ਗੁ. ਸ਼ਹੀਦਗੰਜ ਸਾਹਿਬ ਵਿਖੇ ਫੁੱਲਾਂ ਨਾਲ ਕੀਤੀ ਸੁੰਦਰ ਸਜਾਵਟ ਨੇ ਸੰਗਤਾਂ ਦਾ ਮਨ ਮੋਹਿਆ
Saturday, Jan 24, 2026 - 10:55 PM (IST)
ਅੰਮ੍ਰਿਤਸਰ (ਛੀਨਾ) - ਸਿੱਖ ਕੌਮ ਦੇ ਮਹਾਨ ਸ਼ਹੀਦ ਧੰਨ-ਧੰਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਖ-ਵੱਖ ਧਾਰਮਿਕ ਸਭਾ ਸੋਸਾਇਟੀਆਂ ਤੇ ਸੰਗਤਾਂ ਦੇ ਸਹਿਯੋਗ ਸਦਕਾ 27 ਜਨਵਰੀ ਨੂੰ ਮਨਾਇਆ ਜਾ ਰਿਹਾ ਹੈ, ਜਿਸ ਨੂੰ ਲੈ ਕੇ ਗੁ. ਸ਼ਹੀਦਗੰਜ ਸਾਹਿਬ ਵਿਖੇ ਸਭ ਤਿਆਰੀਆਂ ਬੜੀ ਹੀ ਸ਼ਰਧਾ ਤੇ ਉਤਸ਼ਾਹ ਨਾਲ ਕੀਤੀਆਂ ਜਾ ਰਹੀਆਂ ਹਨ।
ਇਸ ਸਬੰਧ ’ਚ ਗੁ. ਸ਼ਹੀਦਗੰਜ ਸਾਹਿਬ ਵਿਖੇ ਫੁੱਲਾਂ ਨਾਲ ਸੁੰਦਰ ਸਜਾਵਟ ਕਰਨ ਸਮੇਤ ਰੌਸ਼ਨੀ ਦੀਆਂ ਲੜੀਆਂ ਵੀ ਲਾਈਆਂ ਜਾ ਰਹੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਸੰਗਤਾਂ ਦੇ ਚਿਹਰੇ ਖੁਸ਼ੀ ਨਾਲ ਖਿੜ ਰਹੇ ਹਨ। ਗੁ. ਸ਼ਹੀਦਗੰਜ ਸਾਹਿਬ ਦੇ ਮੈਨੇਜਰ ਜਤਿੰਦਰਪਾਲ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਧੰਨ-ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਸਬੰਧ ’ਚ 25 ਜਨਵਰੀ ਨੂੰ ਅੱਜ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਕੀਤੇ ਜਾਣਗੇ, ਜਿਨ੍ਹਾਂ ਦੇ 27 ਨੂੰ ਭੋਗ ਪੈਣਗੇ। ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ’ਚ ਵਿਸ਼ਾਲ ਦੀਵਾਨ ਸਜਾਇਆ ਜਾਵੇਗਾ, ਜਿਸ ਵਿਚ ਸੰਤ ਮਹਾਪੁਰਸ਼, ਪੰਥ ਪ੍ਰਸਿੱਧ ਰਾਗੀ, ਢਾਡੀ, ਕਵੀਸ਼ਰੀ ਜਥੇ ਤੇ ਕਥਾਵਾਚਕ ਸੰਗਤਾਂ ਨੂੰ ਗੁਰਬਾਣੀ ਜਸ ਸੁਣਾ ਕੇ ਨਿਹਾਲ ਕਰਨਗੇ।
ਉਨ੍ਹਾਂ ਕਿਹਾ ਕਿ ਇਸ ਪਵਿੱਤਰ ਦਿਹਾੜੇ ’ਤੇ ਦੇਸ਼-ਵਿਦੇਸ਼ ਤੋਂ ਵੱਡੀ ਤਾਦਾਦ ’ਚ ਪਹੁੰਚਣ ਵਾਲੀਆਂ ਸੰਗਤਾਂ ਦੀ ਆਮਦ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀਆ ਦਿਸ਼ਾ-ਨਿਰਦੇਸ਼ਾਂ ਤਹਿਤ ਸਭ ਪ੍ਰਬੰਧ ਬੇਹੱਦ ਸੁਚੱਜੇ ਢੰਗ ਨਾਲ ਮੁਕੰਮਲ ਕਰ ਲਏ ਗਏ ਹਨ। ਮੈਨੇਜਰ ਜਤਿੰਦਰਪਾਲ ਸਿੰਘ ਨੇ ਸੰਗਤਾਂ ਨੂੰ ਅਪੀਲ ਕਰਦਿਆਂ ਆਖਿਆ ਕਿ ਗੁ. ਸ਼ਹੀਦਗੰਜ ਸਾਹਿਬ ਦੀ ਹਦੂਦ ’ਚ ਕੇਕ ਨਾ ਕੱਟਿਆ ਜਾਵੇ, ਇਹ ਮਰਿਯਾਦਾ ਦੇ ਬਿਲਕੁਲ ਉਲਟ ਹੈ। ਮੈਨੇਜਰ ਜਤਿੰਦਰਪਾਲ ਸਿੰਘ ਨੇ ਕਿਹਾ ਕਿ 27 ਜਨਵਰੀ ਨੂੰ ਗੁ. ਸ਼ਹੀਦਗੰਜ ਸਾਹਿਬ ਵਿਖੇ ਸਵੇਰੇ 9 ਵਜੇ ਅੰਮ੍ਰਿਤ ਸੰਚਾਰ ਵੀ ਹੋਵੇਗਾ। ਸੰਗਤਾਂ ਨੂੰ ਖੰਡੇ ਬਾਟੇ ਦੀ ਪਾਹੁਲ ਛਕ ਕੇ ਗੁਰੂ ਵਾਲੇ ਬਣਨਾ ਚਾਹੀਦਾ ਹੈ।
ਇਸ ਸਮੇਂ ਜਗਜੀਤ ਸਿੰਘ ਜੱਗੀ, ਤਰਵਿੰਦਰ ਸਿੰਘ ਮੋਨੂੰ, ਬਲਦੇਵ ਸਿੰਘ ਧੁੰਨ, ਅਰਵਿੰਦਰ ਸਿੰਘ ਰਾਣਾ, ਬਲਜੀਤ ਸਿੰਘ ਚਾਟੀਵਿੰਡ (ਸਾਰੇ) ਇੰਚਾਰਜ, ਸੇਵਕ ਜਥਾ ਇਸ਼ਨਾਨ ਦੇ ਮੁੱਖ ਸੇਵਾਦਾਰ ਬਲਵਿੰਦਰ ਸਿੰਘ ਰਾਜੋਕੇ, ਸੇਵਕ ਜਥਾ ਕੜਾਹ ਪ੍ਰਸ਼ਾਦ ਦੇ ਸਰਪ੍ਰਸਤ ਜਗਜੀਤ ਸਿੰਘ ਖਾਲਸਾ, ਪ੍ਰਧਾਨ ਸਤਿੰਦਰਪਾਲ ਸਿੰਘ ਜੋਨੀ, ਸੁਖਦੇਵ ਸਿੰਘ ਵੇਰਕਾ ਤੇ ਹੋਰ ਵੀ ਸ਼ਖਸੀਅਤਾਂ ਹਾਜ਼ਰ ਸਨ।
