁਲਾਈ ਮਹੀਨੇ ਵਿਚ 10 ਲੱਖ ਰੁਪਏ ਦੀ ਰਾਸ਼ੀ ਪ੍ਰਤੀ ਜ਼ਿਲ੍ਹੇ ਨੂੰ ਜਾਰੀ ਕੀਤੀ ਗਈ ਸੀ। ਜਿਸ ਦੀ ਵਰਤੋਂ ਸਿਰਫ਼ ਸੈਂਟਰਾਂ ਦੀ ਮੁਰੰਮਤ ਲਈ ਹੀ ਹੁਕਮ ਜਾਰੀ ਕੀਤੇ ਗਏ ਸਨ। ਸਰਹੱਦੀ ਜ਼ਿਲ੍ਹਾ ਤਰਨਤਾਰਨ ਅਧੀਨ ਆਉਂਦੇ ਵੱਖ-ਵੱਖ ਨਸ਼ਾ ਛੁਡਾਊ ਸੈਂਟਰਾਂ, ਓਟ ਸੈਂਟਰਾਂ ਅਤੇ ਮੁੜ ਵਸੇਬਾ ਕੇਂਦਰਾਂ ਦੀ ਖਸਤਾ ਹਾਲ ਇਮਾਰਤਾਂ ਦੀ ਮੁਰੰਮਤ ਸਬੰਧੀ ਜ਼ਿਲ੍ਹਾ ਮੈਡੀਕਲ ਕਮਿਸ਼ਨਰ ਤਰਨਤਾਰਨ ਵਲੋਂ ਇਸ 10 ਲੱਖ ਰੁਪਏ ਦੀ ਰਾਸ਼ੀ ਨੂੰ ਵੱਖ-ਵੱਖ ਸੀਨੀਅਰ ਮੈਡੀਕਲ ਅਫ਼ਸਰਾਂ ਦੇ ਸਰਕਾਰੀ ਖਾਤਿਆਂ ਵਿਚ ਬੀਤੇ ਸਾਲ ਟਰਾਂਸਫਰ ਕਰ ਦਿੱਤਾ ਗਿਆ ਸੀ ਪਰ ਇਸ ਜਾਰੀ ਹੋਈ ਰਾਸ਼ੀ ਦੀ ਵਰਤੋਂ ਨੇ ਕਈ ਤਰ੍ਹਾਂ ਦੇ ਸਵਾਲ ਖੜੇ ਕਰਕੇ ਰੱਖ ਦਿੱਤੇ ਹਨ।
ਇਹ ਵੀ ਪੜ੍ਹੋ- ਮੋਗਾ ਕਤਲ ਕਾਂਡ 'ਚ ਪੰਜਾਬ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, ਗੋਪੀ ਡੱਲੇਵਾਲੀਆ ਗੈਂਗ ਦੇ 3 ਗੈਂਗਸਟਰ ਗ੍ਰਿਫ਼ਤਾਰ
ਸਥਾਨਕ ਜ਼ਿਲ੍ਹਾ ਪੱਧਰੀ ਹਸਪਤਾਲ ਅਧੀਨ ਆਉਂਦੇ ਨਸ਼ਾ ਛੁਡਾਊ ਸੈਂਟਰ ਦੀ ਖ਼ਸਤਾ ਹਾਲ ਇਮਾਰਤ ਨੂੰ ਵੇਖ ਇਕ ਨਿੱਕਾ ਪੈਸਾ ਵੀ ਉਸਾਰੀ ਸਬੰਧੀ ਖ਼ਰਚ ਨਾ ਕੀਤੇ ਜਾਣ ਦੀ ਪੋਲ ਖੋਲ੍ਹ ਰਿਹਾ ਹੈ। ਜਗਬਾਣੀ ਵਲੋਂ ਇਸ ਖ਼ਸਤਾ ਹਾਲ ਇਹ ਇਮਾਰਤ ਦੀ ਵਿਜੀਲੈਂਸ ਵਿਭਾਗ ਪਾਸੋਂ ਜਾਂਚ ਕਰਵਾਉਣ ਦੀ ਉੱਠੀ ਮੰਗ ਸਬੰਧੀ ਖ਼ਬਰ ਨੂੰ ਪ੍ਰਮੁੱਖਤਾ ਦੇ ਆਧਾਰ ਉੱਪਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੇ ਧਿਆਨ ਵਿਚ ਲਿਆਉਂਦੇ ਹੋਏ ਬੀਤੇ ਕੱਲ੍ਹ ਪ੍ਰਕਾਸ਼ਿਤ ਕੀਤਾ ਗਿਆ ਸੀ। ਜਿਸ ਤੋਂ ਬਾਅਦ ਸਰਕਾਰੀ ਅਮਲੇ ਵਿਚ ਪੈਂਦੀ ਭਾਜੜ ਦੌਰਾਨ ਸਿਵਲ ਸਰਜਨ ਵਲੋਂ ਜ਼ਿਲ੍ਹਾ ਮੈਡੀਕਲ ਕਮਿਸ਼ਨ ਨੂੰ ਯੂਟੇਲਾਈਜ਼ੇਸਨ ਸਰਟੀਫਿਕੇਟ (ਕੀਤੀ ਮੁਰੰਮਤ ਸਬੰਧੀ ਸਬੂਤ ਸਮੇਤ ਰਿਕਾਰਡ) ਪੇਸ਼ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਹਨ।
