ਪੰਜਾਬ ਸਰਕਾਰ ਵਿਚ ਬੈਠੀਆਂ ‘ਕਾਲੀਆਂ ਭੇਡਾਂ’ ਸੁਰੱਖਿਆ ਏਜੰਸੀਆਂ ਦੇ ਰਾਡਾਰ ’ਤੇ

Friday, Oct 28, 2022 - 12:15 PM (IST)

ਪੰਜਾਬ ਸਰਕਾਰ ਵਿਚ ਬੈਠੀਆਂ ‘ਕਾਲੀਆਂ ਭੇਡਾਂ’ ਸੁਰੱਖਿਆ ਏਜੰਸੀਆਂ ਦੇ ਰਾਡਾਰ ’ਤੇ

ਅੰਮ੍ਰਿਤਸਰ (ਸੰਜੀਵ) - ਪੰਜਾਬ ਸਰਕਾਰ ਵਿਚ ਬੈਠੀਆਂ ‘ਕਾਲੀਆਂ ਭੇਡਾਂ’ ਪੂਰੀ ਤਰ੍ਹਾਂ ਸੁਰੱਖਿਆ ਏਜੰਸੀਆਂ ਦੇ ਰਾਡਾਰ ’ਤੇ ਹਨ। ਇਕ ਪਾਸੇ ਜਿੱਥੇ ਸੂਬੇ ਦਾ ਵਿਜੀਲੈਂਸ ਵਿਭਾਗ ਉਨ੍ਹਾਂ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰ ਰਿਹਾ ਹੈ, ਉਥੇ ਹੀ ਪੰਜਾਬ ਦੀਆਂ ਸੁਰੱਖਿਆ ਏਜੰਸੀਆਂ ਨਸ਼ਾ ਸਮੱਗਲਿੰਗ ਦੇ ਮਾਮਲਿਆਂ ਵਿਚ ਚੌਕਸ ਹਨ। ਪਿਛਲੇ 6 ਮਹੀਨਿਆਂ ਦੌਰਾਨ ਵਿਜੀਲੈਂਸ ਵਿਭਾਗ, ਸੁਰੱਖਿਆ ਏਜੰਸੀਆਂ ਅਤੇ ਸਥਾਨਕ ਪੁਲਸ ਨੇ ‘ਕਾਲੀਆਂ ਭੇਡਾਂ’ ਦੇ ਅਜਿਹੇ ਕਈ ਨੈਟਵਰਕਾਂ ਨੂੰ ਤੋੜਿਆ ਹੈ, ਜਿੱਥੇ ਉਹ ਸਰਕਾਰੀ ਸੀਟਾਂ ’ਤੇ ਬੈਠ ਕੇ ਨਾ ਸਿਰਫ਼ ਨਿੱਜੀ ਲਾਭ ਉਠਾ ਰਹੀਆਂ ਸਨ, ਸਗੋਂ ਸੂਬੇ ਦੀ ਸੁਰੱਖਿਆ ਲਈ ਖ਼ਤਰਾ ਪੈਦਾ ਕਰ ਰਹੀਆਂ ਸਨ। ਐੈੱਫ. ਆਈ. ਆਰ. ਤੋਂ ਬਾਅਦ ਸਿਹਤ ਵਿਭਾਗ ਨੇ ਡਾ. ਦਵਿੰਦਰ ਸਿੰਘ ’ਤੇ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ। 

ਪੜ੍ਹੋ ਇਹ ਵੀ ਖ਼ਬਰ : ਗੁਰੂ ਨਗਰੀ ਅੰਮ੍ਰਿਤਸਰ ’ਚੋਂ ਮੁੜ ਵਾਇਰਲ ਹੋਈ ਨਸ਼ੇ 'ਚ ਧੁੱਤ ਨੌਜਵਾਨ ਦੀ ਵੀਡੀਓ

