ਬਿਕਰਮ ਸਿੰਘ ਮਜੀਠੀਆ ਵੱਲੋਂ ਅੰਮ੍ਰਿਤਸਰ ਪੂਰਬੀ ਦੇ ਲੋਕਾਂ ਨੂੰ ਬਦਲਾਅ, ਵਿਕਾਸ ਤੇ ਆਸ ਲਈ ਵੋਟਾਂ ਪਾਉਣ ਦਾ ਸੱਦਾ
Friday, Feb 18, 2022 - 10:30 PM (IST)

ਅੰਮ੍ਰਿਤਸਰ-ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਅੰਮ੍ਰਿਤਸਰ ਪੂਰਬੀ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹਲਕੇ 'ਚ ਬਦਲਾਅ, ਵਿਕਾਸ ਤੇ ਆਸ ਲਈ ਵੋਟਾਂ ਦੇਣ ਅਤੇ ਲੋਕ ਵਿਰੋਧੀ, ਵਿਕਾਸ ਵਿਰੋਧੀ, ਜਾਤੀ ਆਧਾਰਿਤ ਫਿਰਕੂ ਸੋਚ ਰੱਖਣ ਵਾਲੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਜਿਸ ਨੇ 18 ਸਾਲਾਂ 'ਚ ਹਲਕੇ ਲਈ ਕੱਖ ਨਹੀਂ ਕੀਤਾ, ਤੋਂ ਖਹਿੜਾ ਛੁਡਾਉਣ ਦੇ ਸੁਨਹਿਰੀ ਮੌਕੇ ਦਾ ਲਾਭ ਲੈਣ। ਅੱਜ ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮੌਜੂਦਾ ਚੋਣ ਜੰਗ ਅੰਮ੍ਰਿਤਸਰ ਹਲਕੇ ਦੇ ਲੋਕਾਂ ਦਾ ਮਾਣ ਸਨਮਾਨ ਤੇ ਸਤਿਕਾਰ ਦੀ ਲਡਾਈ ਹੈ। ਇਹ ਹਲਕੇ ਦੇ ਵਿਕਾਸ ਦੀ ਲੜਾਈ ਹੈ।
ਇਹ ਵੀ ਪੜ੍ਹੋ : ਬੀਤ ਹਲਕੇ 'ਚ ਬਣਾਇਆ ਜਾਵੇਗਾ ਫੂਡ ਪ੍ਰੋਸੈਸਿੰਗ ਸੈਂਟਰ : ਨਿਮਿਸ਼ਾ ਮਹਿਤਾ
ਉਨ੍ਹਾਂ ਕਿਹਾ ਕਿ ਸਾਨੂੰ ਜਾਤੀ ਆਧਾਰਿਤ ਸੋਚ ਤੇ ਫਿਰਕੂ ਲੀਹਾਂ ਤੋਂ ਉਪਰ ਉਠਕੇ ਸੁਨਹਿਰੀ ਮੌਕੇ ਦਾ ਲਾਭ ਲੈਂਦਿਆਂ ਹਲਕੇ ਦੀ ਕਿਸਮਤ ਬਦਲਣ ਵਾਸਤੇ ਅਕਾਲੀ ਦਲ ਨੂੰ ਵੋਟਾਂ ਪਾਉਣੀਆਂ ਚਾਹੀਦੀਆਂ ਹਨ। ਅਕਾਲੀ ਆਗੂ ਨੇ ਹਲਕੇ ਲਈ ਆਪਣੇ ਏਜੰਡਾ ਸਪਸ਼ਟ ਦੱਸਦਿਆਂ ਜ਼ੋਰ ਦੇ ਕੇ ਕਿਹਾ ਕਿ ਉਹ ਠੋਸ ਤਬਦੀਲੀ ਲਿਆਉਣਗੇ ਨਾ ਕਿ ਨਵਜੋਤ ਸਿੱਧੂ ਵਾਂਗੂ ਕਰਨਗੇ ਜੋ ਪੰਜਾਬ ਮਾਡਲ ਦੀਆਂ ਗੱਲਾਂ ਮਾਰਦਾ ਹੈ। ਆਪਣੇ ਹਲਕੇ ਲਈ ਕੱਖ ਨਹੀਂ ਕੀਤਾ ਤੇ ਇਹ ਸੂਬੇ ਦਾ ਸਭ ਤੋਂ ਅਣਗੌਲਿਆ ਤੇ ਪਛੜਿਆ ਹਲਕਾ ਬਣਿਆ ਹੋਇਆ ਹੈ। ਇਸ ਮੌਕੇ ਅਕਾਲੀ ਦਲ ਦੇ ਉਮੀਦਵਾਰ ਦੀ ਫੋਕਲ ਪੁਆਇੰਟ ਮਜ਼ਦੂਰ ਭਾਈਚਾਰੇ ਤੇ ਪ੍ਰਵਾਸੀ ਮਜ਼ਦੂਰ ਸੰਗਠਨਾਂ ਨੇ ਹਮਾਇਤ ਕਰਨ ਦਾ ਐਲਾਨ ਕੀਤਾ। ਦੋਹਾਂ ਸੰਗਠਨਾਂ ਨੇ ਕਾਂਗਰਸ ਪਾਰਟੀ ਵੱਲੋਂ ਪ੍ਰਵਾਸੀ ਭਾਈਚਾਰੇ ਦਾ ਅਪਮਾਨ ਕਰਨ ਦੀ ਜ਼ੋਰਦਾਰ ਨਿਖੇਧੀ ਕੀਤੀ ਤੇ ਡੱਟ ਕੇ ਅਕਾਲੀ ਦਲ ਲਈ ਵੋਟਾਂ ਪਾਉਣ ਦਾ ਐਲਾਨ ਕੀਤਾ।
ਇਹ ਵੀ ਪੜ੍ਹੋ : 12 ਸਾਲਾ ਮਾਸੂਮ ਨਾਲ ਜਬਰ-ਜ਼ਿਨਾਹ ਦਾ ਮਾਮਲਾ, ਅਦਾਲਤ ਨੇ ਦੋਸ਼ੀਆਂ ਨੂੰ ਸੁਣਾਈ ਫਾਂਸੀ ਦੀ ਸਜ਼ਾ
ਆਪਣੇ ਲੋਕ ਪੱਖੀ ਏਜੰਡੇ ਦੇ ਵੇਰਵੇ ਸਾਂਝੇ ਕਰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਹਲਕੇ ਦੀਆਂ ਸਾਰੀਆਂ ਸੜਕਾਂ ਦੀ ਰਿਪੇਅਰ ਕੀਤੀ ਜਾਵੇਗੀ ਅਤੇ ਇਹ ਨਵੇਂ ਸਿਰੇ ਤੋਂ ਬਣਾਈਆਂ ਜਾਣਗੀਆਂ ਤੇ ਨਾਲ ਹੀ ਫੁੱਟਪਾਥ ਵੀ ਬਣਾਏ ਜਾਣਗੇ। ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਲੋਕਾਂ ਲਈ ਸਾਫ ਸੁਥਰਾ ਪੀਣ ਵਾਲਾ ਪਾਣੀ, ਐੱਲ.ਈ.ਡੀ. ਸਟ੍ਰੀਟ ਲਾਈਟਾਂ ਤੇ ਸੀਵਰੇਜ ਸਹੂਲਤਾਂ ਸਾਰੇ ਹਲਕੇ ਵਿਚ ਦੇਣ ਵਾਸਤੇ ਇਕ ਵਿਆਪਕ ਪ੍ਰਾਜੈਕਟ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਹਾਈ ਟੈਨਸ਼ਨ ਵਾਲੀਆਂ ਬਿਜਲੀ ਤਾਰਾਂ ਭੀੜ ਭੜੱਕੇ ਵਾਲੇ ਇਲਾਕਿਆਂ 'ਚੋਂ ਹਟਾਈਆਂ ਜਾਣਗੀਆਂ ਤੇ ਜ਼ਮੀਨਦੋਜ਼ ਤਾਰਾਂ ਵਿਛਾਈਆਂ ਜਾਣਗੀਆਂ। ਮਜੀਠੀਆ ਨੇ ਕਿਹਾ ਕਿ ਮੈਂ ਇਸ ਹਲਕੇ 'ਚ ਪਾਰਕਾਂ, ਖੇਡਣ ਵਾਲੇ ਮੈਦਾਨ ਅਤੇ ਘੱਟ ਤੋਂ ਘੱਟ ਹਲਕੇ ਵਿਚ ਤਿੰਨ ਖੇਡ ਹਬ ਬਣਾਉਣ ਲਈ ਵਚਨਬੱਧ ਹਾਂ।
ਇਹ ਵੀ ਪੜ੍ਹੋ : ਕੈਪਟਨ ਨੇ ਕੱਢਿਆ ਰੋਡ ਸ਼ੋਅ, ਰਾਜਨਾਥ ਸਿੰਘ ਸਮੇਤ ਕਈ ਦਿੱਗਜ ਨੇਤਾਵਾਂ ਨੇ ਲਿਆ ਹਿੱਸਾ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।