ਹੱਡ ਚੀਰਵੀਂ ਠੰਡ ’ਚ ਸਰਹੱਦਾਂ ਦੀ ਰਾਖੀ ਕਰਦੇ ਹਨ BSF ਦੇ ਸੂਰਮੇ, ਲੇਡੀ ਕਾਂਸਟੇਬਲਾਂ ਦਾ ਜਜ਼ਬਾ ਵੀ ਬਾਕਮਾਲ

Thursday, Jan 01, 2026 - 12:27 PM (IST)

ਹੱਡ ਚੀਰਵੀਂ ਠੰਡ ’ਚ ਸਰਹੱਦਾਂ ਦੀ ਰਾਖੀ ਕਰਦੇ ਹਨ BSF ਦੇ ਸੂਰਮੇ, ਲੇਡੀ ਕਾਂਸਟੇਬਲਾਂ ਦਾ ਜਜ਼ਬਾ ਵੀ ਬਾਕਮਾਲ

ਗੁਰਦਾਸਪੁਰ(ਹਰਮਨ)- ਨਵੇਂ ਸਾਲ ਦੀ ਰਾਤ ਦੌਰਾਨ ਲੋਕਾਂ ਵੱਲੋਂ ਮਨਾਏ ਜਾ ਰਹੇ ਜਸ਼ਨਾਂ ਵਿਚ ਕਿਸੇ ਵੀ ਤਰ੍ਹਾਂ ਦੇ ਵਿਘਨ ਜਾਂ ਸ਼ਰਾਰਤੀ ਅਨਸਰਾਂ ਵੱਲੋਂ ਗੜਬੜ ਦੀ ਸੰਭਾਵਨਾ ਨੂੰ ਨਕਾਰਣ ਲਈ ਜਿੱਥੇ ਜ਼ਿਲ੍ਹਾ ਭਰ ਵਿਚ ਪੁਲਸ ਦੇ ਜਵਾਨ ਵੱਖ-ਵੱਖ ਥਾਵਾਂ ’ਤੇ ਰਾਤ ਸਮੇਂ ਮੁਸਤੈਦੀ ਨਾਲ ਡਿਊਟੀ ਕਰਦੇ ਰਹੇ, ਉੱਥੇ ਹੀ ਦੇਸ਼ ਦੀਆਂ ਅੰਤਰਰਾਸ਼ਟਰੀ ਸਰਹੱਦਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਨਿਭਾ ਰਹੇ ਬੀ. ਐੱਸ.ਐੱਫ. ਦੇ ਜਵਾਨ ਵੀ ਹੱਡ ਚੀਰਵੀਂ ਠੰਢ ਅਤੇ ਸੰਘਣੀ ਧੁੰਦ ਭਰੀ ਰਾਤ ’ਚ ਸਰਹੱਦਾਂ ’ਤੇ ਪੂਰੀ ਤਰ੍ਹਾਂ ਚੌਕਸ ਰਹੇ।