ਕੇਂਦਰੀ ਜੇਲ੍ਹ ਵਿਚ ਤਾਇਨਾਤ ਡਾ. ਦਵਿੰਦਰ ਸਿੰਘ ਦੀ ਗ੍ਰਿਫ਼ਤਾਰੀ ਮਗਰੋਂ ਸਿਹਤ ਵਿਭਾਗ ਵਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਕ ਪਾਸੇ ਜਿੱਥੇ ਵਿਭਾਗ ਹੁਣ ਡਾ. ਦਵਿੰਦਰ ਸਿੰਘ ਨੂੰ ਮੁਅੱਤਲ ਕਰਨ ਦੀਆਂ ਹਦਾਇਤਾਂ ਜਾਰੀ ਕਰੇਗਾ, ਉਥੇ ਹੀ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿਚ 2021 ਦੌਰਾਨ ਡਾ. ਦਵਿੰਦਰ ਦੀ ਤਾਇਨਾਤੀ ਪਿੱਛੇ ਪਈਆਂ ਸਿਫਾਰਸ਼ਾਂ ਦੀ ਜਾਂਚ ਕੀਤੀ ਜਾਵੇਗੀ। ਕੇਂਦਰੀ ਜੇਲ੍ਹ ਦੇ ਮੈਡੀਕਲ ਅਫ਼ਸਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਸਿਹਤ ਵਿਭਾਗ ਵਿਚ ਤਾਇਨਾਤੀ ਦੀ ਦੌੜ ਸ਼ੁਰੂ ਹੋ ਗਈ ਹੈ। ਪਤਾ ਲੱਗਾ ਹੈ ਕਿ ਕੇਂਦਰੀ ਜੇਲ੍ਹ ਵਿਚ ਡਾਕਟਰ ਦੀ ਸੀਟ ਬਹੁਤ ਅਹਿਮ ਮੰਨੀ ਜਾਂਦੀ ਹੈ। ਇਸ ਲਈ ਕਈ ਡਾਕਟਰਾਂ ਨੇ ਆਪਣੇ ਅਕਾਵਾਂ ਤੱਕ ਪਹੁੰਚ ਕਰਨੀ ਸ਼ੁਰੂ ਕਰ ਦਿੱਤੀ ਹੈ।

ਪੜ੍ਹੋ ਇਹ ਵੀ ਖ਼ਬਰ : ਗੁਰਦਾਸਪੁਰ ’ਚ ਵਾਪਰਿਆ ਭਿਆਨਕ ਹਾਦਸਾ, ਕਾਰ ਸਵਾਰ 5 ਨੌਜਵਾਨਾਂ ’ਚੋਂ 2 ਦੀ ਮੌਤ, ਕਾਰ ਦੇ ਉੱਡੇ ਪਰਖੱਚੇ

ਫਿਲਹਾਲ ਇਕ ਡਾਕਟਰ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਜੇਲ੍ਹਾਂ ਵਿਚ ਲੱਗੇ ਮੈਡੀਕਲ ਅਫ਼ਸਰ ਕਈ ਸਾਲ ਉਥੇ ਬਿਤਾਉਂਦੇ ਹਨ। ਰੋਟੇਸ਼ਨ ਪੂਰਾ ਹੋਣ ਦੇ ਬਾਵਜੂਦ ਜੇਲ੍ਹ ਵਿਚ ਬੈਠੇ ਮੈਡੀਕਲ ਅਫ਼ਸਰਾਂ ਦੇ ਹੱਥ ਇੰਨੇ ਲੰਬੇ ਹੋ ਗਏ ਹਨ ਕਿ ਉਨ੍ਹਾਂ ਦੀਆਂ ਬਦਲੀਆਂ ਕਰਨਾ ਵਿਭਾਗ ਲਈ ਔਖਾ ਕੰਮ ਬਣ ਗਿਆ ਹੈ। ਆਉਣ ਵਾਲੇ ਦਿਨਾਂ ਵਿਚ ਦੇਖਣਾ ਇਹ ਹੋਵੇਗਾ ਕਿ ਪੰਜਾਬ ਸਰਕਾਰ ਵਲੋਂ ਡਾ. ਦਵਿੰਦਰ ਸਿੰਘ ਦੀ ਸੀਟ ’ਤੇ ਕਿਸ ਨੂੰ ਤਾਇਨਾਤ ਕੀਤਾ ਜਾਵੇਗਾ। ਸੁਰੱਖਿਆ ਏਜੰਸੀਆਂ ਹੁਣ ਸਮੱਗਲਰਾਂ ਅਤੇ ਡਾ. ਦਵਿੰਦਰ ਵਿਚਾਲੇ ਨੈਟਵਰਕ ਦਾ ਪਤਾ ਲਗਾਉਣ ਜਾ ਰਹੀਆਂ ਹਨ। ਇਹ ਜਲਦੀ ਸਾਹਮਣੇ ਆ ਜਾਵੇਗਾ ਕਿ ਡਾ. ਦਵਿੰਦਰ ਸਿੰਘ ਹੈਰੋਇਨ ਕਿੱਥੋਂ ਲੈ ਰਿਹਾ ਸੀ ਅਤੇ ਕਿਹੜੇ ਸਮੱਗਲਰਾਂ ਨਾਲ ਜੇਲ੍ਹ ਵਿੱਚ ਆਪਣਾ ਨੈਟਵਰਕ ਕਾਇਮ ਕਰ ਰਿਹਾ ਸੀ।

