ਨਸ਼ੇ ਦੇ ਦੈਂਤ ਨੇ ਲਈ ਇਕ ਹੋਰ ਨੌਜਵਾਨ ਦੀ ਜਾਨ

07/19/2019 8:21:15 PM

ਖਾਲੜਾ, ਭਿੱਖੀਵਿੰਡ, (ਜ.ਬ.)— ਨਸ਼ਿਆਂ ਕਾਰਨ ਪੰਜਾਬ ਅੰਦਰ ਨੌਜਵਾਨਾਂ ਦੀਆਂ ਹੋ ਰਹੀਆਂ ਲਗਾਤਾਰ ਮੌਤਾਂ ਦੀ ਲਿਸਟ 'ਚ ਸ਼ੁਕੱਰਵਾਰ ਇਕ ਹੋਰ ਨੌਜਵਾਨ ਦਾ ਨਾਂ ਜੁੜ ਗਿਆ ਹੈ। ਸਰਹੱਦੀ ਪਿੰਡ ਡੱਲ ਨਿਵਾਸੀ ਇਕ 30 ਸਾਲਾਂ ਨੌਜਵਾਨ ਦੀ ਨਸ਼ੇ ਵਾਲਾ ਟੀਕਾ ਲਾਉਣ ਨਾਲ ਮੌਤ ਹੋ ਜਾਣ ਦੀ ਦੁਖਦਾਈ ਖਬਰ ਪ੍ਰਾਪਤ ਹੋਈ ਹੈ।
ਜਾਣਕਾਰੀ ਅਨੁਸਾਰ ਗੁਰਪ੍ਰਤਾਪ ਸਿੰਘ ਪੁੱਤਰ ਮੁਖਤਾਰ ਸਿੰਘ ਸ਼ੁਕੱਰਵਾਰ ਸਵੇਰੇ ਘਰੋਂ ਕਿਸੇ ਕੰਮ ਭਿੱਖੀਵਿੰਡ ਵਿਖੇ ਗਿਆ ਸੀ। ਇਸ ਬਾਰੇ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਛੋਟੇ ਭਰਾ ਗੁਰਸਾਹਿਬ ਸਿੰਘ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਕਿ ਉਨ੍ਹਾਂ ਦਾ ਲੜਕਾ ਪਹੂਵਿੰਡ ਨੇੜੇ ਸੂਏ ਕੋਲ ਬੇਹੋਸ਼ ਪਿਆ ਹੈ। ਜਦੋਂ ਉਨ੍ਹਾਂ ਉਥੇ ਜਾ ਕੇ ਦੇਖਿਆ ਤਾਂ ਗੁਰਪ੍ਰਤਾਪ ਸਿੰਘ ਬੇਹੋਸ਼ੀ ਦੀ ਹਾਲਤ ਵਿਚ ਧਰਤੀ 'ਤੇ ਡਿੱਗਾ ਹੋਇਆ ਸੀ। ਜਿਸ ਨੂੰ ਚੁੱਕ ਕੇ ਉਨ੍ਹਾਂ ਇਲਾਜ ਲਈ ਭਿੱਖੀਵਿੰਡ ਦੇ ਹਸਪਤਾਲ ਵਿਖੇ ਲੈ ਕਿ ਗਏ, ਪਰ ਉਸ ਦੀ ਰਸਤੇ ਵਿਚ ਹੀ ਮੌਤ ਹੋ ਚੁੱਕੀ ਸੀ। ਜਿਸ ਨੂੰ ਹਸਪਤਾਲ ਵਿਖੇ ਪੁੱਜਣ 'ਤੇ ਡਾਕਟਰਾਂ ਨੇ ਮ੍ਰਿਤਕ ਕਰਾਰ ਦੇ ਦਿੱਤਾ। ਪਰਿਵਾਰ ਵੱਲੋਂ ਮ੍ਰਿਤਕ ਨੌਜਵਾਨ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਜਿਥੇ ਮ੍ਰਿਤਕ ਦੀ ਮਾਤਾ ਸਵਰਨ ਕੌਰ ਤੇ ਪਿਤਾ ਮੁਖਤਾਰ ਸਿੰਘ ਆਪਣੇ ਪੁੱਤਰ ਦੀ ਮੌਤ ਲਈ ਸ਼ਰੇਆਮ ਵਿੱਕ ਰਹੇ ਚਿੱਟੇ ਨੂੰ ਦੋਸ਼ੀ ਮੰਨ ਰਹੇ ਹਨ, ਉੱਥੇ ਹੀ ਪੁਲਸ ਦਾ ਕਹਿਣਾ ਸੀ ਕਿ ਇਸ ਬਾਰੇ ਸਾਡੇ ਕੋਲ ਪਰਿਵਾਰ ਵੱਲੋਂ ਲਿਖਤੀ ਸ਼ਿਕਾਇਤ ਨਹੀਂ ਪੁੱਜੀ, ਹੋ ਸਕਦਾ ਹੈ ਕਿ ਉਸ ਦੀ ਮੌਤ ਦਾ ਕਾਰਣ ਸੱਟ ਲੱਗਣ ਜਾਂ ਮੋਟਰਸਾਈਕਲ ਤੋਂ ਡਿੱਗਣ ਦਾ ਵੀ ਹੋ ਸਕਦਾ ਹੈ। ਮ੍ਰਿਤਕ ਆਪਣੇ ਪਿੱਛੇ ਇਕ ਵਿਧਵਾਂ ਪਤਨੀ ਅਤੇ ਦੋ ਛੋਟੇ ਬੱਚਿਆਂ ਨੂੰ ਛੱਡ ਗਿਆ ਹੈ।


KamalJeet Singh

Content Editor

Related News