ਜਿਸ ਤੋਂ ਬਾਅਦ ਮੈਡੀਕਲ ਕਮਿਸ਼ਨਰ ਵਲੋਂ ਸਮੁੱਚੇ ਜ਼ਿਲ੍ਹੇ ਦੇ ਸੀਨੀਅਰ ਮੈਡੀਕਲ ਅਫ਼ਸਰਾਂ ਸਮੇਤ ਨਸ਼ਾ ਛੁਡਾਊ ਕੇਂਦਰਾਂ, ਓਟ ਸੈਂਟਰਾਂ ਅਤੇ ਮੁੜ ਵਸੇਬਾ ਕੇਂਦਰਾਂ ਪਾਸੋਂ ਦੋ ਦਿਨਾਂ ਵਿਚ ਯੂਟੇਲਾਈਜ਼ੇਸ਼ਨ ਸਰਟੀਫਿਕੇਟ ਪੇਸ਼ ਕਰਨ ਸਬੰਧੀ ਹੁਕਮ ਜਾਰੀ ਕਰ ਦਿੱਤੇ ਗਏ ਹਨ। ਮੈਡੀਕਲ ਕਮਿਸ਼ਨਰ ਵਲੋਂ ਜਾਰੀ ਕੀਤੇ ਗਏ ਪੱਤਰ ਵਿਚ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਨੂੰ ਇਹ ਹਦਾਇਤ ਵੀ ਜਾਰੀ ਕੀਤੀ ਗਈ ਹੈ ਕਿ ਜੇ ਉਨ੍ਹਾਂ ਵਲੋਂ ਮੁਰੰਮਤ ਸਬੰਧੀ ਕੀਤਾ ਗਿਆ ਤਾਂ ਉਸ ਰਾਸ਼ੀ ਨੂੰ ਅਧਿਕਾਰੀਆਂ ਦੇ ਸਰਕਾਰੀ ਖ਼ਾਤੇ ਵਿਚ ਵਾਪਸ ਲੈ ਲਿਆ ਜਾਵੇਗਾ।
ਇਹ ਵੀ ਪੜ੍ਹੋ- ਸਾਵਧਾਨ ! ਬੈਕਟੀਰੀਆ ਦੇ ਰਿਹੈ ਇਨਫੈਕਸ਼ਨ, ਬੱਚਿਆਂ ਤੇ ਬਜ਼ੁਰਗਾਂ ਨੂੰ ਵਾਇਰਸ ਵੱਧ ਲੈ ਰਿਹੈ ਆਪਣੀ ਜਕੜ ’ਚ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾਕਟਰ ਗੁਰਪ੍ਰੀਤ ਸਿੰਘ ਰਾਏ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਭ੍ਰਿਸ਼ਟਾਚਾਰ ਨੂੰ ਕਿਸੇ ਕੀਮਤ ’ਤੇ ਬਰਦਾਸਤ ਨਹੀਂ ਕੀਤਾ ਜਾਵੇਗਾ ਭਾਵੇਂ ਉਹ ਕਿੰਨੀ ਵੀ ਉੱਚੀ ਪਦਵੀ ਉੱਪਰ ਤੈਨਾਤ ਕਿਉਂ ਨਾ ਹੋਵੇ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਜ਼ਿਲ੍ਹਾ ਮੈਡੀਕਲ ਕਮਿਸ਼ਨਰ ਨੂੰ ਸਖ਼ਤ ਹਦਾਇਤ ਜਾਰੀ ਕੀਤੀ ਹੈ ਕਿ ਉਸਾਰੀ ਸਬੰਧੀ ਯੂਟੇਲਾਈਜ਼ੇਸ਼ਨ ਸਰਟੀਫ਼ਿਕੇਟ ਸਿਵਲ ਸਰਜਨ ਦਫ਼ਤਰ ਨੂੰ ਰਿਪੋਰਟ ਤਿਆਰ ਕਰਕੇ ਪੇਸ਼ ਕਰਨ। ਜਿਸ ਤੋਂ ਬਾਅਦ ਇਸ ਦੀ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8