ਇਹ ਵੀ ਪੜ੍ਹੋ- ਪੰਜਾਬ 'ਚ ਵਾਪਰ ਜਾਣੀ ਸੀ ਵੱਡੀ ਵਾਰਦਾਤ, ਪੁਲਸ ਨੇ ਹਥਿਆਰਾਂ ਸਣੇ ਫੜੇ 4 ਮੁਲਜ਼ਮ

ਸਮੁੱਚੇ ਦੇਸ਼ ’ਚ ਨਵੇਂ ਸਾਲ ਦੇ ਜਸ਼ਨਾਂ, ਲੋਕਾਂ ਦੀਆਂ ਖੁਸ਼ੀਆਂ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਬੀ. ਐੱਸ. ਐੱਫ. ਦੇ ਜਵਾਨਾਂ ਨੇ ਆਪਣੀਆਂ ਨਿੱਜੀ ਖੁਸ਼ੀਆਂ ਨੂੰ ਪਿੱਛੇ ਰੱਖ ਕੇ ਸਰਹੱਦਾਂ ’ਤੇ ਹੀ ਨਵੇਂ ਸਾਲ ਦੀ ਰਾਤ ਗੁਜ਼ਾਰੀ। ਇਨ੍ਹਾਂ ਜਵਾਨਾ ਦੀ ਇਹ ਸਖਤ ਡਿਊਟੀ ਇਹ ਸਿੱਧ ਕਰਦੀ ਹੈ ਕਿ ਉਨ੍ਹਾਂ ਲਈ ਫਰਜ਼ ਤੋਂ ਵੱਡਾ ਕੋਈ ਤਿਉਹਾਰ ਨਹੀਂ ਹੈ। ਦੇਸ਼ ਵਾਸੀਆਂ ਦੀ ਰੱਖਿਆ ਹੀ ਉਨ੍ਹਾਂ ਲਈ ਸਭ ਤੋਂ ਵੱਡਾ ਜਸ਼ਨ ਹੈ। ਦੱਸਣਯੋਗ ਹੈ ਕਿ 31 ਦਸੰਬਰ ਦੀ ਰਾਤ ਨੂੰ ਪੂਰੇ ਦੇਸ਼ ਅਤੇ ਦੁਨੀਆ ਭਰ ਵਿੱਚ ਨਵੇਂ ਸਾਲ ਦੀ ਆਮਦ ਨੂੰ ਲੈ ਕੇ ਖੁਸ਼ੀਆਂ ਦਾ ਮਾਹੌਲ ਬਣਿਆ ਹੋਇਆ ਸੀ। ਕਈ ਲੋਕ ਧਾਰਮਿਕ ਆਸਥਾ ਅਨੁਸਾਰ ਗੁਰਦੁਆਰਿਆਂ, ਮੰਦਰਾਂ ਅਤੇ ਹੋਰ ਧਾਰਮਿਕ ਸਥਾਨਾਂ ’ਤੇ ਜਾ ਕੇ ਭਜਨ, ਕੀਰਤਨ ਅਤੇ ਬੰਦਗੀ ਕਰ ਰਹੇ ਸਨ, ਜਦਕਿ ਕਈ ਲੋਕ ਪਾਰਟੀਆਂ ਅਤੇ ਨਿੱਜੀ ਸਮਾਗਮਾਂ ਰਾਹੀਂ ਨਵੇਂ ਸਾਲ ਦਾ ਸਵਾਗਤ ਕਰ ਰਹੇ ਸਨ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਦੋ ਭਰਾਵਾਂ 'ਤੇ ਚੱਲੀਆਂ ਤਾਬੜਤੋੜ ਗੋਲੀਆਂ, ਇਕ ਦੀ ਮੌਤ

ਇਸ ਮਾਹੌਲ ’ਚ ਬੀ. ਐੱਸ. ਐੱਫ. ਦੇ ਜਵਾਨ ਆਪਣੇ ਸਾਥੀਆਂ ਨਾਲ ਸਰਹੱਦਾਂ ’ਤੇ ਹੀ ਨਵੇਂ ਸਾਲ ਦੀ ਆਮਦ ਦੀ ਖੁਸ਼ੀ ਸਾਂਝੀ ਕਰਦੇ ਦਿਸੇ। ਖਾਸ ਗੱਲ ਇਹ ਰਹੀ ਕਿ ਨਾ ਸਿਰਫ ਮਰਦ ਜਵਾਨ, ਸਗੋਂ ਬੀ. ਐੱਸ. ਐੱਫ. ਦੀਆਂ ਲੇਡੀ ਕਾਂਸਟੇਬਲਾਂ ਵੀ ਕੜਾਕੇਦਾਰ ਠੰਢ ਅਤੇ ਧੁੰਦ ਦੇ ਬਾਵਜੂਦ ਸਰਹੱਦਾਂ ’ਤੇ ਤੈਨਾਤ ਰਹਿ ਕੇ ਦੇਸ਼ ਦੀ ਆਨ, ਸ਼ਾਨ ਅਤੇ ਸੁਰੱਖਿਆ ਨੂੰ ਮਜ਼ਬੂਤੀ ਮੁਹੱਈਆ ਕਰਦੀਆਂ ਰਹੀਆਂ ਹਨ। ਮਰਦਾਂ ਦੇ ਮੁਕਾਬਲੇ ਬਰਾਬਰ ਡਿਊਟੀ ਕਰ ਰਹੀਆਂ ਇਨ੍ਹਾਂ ਮਹਿਲਾ ਕਾਂਸਟੇਬਲਾਂ ਦਾ ਜਜ਼ਬਾ ਵੀ ਬਾਕਮਾਲ ਹੈ ਜਿਨ੍ਹਾਂ ਵੱਲੋਂ ਆਪਣੇ ਘਰਾਂ ਤੋਂ ਅਤੇ ਪਰਿਵਾਰਾਂ ਤੋਂ ਕਈ ਕਿਲੋਮੀਟਰ ਦੂਰ ਰਹਿ ਕੇ ਬੁਲੰਦ ਹੌਸਲਾ ਨਾਲ ਦੇਸ਼ ਦੀ ਰੱਖਿਆ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ-  ਅੰਮ੍ਰਿਤਸਰ: ਸਾਈਬਰ ਠੱਗੀ ਦੀ ਹੱਦ ਪਾਰ, ਨਵ-ਨਿਯੁਕਤ DC ਦਲਵਿੰਦਰਜੀਤ ਸਿੰਘ ਦੇ ਨਾਂ ’ਤੇ ਧੋਖਾਧੜੀ