ਪੜ੍ਹੋ ਇਹ ਵੀ ਖ਼ਬਰ : ਪਰਿਵਾਰ ਲਈ ਆਈ 'ਕਾਲੀ ਦੀਵਾਲੀ', ਧੀ ਨੇ ਸਹੁਰੇ ਘਰ ਲਿਆ ਫਾਹਾ, 2 ਸਾਲ ਪਹਿਲਾਂ ਹੋਇਆ ਸੀ ਵਿਆਹ

ਡਾ. ਦਵਿੰਦਰ ਦੀ ਜਾਇਦਾਦ ਦਾ ਵੀ ਹੋ ਸਕਦੈ ਖੁਲਾਸਾ
ਸੁਰੱਖਿਆ ਏਜੰਸੀਆਂ ਡਾ. ਦਵਿੰਦਰ ਸਿੰਘ ਦੀ ਚੱਲ-ਅਚੱਲ ਜਾਇਦਾਦ ਦਾ ਵੀ ਖੁਲਾਸਾ ਕਰ ਸਕਦੀਆਂ ਹਨ। ਕੇਂਦਰੀ ਜੇਲ੍ਹ ਵਿਚ ਹੈਰੋਇਨ ਸਪਲਾਈ ਕਰ ਕੇ ਕਾਲੇ ਧਨ ਤੋਂ ਬਣਾਈ ਗਈ ਜਾਇਦਾਦ ਨੂੰ ਵੀ ਸਰਕਾਰ ਸੀਲ ਕਰ ਸਕਦੀ ਹੈ। ਇਹ ਸੰਕੇਤ ਸੁਰੱਖਿਆ ਏਜੰਸੀਆਂ ਨੇ ਦਿੱਤੇ ਹਨ।

ਡਾ. ਦਵਿੰਦਰ ਦਾ ਸਾਥੀ ਜਲਦ ਹੋ ਸਕਦੈ ਗ੍ਰਿਫ਼ਤਾਰ
ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਤੋਂ ਗ੍ਰਿਫ਼ਤਾਰ ਕੀਤੇ ਗਏ ਡਾ. ਦਵਿੰਦਰ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੇ ਉਸ ਦੇ ਸਾਥੀ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਬਹੁਤ ਜਲਦ ਪੁਲਸ ਉਸ ਦੇ ਸਾਥੀ ਨੂੰ ਗ੍ਰਿਫ਼ਤਾਰ ਕਰਨ ਜਾ ਰਹੀ ਹੈ ਅਤੇ ਇਹ ਖੁਲਾਸਾ ਕਰਨ ਜਾ ਰਹੀ ਹੈ ਕਿ ਡਾ. ਦਵਿੰਦਰ ਸਿੰਘ ਜੇਲ੍ਹ ਵਿਚ ਬੰਦ ਕੈਦੀਆਂ ਨੂੰ ਹੈਰੋਇਨ ਦੀਆਂ ਪੁੜੀਆਂ ਕਿੰਨੇ ਸਮੇਂ ਤੋਂ ਪਹੁੰਚਾ ਰਿਹਾ ਸੀ। ਪੁਲਸ ਡਾ. ਦਵਿੰਦਰ ਤੋਂ ਡੂੰਘਾਈ ਨਾਲ ਪੁੱਛਗਿੱਛ ਕਰ ਰਹੀ ਹੈ। ਉਸ ਕੋਲੋਂ ਪੁੱਛਗਿੱਛ ਦੌਰਾਨ ਹੋਰ ਬਰਾਮਦਗੀ ਹੋਣ ਦੀ ਸੰਭਾਵਨਾ ਹੈ।


author

rajwinder kaur

Content Editor

Related News