PunjabKesari

ਠੰਡ ਹੋਵੇ ਜਾਂ ਬਰਸਾਤ ਦਾ ਮੌਸਮ, ਬੁਲੰਦ ਰਹਿੰਦੇ ਹਨ ਹੌਂਸਲੇ

ਹਰੇਕ ਸਾਲ ਚਾਹੇ ਸਰਦੀ ਦਾ ਮੌਸਮ ਹੋਵੇ ਜਾਂ ਬਰਸਾਤ ਦੇ ਦਿਨ ਹੋਣ ਬੀ. ਐੱਸ. ਐੱਫ. ਦੇ ਜਵਾਨਾਂ ਦੇ ਹੌਸਲੇ ਹਮੇਸ਼ਾ ਬੁਲੰਦ ਰਹਿੰਦੇ ਹਨ। ਬੇਸ਼ੱਕ ਅਜਿਹੇ ਮੌਸਮਾਂ ’ਚ ਬੀ. ਐੱਸ. ਐੱਫ. ਦੇ ਜਵਾਨਾਂ ਲਈ ਚੁਣੌਤੀਆਂ ਅਤੇ ਮੁਸ਼ਕਲਾਂ ਕਈ ਗੁਣਾ ਵੱਧ ਜਾਂਦੀਆਂ ਹਨ। ਕਈ ਵਾਰ ਬਰਸਾਤ ਦੇ ਮੌਸਮ ਦੌਰਾਨ ਖੜ੍ਹੇ ਪਾਣੀ ’ਚ ਗਸ਼ਤ ਕਰ ਕੇ ਸਰਹੱਦਾਂ ਦੀ ਰਾਖੀ ਕਰਨੀ ਪੈਂਦੀ ਹੈ, ਜਦਕਿ ਸਰਦੀ ਦੇ ਮੌਸਮ ਵਿਚ ਹੱਡ ਚੀਰਵੀਂ ਠੰਢ ’ਚ ਲੰਬੀਆਂ ਡਿਊਟੀਆਂ ਨਿਭਾਉਣੀਆਂ ਪੈਂਦੀਆਂ ਹਨ। ਪਰ ਹਾਲਾਤ ਕਿੰਨੇ ਵੀ ਔਖੇ ਕਿਉਂ ਨਾ ਹੋਣ, ਬੀ. ਐੱਸ. ਐੱਫ. ਦੇ ਜਵਾਨ ਆਪਣੀ ਡਿਊਟੀ ਵਾਲੇ ਇਲਾਕੇ ਨੂੰ ਇਕ ਪਲ ਲਈ ਵੀ ਸੁੰਨਾ ਨਹੀਂ ਛੱਡਦੇ ਅਤੇ ਕਿਸੇ ਵੀ ਹਾਲਤ ਵਿਚ ਨਾ ਤਾਂ ਘੁਸਪੈਠੀਆਂ ਨੂੰ ਦੇਸ਼ ਵਿਚ ਦਾਖਲ ਹੋਣ ਦਾ ਮੌਕਾ ਦਿੰਦੇ ਹਨ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਸਮੱਗਲਿੰਗ ਦੀ ਕੋਸ਼ਿਸ਼ ਨੂੰ ਕਾਮਯਾਬ ਹੋਣ ਦਿੰਦੇ ਹਨ।

ਧੁੰਦ ਦੇ ਦਿਨਾਂ ’ਚ ਵਧ ਜਾਂਦੀਆਂ ਹਨ ਚੁਣੌਤੀਆਂ

ਸਰਦੀ ਦੇ ਮੌਸਮ ’ਚ ਪੈਂਦੀ ਸੰਘਣੀ ਧੁੰਦ ਕਾਰਨ ਦਿੱਸਣਹੱਦ ਬਹੁਤ ਘੱਟ ਰਹਿ ਜਾਂਦੀ ਹੈ, ਜਿਸ ਨਾਲ ਬੀ. ਐੱਸ. ਐੱਫ. ਦੇ ਜਵਾਨਾਂ ਦੀ ਡਿਊਟੀ ਹੋਰ ਵੀ ਸਖ਼ਤ ਅਤੇ ਚੁਣੌਤੀਪੂਰਨ ਹੋ ਜਾਂਦੀ ਹੈ। ਅਜਿਹੀ ਸਥਿਤੀ ਵਿਚ ਇਕ ਪਾਸੇ ਸਰੀਰ ਨੂੰ ਕੜਾਕੇਦਾਰ ਠੰਡ ਤੋਂ ਬਚਾਉਣਾ ਵੱਡੀ ਚੁਣੌਤੀ ਹੁੰਦਾ ਹੈ, ਉੱਥੇ ਹੀ ਦੂਜੇ ਪਾਸੇ ਹਰ ਪਲ ਚੌਕਸ ਰਹਿ ਕੇ ਸਰਹੱਦ ਦੀ ਨਿਗਰਾਨੀ ਕਰਨੀ ਵੀ ਸੌਖੀ ਨਹੀਂ ਹੁੰਦੀ।  ਇਨ੍ਹਾਂ ਸਭ ਮੁਸ਼ਕਲਾਂ ਦੇ ਬਾਵਜੂਦ ਬੀ. ਐੱਸ. ਐੱਫ. ਦੇ ਇਹ ਜਾਂਬਾਜ਼ ਸੂਰਮੇ ਬੁਲੰਦ ਹੌਸਲਿਆਂ ਨਾਲ ਸਰਹੱਦਾਂ ’ਤੇ ਡਟੇ ਰਹਿੰਦੇ ਹਨ। ਉਨ੍ਹਾਂ ਲਈ ਨਵਾਂ ਸਾਲ, ਦੀਵਾਲੀ ਜਾਂ ਹੋਰ ਕੋਈ ਵੀ ਤਿਉਹਾਰ ਆਪਣੀ ਡਿਊਟੀ ਨੂੰ ਇਮਾਨਦਾਰੀ ਨਾਲ ਨਿਭਾਉਣ ਦੇ ਰੂਪ ਵਿਚ ਹੀ ਮਨਾਇਆ ਜਾਂਦਾ ਹੈ।

ਕੀ ਕਹਿਣਾ ਹੈ ਬੀ. ਐੱਸ. ਐੱਫ. ਦੇ ਡੀ.ਆਈ.ਜੀ. ਦਾ?

ਇਸ ਸਬੰਧ ’ਚ ਬੀ. ਐੱਸ. ਐੱਫ. ਦੇ ਡੀ. ਆਈ.ਜੀ. ਜੇ.ਕੇ. ਵਿਰਦੀ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਨੇ ਸਮੁੱਚੇ ਦੇਸ਼ ਵਾਸੀਆਂ ਅਤੇ ਬੀ. ਐੱਸ. ਐੱਫ. ਦੇ ਜਵਾਨਾਂ ਨੂੰ ਨਵੇਂ ਸਾਲ ਦੀਆਂ ਦਿਲੋਂ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਉਹ ਪ੍ਰਮਾਤਮਾ ਦੇ ਚਰਨਾਂ ’ਚ ਅਰਦਾਸ ਕਰਦੇ ਹਨ ਕਿ ਆਉਣ ਵਾਲਾ ਨਵਾਂ ਸਾਲ ਦੇਸ਼ ਵਾਸੀਆਂ ਲਈ ਖੁਸ਼ੀਆਂ, ਖੇੜਿਆਂ ਅਤੇ ਤਰੱਕੀ ਭਰਿਆ ਸਾਬਤ ਹੋਵੇ ਅਤੇ ਦੇਸ਼ ਅਮਨ-ਸ਼ਾਂਤੀ ਦੇ ਮਾਹੌਲ ਵਿਚ ਅੱਗੇ ਵਧੇ। ਡੀ.ਆਈ. ਜੀ. ਵਿਰਦੀ ਨੇ ਜ਼ੋਰ ਦੇ ਕੇ ਕਿਹਾ ਕਿ ਬੀ. ਐੱਸ. ਐੱਫ. ਹਰ ਸਮੇਂ ਦੇਸ਼ ਵਾਸੀਆਂ ਦੀ ਸੁਰੱਖਿਆ ਲਈ ਵਚਨਬੱਧ ਹੈ ਅਤੇ ਭਵਿੱਖ ਵਿਚ ਵੀ ਹਰ ਤਰ੍ਹਾਂ ਦੀ ਸਥਿਤੀ ਵਿਚ ਆਪਣੀ ਡਿਊਟੀ ਪੂਰੀ ਤਨਦਿਹੀ ਅਤੇ ਜ਼ਿੰਮੇਵਾਰੀ ਨਾਲ ਨਿਭਾਉਂਦੀ ਰਹੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News